ਸਮੁੰਦਰ ''ਚ ਵਧਿਆ ਟਕਰਾਅ ਦਾ ਖ਼ਤਰਾ; ਹੁਣ ਜੰਗੀ ਜਹਾਜ਼ ਕਰਨਗੇ ਰੂਸੀ ਤੇਲ ਟੈਂਕਰਾਂ ਦੀ ਰਾਖੀ
Thursday, Mar 26, 2026 - 05:50 PM (IST)
ਮਾਸਕੋ/ਲੰਡਨ (ਭਾਸ਼ਾ): ਪੱਛਮੀ ਦੇਸ਼ਾਂ ਅਤੇ ਰੂਸ ਵਿਚਕਾਰ ਜਾਰੀ ਤਣਾਅ ਹੁਣ ਸਮੁੰਦਰੀ ਮਾਰਗਾਂ 'ਤੇ ਵੀ ਭਾਰੂ ਹੁੰਦਾ ਜਾ ਰਿਹਾ ਹੈ। ਰੂਸ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਮਾਲਵਾਹਕ ਜਹਾਜ਼ਾਂ ਨੂੰ ਨੌਸੈਨਿਕ ਸੁਰੱਖਿਆ ਮੁਹੱਈਆ ਕਰਵਾਏਗਾ, ਕਿਉਂਕਿ ਪੱਛਮੀ ਦੇਸ਼ਾਂ ਦੀਆਂ ਜਲ ਸੈਨਾਵਾਂ ਵੱਲੋਂ ਰੂਸੀ ਜਹਾਜ਼ਾਂ ਨੂੰ ਰੋਕਣ ਅਤੇ ਉਨ੍ਹਾਂ ਦੀ ਤਲਾਸ਼ੀ ਲੈਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ।
ਭਾਰਤ ਅਤੇ ਚੀਨ ਨੂੰ ਤੇਲ ਸਪਲਾਈ 'ਤੇ ਪੱਛਮ ਦੀ ਨਜ਼ਰ
ਰੂਸ ਦੇ ਮੈਰੀਟਾਈਮ ਬੋਰਡ ਨੇ ਬੁੱਧਵਾਰ ਨੂੰ ਹੋਈ ਇੱਕ ਉੱਚ-ਪੱਧਰੀ ਬੈਠਕ ਵਿੱਚ ਅੰਤਰਰਾਸ਼ਟਰੀ ਸਮੁੰਦਰੀ ਮਾਰਗਾਂ 'ਤੇ ਰੂਸੀ ਜਹਾਜ਼ਾਂ ਦੀ ਜ਼ਬਤੀ ਜਾਂ ਰੋਕਥਾਮ ਨਾਲ ਨਜਿੱਠਣ ਲਈ ਨਵੇਂ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ। ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਯੂਰਪੀਅਨ ਦੇਸ਼ ਰੂਸ ਦੇ ਉਸ 'ਸ਼ੈਡੋ ਫਲੀਟ' ਨੂੰ ਰੋਕਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਰਹੇ ਹਨ, ਜਿਸ ਦੀ ਵਰਤੋਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੱਕ ਤੇਲ ਅਤੇ ਗੈਸ ਪਹੁੰਚਾਉਣ ਲਈ ਕੀਤੀ ਜਾਂਦੀ ਹੈ। ਬੋਰਡ ਦੇ ਮੁਖੀ ਨਿਕੋਲਾਈ ਪਤ੍ਰੂਸ਼ੇਵ ਨੇ ਕਿਹਾ ਕਿ ਜਹਾਜ਼ ਮਾਲਕਾਂ ਨੂੰ ਜਲ ਸੈਨਾ ਨਾਲ ਤਾਲਮੇਲ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਸਕੂਲੀ ਵਿਦਿਆਰਥੀਆਂ ਲਈ ਮਿਡ-ਡੇ-ਮੀਲ ਬਣਿਆ ਜ਼ਹਿਰ! 600 ਤੋਂ ਵਧੇਰੇ ਬੀਮਾਰ, ਓਸਾਕਾ 'ਚ ਮਚੀ ਹਾਹਾਕਾਰ
ਬ੍ਰਿਟੇਨ ਦੀ ਸਖ਼ਤੀ ਨੇ ਵਧਾਈ ਚਿੰਤਾ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਆਪਣੀ ਸੈਨਾ ਨੂੰ ਉਨ੍ਹਾਂ ਰੂਸੀ ਜਹਾਜ਼ਾਂ ਨੂੰ ਰੋਕਣ ਅਤੇ ਉਨ੍ਹਾਂ ਦੀ ਤਲਾਸ਼ੀ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ, ਜੋ ਪਾਬੰਦੀਆਂ ਦੇ ਬਾਵਜੂਦ ਤੇਲ ਨਿਰਯਾਤ ਕਰ ਰਹੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਸਮੁੰਦਰ ਵਿੱਚ ਰੂਸ ਅਤੇ ਯੂਕਰੇਨ ਦੇ ਸਮਰਥਕਾਂ ਵਿਚਕਾਰ ਸਿੱਧੇ ਟਕਰਾਅ ਦੀ ਸਥਿਤੀ ਬਣ ਸਕਦੀ ਹੈ। ਰੂਸ ਅਨੁਸਾਰ ਸਮੁੰਦਰੀ ਬੰਦਰਗਾਹਾਂ ਤੋਂ ਨਿਕਲਣ ਵਾਲੇ ਜਹਾਜ਼ਾਂ ਲਈ ਅੱਤਵਾਦੀ ਹਮਲਿਆਂ ਦਾ ਖ਼ਤਰਾ ਵੀ ਵਧ ਗਿਆ ਹੈ।
ਤੁਰਕੀ ਦੇ ਤੇਲ ਟੈਂਕਰ 'ਤੇ ਡਰੋਨ ਹਮਲਾ
ਸਮੁੰਦਰੀ ਮਾਰਗਾਂ 'ਤੇ ਵਧਦੇ ਖ਼ਤਰੇ ਦੀ ਇੱਕ ਉਦਾਹਰਨ ਹਾਲ ਹੀ ਵਿੱਚ ਦੇਖਣ ਨੂੰ ਮਿਲੀ, ਜਦੋਂ ਤੁਰਕੀ ਦਾ ਇੱਕ ਤੇਲ ਟੈਂਕਰ 'ਏਲਟਯੂਰਾ' ਬੌਸਫੋਰਸ ਸਟ੍ਰੇਟ ਦੇ ਨੇੜੇ ਇੱਕ ਡਰੋਨ ਹਮਲੇ ਵਿੱਚ ਨੁਕਸਾਨਿਆ ਗਿਆ। ਇਹ ਜਹਾਜ਼ ਰੂਸ ਦੇ ਨੋਵੋਰੋਸਿਸਕ ਤੋਂ ਇੰਸਤਾਂਬੁਲ ਜਾ ਰਿਹਾ ਸੀ। ਹੁਣ ਰੂਸੀ ਜਲ ਸੈਨਾ ਖਾਸ ਤੌਰ 'ਤੇ ਅਜੋਵ-ਕਾਲਾ ਸਾਗਰ ਅਤੇ ਬਾਲਟਿਕ ਸਾਗਰ ਵਿੱਚ ਆਪਣੇ ਜਹਾਜ਼ਾਂ ਦੀ ਸਖ਼ਤ ਨਿਗਰਾਨੀ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
