ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ ਕੋਰੋਨਾ ਨੂੰ ਰੋਕਣ 'ਚ 96 ਫੀਸਦੀ ਤੱਕ ਅਸਰਦਾਰ : ਆਸਟ੍ਰੇਲੀਆਈ ਕੰਪਨੀ
Thursday, Oct 01, 2020 - 02:23 AM (IST)
ਮੈਲਬੋਰਨ - ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ ਨਾਲ ਕੋਰੋਨਾ ਨੂੰ 96 ਫੀਸਦੀ ਤੱਕ ਰੋਕਿਆ ਜਾ ਸਕਦਾ ਹੈ। ਇਹ ਦਾਅਵਾ ਆਸਟ੍ਰੇਲੀਆ ਦੀ ਕੰਪਨੀ (ਫਰਮ) ਐਨਾ ਰੈਸਪੀਰੇਟ੍ਰੀ ਨੇ ਕੀਤਾ ਹੈ, ਜਿਸ ਨੇ ਇਹ ਵੈਕੀਸਨ ਤਿਆਰ ਕੀਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਵੈਕਸੀਨ ਦਾ ਟ੍ਰਾਇਲ ਜਾਨਵਰਾਂ 'ਤੇ ਕੀਤਾ ਜਾ ਚੁੱਕਿਆ ਹੈ ਜੋ ਸਫਲ ਰਿਹਾ ਹੈ। ਇਹ ਇਨਸਾਨਾਂ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਕੇ ਕੋਰੋਨਾ ਦੀ ਲਾਗ ਫੈਲਾਉਣ ਦੀ ਸਮਰੱਥਾ ਨੂੰ ਘਟਾ ਸਕਦੀ ਹੈ।
ਇਨਸਾਨਾਂ 'ਤੇ ਟ੍ਰਾਇਲ ਦੀ ਤਿਆਰੀ
ਬ੍ਰਿਟੇਨ ਦੀ ਸਰਕਾਰੀ ਏਜੰਸੀ ਪਬਲਿਕ ਹੈਲਥ ਇੰਗਲੈਂਡ ਦੀ ਖੋਜ ਆਖਦੀ ਹੈ ਕਿ ਆਸਟ੍ਰੇਲੀਆਈ ਕੰਪਨੀ ਦੀ ਨੇਜ਼ਲ ਸਪ੍ਰੇ INNA-051 ਨੂੰ ਵੈਕਸੀਨ ਦੇ ਵਿਕਲਪ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ 96 ਫੀਸਦੀ ਤੱਕ ਕੋਰੋਨਾ ਦੀ ਲਾਗ ਦਾ ਖਤਰਾ ਘਟਾਉਂਦੀ ਹੈ। ਕੰਪਨੀ ਐਨਾ ਰੈਸਪੀਰੇਟ੍ਰੀ ਦਾ ਆਖਣਾ ਹੈ ਕਿ ਨੇਜ਼ਲ ਸਪ੍ਰੇ INNA-051 ਦਾ ਅਗਲੇ 4 ਮਹੀਨਿਆਂ ਦੇ ਅੰਦਰ ਇਨਸਾਨਾਂ 'ਤੇ ਟ੍ਰਾਇਲ ਸ਼ੁਰੂ ਹੋ ਜਾਵੇਗਾ।
ਚੀਨੀ ਨੇਜ਼ਲ ਸਪ੍ਰੇ ਵੈਕਸੀਨ ਦਾ ਵੀ ਟ੍ਰਾਇਲ ਸ਼ੁਰੂ ਹੋਵੇਗਾ
ਚੀਨ ਵਿਚ ਵੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਨੇਜ਼ਲ ਸਪ੍ਰੇ ਵੈਕਸੀਨ ਤਿਆਰ ਕੀਤੀ ਗਈ ਹੈ। ਚੀਨ ਇਸ ਵੈਕਸੀਨ ਦਾ ਟ੍ਰਾਇਲ ਨਵੰਬਰ ਵਿਚ ਸ਼ੁਰੂ ਕਰੇਗਾ। ਇਸ ਦੇ ਲਈ 100 ਵਾਲੰਟੀਅਰਸ ਨੂੰ ਚੁਣਿਆ ਜਾਵੇਗਾ। ਇਸ ਨੂੰ ਯੂਨੀਵਰਸਿਟੀ ਆਫ ਹਾਂਗਕਾਂਗ, ਸ਼ਿਆਮੇਨ ਯੂਨੀਵਰਸਿਟੀ ਅਤੇ ਬੀਜ਼ਿੰਗ ਵੰਤਾਈ ਬਾਇਓਲਾਜ਼ਿਕਲ ਫਾਰਮੇਸੀ ਦੇ ਸਾਇੰਸਦਾਨਾਂ ਨੇ ਮਿਲ ਕੇ ਤਿਆਰ ਕੀਤਾ ਹੈ।
ਵੈਕਸੀਨ ਵਾਇਰਸ ਨੂੰ ਨੱਕ ਵਿਚ ਹੀ ਦੇਵੇਗੀ ਰੋਕੇ
ਹਾਂਗਕਾਂਗ ਯੂਨੀਵਰਸਿਟੀ ਦੇ ਸਾਇੰਸਦਾਨ ਯੂਏਨ ਕਵੋਕ ਯੁੰਗ ਮੁਤਾਬਕ, ਇਹ ਵੈਕਸੀਨ ਸਾਹ ਲੈਣ ਦੌਰਾਨ ਆਉਣ ਵਾਲੇ ਕੋਰੋਨਾਵਾਇਰਸ ਨੂੰ ਰਸਤੇ ਵਿਚ ਰੋਕ ਦੇਵੇਗੀ ਜਿਥੋਂ ਉਹ ਫੇਫੜਿਆਂ ਤੱਕ ਜਾਂਦੇ ਹਨ। ਇਸ ਨਾਲ ਸਰੀਰ ਦਾ ਇਮਿਊਨ ਸਿਸਟਮ ਵਾਇਰਸ 'ਤੇ ਸ਼ੁਰੂਆਤ ਵਿਚ ਹੀ ਹਮਲਾ ਕਰ ਦੇਵੇਗਾ। ਉਸ ਨੂੰ ਲਾਗ ਫੈਲਾਉਣ ਤੋਂ ਰੋਕੇਗਾ।
ਵੈਕਸੀਨ ਤੋਂ ਮਿਲੇਗੀ ਦੋਹਰੀ ਸੁਰੱਖਿਆ
ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ ਨਾਲ ਇੰਫਲੂਏਂਜ਼ਾ ਅਤੇ ਕੋਰੋਨਾਵਾਇਰਸ ਦੋਹਾਂ ਤੋਂ ਸੁਰੱਖਿਆ ਮਿਲੇਗੀ। ਵੈਕਸੀਨ ਦੇ ਤਿੰਨੋਂ ਕਲੀਨਿਕਲ ਟ੍ਰਾਇਲ ਖਤਮ ਹੋਣ ਵਿਚ ਘਟੋਂ-ਘੱਟ ਇਕ ਸਾਲ ਦਾ ਸਮਾਂ ਲੱਗੇਗਾ।