ਮਹਾਮਾਰੀ ਦੇ ਮੱਦੇਨਜ਼ਰ ਮਿਆਂਮਾਰ ਵਲੋਂ 25 ਹਜ਼ਾਰ ਕੈਦੀ ਰਿਹਾਅ ਕਰਨ ਦਾ ਐਲਾਨ

04/17/2020 6:04:50 PM

ਯੰਗੂਨ- ਮਿਆਂਮਾਰ ਨੇ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿਚੋਂ ਤਕਰੀਬਨ 25 ਹਜ਼ਾਰ ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਨੂੰ ਮਿਆਂਮਾਰ ਦੇ ਕੈਦੀਆਂ ਦੀ ਐਮਨੇਸਟੀ ਦੇ ਤਹਿਤ ਇਹ ਫੈਸਲਾ ਲਿਆ ਗਿਆ ਹੈ। ਇਸ ਦੇ ਤਹਿਤ ਦੇਸ਼ ਦੀਆਂ ਜੇਲਾਂ ਵਿਚ ਮੌਜੂਦ ਇਕ ਚੌਥਾਈ ਤੋਂ ਵਧੇਰੇ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।

ਦੇਸ਼ ਵਿਚ ਕੋਰੋਨਾਵਾਇਰਸ ਨੂੰ ਲੈ ਕੇ ਡਰ ਦੇ ਵਿਚਾਲੇ ਅਹਿਤਿਆਤ ਵਰਤਦੇ ਹੋਏ ਜੇਲਾਂ ਵਿਚੋਂ ਭੀੜ ਘੱਟ ਕਰਨ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ। ਦੇਸ਼ ਦੇ ਰਾਸ਼ਟਰਪਤੀ ਦਫਤਰ ਨੇ ਤਕਰੀਬਨ 25,000 ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ। ਇਸ ਹਫਤੇ ਨਵੇਂ ਸਾਲ ਦੇ ਸਮਾਗਮ ਦੀ ਰਸਮ ਨੂੰ ਨਿਭਾਉਣ ਦੇ ਲਈ ਵੀ ਇਹਨਾਂ ਕੈਦੀਆਂ ਨੂੰ ਆਜ਼ਾਦ ਕੀਤਾ ਜਾ ਰਿਹਾ ਹੈ। ਕੈਦੀਆਂ ਦੀ ਇਸ ਰਿਹਾਈ ਦਾ ਐਲਾਨ ਰਾਸ਼ਟਰਪਤੀ ਵਿਨ ਮਾਈਂਟ ਦੇ ਦਫਤਰ ਤੋਂ ਕੀਤਾ ਗਿਆ। ਦੱਸ ਦਈਏ ਕਿ ਅਮਰੀਕਾ, ਯੂਰਪ ਤੇ ਕੋਲੰਬੀਆ ਸਣੇ ਦੁਨੀਆ ਭਰ ਵਿਚ ਕੋਰੋਨਾਵਾਇਰਸ ਨੂੰ ਦੇਖਦੇ ਹੋਏ ਜੇਲਾਂ ਵਿਚ ਕੈਦੀਆਂ ਦੀ ਭੀੜ 'ਤੇ ਸਾਰਿਆਂ ਦਾ ਧਿਆਨ ਕੇਂਦਰਿਤ ਹੈ। ਹੁਣ ਤੱਕ ਮਿਆਂਮਾਰ ਵਿਚ ਅਧਿਕਾਰਿਤ ਤੌਰ 'ਤੇ ਕੋਰੋਨਾਵਾਇਰਸ ਦੇ ਕੁੱਲ 85 ਮਾਮਲੇ ਹਨ। ਇਸ ਵਿਚ ਮਹਾਮਾਰੀ ਦੇ ਕਾਰਣ 4 ਮੌਤਾਂ ਦੇ ਮਾਮਲੇ ਵੀ ਹਨ। ਪਰ ਇਥੋਂ ਦੇ ਮਾਹਰਾਂ ਦਾ ਮੰਨਣਾ ਹੈ ਕਿ ਇਹ ਅਧਿਕਾਰਿਤ ਅੰਕੜੇ ਬਹੁਤ ਘੱਟ ਹਨ ਕਿਉਂਕਿ ਦੇਸ਼ ਵਿਚ ਜਾਂਚ ਦੀ ਲੋੜੀਂਦੀ ਵਿਵਸਥਾ ਨਹੀਂ ਹੈ।


Baljit Singh

Content Editor

Related News