ਗ੍ਰੇਵਜੈਂਡ ਦੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਬੰਦਾ ਸਿੰਘ ਬਹਾਦਰ ਜੀ ਦੇ ''ਬੁੱਤ'' ਦੀ ਸਥਾਪਨਾ
Monday, Apr 20, 2026 - 02:53 PM (IST)
ਗ੍ਰੇਵਜੈਂਡ (ਮਨਦੀਪ ਖੁਰਮੀ ਹਿੰਮਤਪੁਰਾ) 18ਵੀਂ ਸਦੀ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਵਿਸ਼ਾਲ ਬੁੱਤ ਗ੍ਰੇਵਜੈਂਡ ਦੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਸਥਾਪਿਤ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਸਮੇਂ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖ ਸੰਗਤ ਇਹਨਾਂ ਪਲਾਂ ਦੀ ਗਵਾਹ ਬਣੀ। ਮੁੱਖ ਦਰਬਾਰ ਸਾਹਿਬ ਵਿੱਚ ਅਰਦਾਸ ਕਰਨ ਉਪਰੰਤ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਵਿੱਚ ਇਸ ਬੁੱਤ ਨੂੰ ਸੰਗਤ ਦੇ ਅਰਪਣ ਕਰਨ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ।


ਮੰਚ ਦੀ ਕਾਰਵਾਈ ਕਰਦਿਆਂ ਤਜਿੰਦਰਪ੍ਰੀਤ ਕੌਰ ਜੀ ਨੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਇੰਦਰਪਾਲ ਸਿੰਘ ਸੱਲ੍ਹ, ਇਸ ਬੁੱਤ ਲਈ ਸੁਝਾਅ ਪੇਸ਼ ਕਰਨ ਵਾਲੇ ਅਜੈਬ ਸਿੰਘ ਚੀਮਾ, ਬੁੱਤ ਦਾ ਡਿਜਾਇਨ ਤਿਆਰ ਕਰਨ ਵਾਲੇ ਗੁਰਿੰਦਰ ਸਿੰਘ ਮਾਨ ਤੇ ਤਰਨ ਸਿੰਘ ਆਦਿ ਨੂੰ ਸੰਗਤਾਂ ਦੇ ਸਨਮੁਖ ਹੋਣ ਲਈ ਸੱਦਾ ਦਿੱਤਾ। ਇਸ ਸਮੇਂ ਬੋਲਦਿਆਂ ਬੁਲਾਰਿਆਂ ਨੇ ਸੰਗਤ ਨੂੰ ਇਸ ਸ਼ੁਭ ਦਿਹਾੜੇ ਦੀ ਹਾਰਦਿਕ ਵਧਾਈ ਪੇਸ਼ ਕਰਦਿਆਂ ਕਿਹਾ ਕਿ ਇਹ ਬੁੱਤ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਸਿੱਖ ਇਤਿਹਾਸ ਬਾਰੇ ਜਾਨਣ ਲਈ ਪ੍ਰੇਰਿਤ ਕਰਦਾ ਰਹੇਗਾ।


ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਇੰਦਰਪਾਲ ਸਿੰਘ ਸੱਲ੍ਹ ਨੇ ਕਿਹਾ ਕਿ ਬੇਸ਼ੱਕ ਉਹ ਇਸ ਧਰਤੀ ਦੇ ਜਨਮੇ ਹੋਏ ਹਨ ਪਰ ਉਹ ਮਹਿਸੂਸ ਕਰਦੇ ਹਨ ਕਿ ਨਵੀਂ ਪੀੜ੍ਹੀ ਨੂੰ ਸਿੱਖ ਧਰਮ ਦੇ ਨਾਲ ਜੋੜਨ ਦੇ ਲਈ ਗੁਰੂਘਰ ਅਤੇ ਸੰਗਤ ਦਾ ਇਹ ਉਪਰਾਲਾ ਬੇਹੱਦ ਕਾਰਗਰ ਸਾਬਤ ਹੋਵੇਗਾ। ਸਮਾਗਮ ਦੌਰਾਨ ਵਿਸ਼ਵ ਪ੍ਰਸਿੱਧ ਢਾਡੀ ਜੱਥਾ ਦਲਬੀਰ ਸਿੰਘ ਗਿੱਲ ਤੇ ਉਹਨਾਂ ਦੀਆਂ ਸਾਥੀ ਢਾਡੀ ਬੀਬੀਆਂ ਵੱਲੋਂ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਸੁਣਾ ਕੇ ਮਾਹੌਲ ਨੂੰ ਜੋਸ਼ੀਲਾ ਬਣਾਇਆ। ਇਸ ਸਮੇਂ ਜਿੱਥੇ ਸਥਾਨਕ ਮੈਂਬਰ ਪਾਰਲੀਮੈਂਟ ਲੌਰੇਨ ਸੁਲਿਵਾਨ ਵਿਸ਼ੇਸ਼ ਤੌਰ 'ਤੇ ਹਾਜਰ ਸੀ, ਉੱਥੇ ਖਾਲਸਾ ਏਡ ਦੇ ਸੰਚਾਲਕ ਰਵੀ ਸਿੰਘ, ਫੈਡਰੇਸ਼ਨ ਆਗੂ ਅਮਰੀਕ ਸਿੰਘ ਗਿੱਲ, ਕੇਸਰ ਸਿੰਘ ਧਾਲੀਵਾਲ, ਨਰਿੰਦਰਜੀਤ ਸਿੰਘ ਥਾਂਦੀ, ਜਗਦੇਵ ਸਿੰਘ ਵਿਰਦੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਸਖਸ਼ੀਅਤਾਂ ਨੇ ਹਾਜਰੀ ਭਰੀ। ਪ੍ਰੈੱਸ ਨਾਲ ਗੱਲਬਾਤ ਦੌਰਾਨ ਕੌਂਸਲਰ ਰਾਜਿੰਦਰ ਸਿੰਘ ਅਟਵਾਲ ਨੇ ਦੱਸਿਆ ਕਿ ਇਸ ਬੁੱਤ ਨੂੰ ਸਥਾਪਿਤ ਕਰਨ ਲਈ ਸੰਗਤ ਵੱਲੋਂ ਦਿਲ ਖੋਲ੍ਹ ਕੇ ਦਾਨ ਰਾਸ਼ੀ ਭੇਂਟ ਕੀਤੀ ਗਈ। ਬਹੁਤ ਹੀ ਮਿਹਨਤ ਨਾਲ ਤਿਆਰ ਹੋਏ ਇਸ ਬੁੱਤ ਪਿੱਛੇ ਸੰਗਤ ਤੇ ਕਮੇਟੀ ਸੇਵਾਦਾਰਾਂ ਦਾ ਵੱਡਾ ਸਹਿਯੋਗ ਹੈ, ਜਿਸ ਲਈ ਸਾਰੇ ਵਧਾਈ ਦੇ ਪਾਤਰ ਹਨ। ਗ੍ਰੇਵਜੈਂਡ ਗੁਰਦੁਆਰਾ ਸਾਹਿਬ ਦੇ ਇਸ ਉਪਰਾਲੇ ਲਈ ਸਹਿਯੋਗ ਦੇਣ ਵਾਲੇ ਹਰ ਸਖਸ਼ ਦਾ ਉਹਨਾਂ ਹਾਰਦਿਕ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
