ਭਾਰਤ-ਮਿਆਂਮਾਰ ਸਰਹੱਦ ਨੇੜੇ 30 ਲੱਖ ਰੁਪਏ ਦੀ ਹੈਰੋਇਨ ਜ਼ਬਤ, ਇਕ ਵਿਅਕਤੀ ਗ੍ਰਿਫ਼ਤਾਰ
Monday, Apr 15, 2024 - 11:04 AM (IST)
ਆਈਜ਼ੋਲ- ਮਿਜ਼ੋਰਮ ਦੇ ਚੰਪਈ ਜ਼ਿਲ੍ਹੇ 'ਚ 30.10 ਲੱਖ ਰੁਪਏ ਦੀ ਹੈਰੋਇਨ ਜ਼ਬਤ ਕਰ ਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਸਾਮ ਰਾਈਫਲਜ਼ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਆਸਾਮ ਰਾਈਫਲਜ਼ ਨੇ ਗੁਪਤਾ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਸੂਬਾਈ ਪੁਲਸ ਦੇ ਸਹਿਯੋਗ ਨਾਲ ਐਤਵਾਰ ਨੂੰ ਭਾਰਤ-ਮਿਆਂਮਾਰ ਸਰਹੱਦ ਨੇੜੇ ਜੋਟੇ ਪਿੰਡ ਵਿਚ ਇਕ ਮੁਹਿੰਮ ਚਲਾਈ ਅਤੇ 43 ਗ੍ਰਾਮ ਹੈਰੋਇਨ ਜ਼ਬਤ ਕੀਤੀ।
ਬਿਆਨ ਵਿਚ ਦੱਸਿਆ ਗਿਆ ਕਿ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਹੈਰੋਇਨ ਨੂੰ ਮਿਆਂਮਾਰ ਤੋਂ ਤਸਕਰੀ ਕਰ ਕੇ ਲਿਆਇਆ ਸੀ। ਆਈਜ਼ੋਲ ਵਿਚ ਸ਼ਨੀਵਾਰ ਨੂੰ 325.3 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਸੀ, ਜਿਸ ਦੀ ਕੀਮਤ 2.27 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਆਸਾਮ ਰਾਈਫਲਜ਼ ਨੇ ਦੱਸਿਆ ਕਿ ਸ਼ਨੀਵਾਰ ਨੂੰ ਇਕ ਹੋਰ ਮੁਹਿੰਮ ਵਿਚ ਲਾਂਗਤਲਾਈ ਜ਼ਿਲ੍ਹੇ ਦੇ ਵਾਸੇਕੀ ਥਾਣਾ ਖੇਤਰ ਦੇ ਪਾਰਵਾ ਪਿੰਡ ਵਿਚ 20 ਗੋਲੀਆਂ ਵਾਲੀ ਇਕ ਮੈਗਜ਼ੀਨ ਜ਼ਬਤ ਕੀਤੀ ਗਈ।