ਖਾਲਸਾਈ ਜਾਹੋ ਜਲਾਲ ਨਾਲ ਸਜਾਇਆ ਗਿਆ ਇਟਲੀ ਦੇ ਸ਼ਹਿਰ ਪਾਰਮਾ ''ਚ ਮਹਾਨ ਨਗਰ ਕੀਰਤਨ

Friday, Nov 25, 2022 - 04:31 PM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਵ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਪਾਰਮਾ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਬਾਅਦ ਦੁਪਹਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਹੋਈ। ਫੁੱਲਾਂ ਨਾਲ ਸਜੀ ਪਾਲਕੀ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ। ਜੈਕਾਰਿਆਂ ਦੀ ਗੂੰਜ ‘ਚ ਨਗਰ ਕੀਰਤਨ ਜਿਉਂ ਹੀ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਤਾਂ ਸੰਗਤ ਦਾ ਵੱਡਾ ਕਾਫ਼ਲਾ ਨਾਮ, ਸਿਮਰਨ ਰਾਹੀਂ ਹਾਜ਼ਰੀ ਭਰਦਾ ਨਾਲ ਤੁਰਿਆ।

PunjabKesari

ਜਿਉਂ-ਜਿਉਂ ਨਗਰ ਕੀਰਤਨ ਅੱਗੇ ਵਧਿਆ ਤਾਂ ਜਗ੍ਹਾ-ਜਗ੍ਹਾ 'ਤੇ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਦਿਆਂ ਨਿੱਘਾ ਸਵਾਗਤ ਕੀਤਾ ਗਿਆ। ਜਗ੍ਹਾ-ਜਗ੍ਹਾ 'ਤੇ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਲੰਗਰ ਲਗਾਏ ਗਏ। ਨਗਰ ਕੀਰਤਨ ਵਿੱਚ ਆਈਆਂ ਸੰਗਤਾਂ ਨੂੰ ਵੱਖ-ਵੱਖ ਰਾਗੀ, ਢਾਡੀ ਅਤੇ ਕਵੀਸ਼ਰੀ ਜੱਥਿਆਂ ਦੁਆਰਾ ਮਹਾਨ ਸਿੱਖ ਦਾ ਲਾਸਾਨੀ ਤੇ ਗੌਰਵਮਈ ਇਤਿਹਾਸ ਸਰਵਣ ਕਰਵਾਇਆ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਯੂਕੇ 'ਚ ਪ੍ਰਵਾਸੀਆਂ ਦੀ ਆਮਦ 5 ਲੱਖ ਤੋਂ ਵੱਧ ਦੇ ਰਿਕਾਰਡ ਪੱਧਰ 'ਤੇ, PM ਸੁਨਕ ਨੇ ਲਿਆ ਇਹ ਫ਼ੈਸਲਾ

ਇਸ ਮੌਕੇ ਗੁਰੂ ਦੀਆਂ ਲਾਡਲੀਆਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਗੱਤਕਾ ਅਕੈਡਮੀ ਬਨਿਅੋਲੋ ਮੇਲਾ ਦੇ ਸਿੰਘ ਸਿੰਘਣੀਆਂ ਵੱਲੋਂ ਗਤਕਾ ਕਲਾ  ਦੇ ਹੈਰਤਅੰਗੇਜ਼ ਜੌਹਰ ਵੀ ਦਿਖਾਏ ਗਏ।ਪਾਰਮਾ ਸ਼ਹਿਰ ਦੇ ਵੱਖ-ਵੱਖ ਚੌਂਕਾ ਤੋਂ ਹੁੰਦਾ ਹੋਇਆ ਨਗਰ ਕੀਰਤਨ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ  ਵੱਲੋਂ ਸਮੂਹ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਸਭ ਸੰਗਤ ਦਾ ਨਗਰ ਕੀਰਤਨ ਵਿੱਚ ਸ਼ਿਰਕਤ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।


Vandana

Content Editor

Related News