ਮਿਆਂਮਾਰ ਨੇ ਆਸਟ੍ਰੇਲੀਅਨ ਅਰਥ ਸ਼ਾਸਤਰੀ ਸਮੇਤ ਚਾਰ ਵਿਦੇਸ਼ੀ ਅਤੇ 6000 ਹੋਰਾਂ ਨੂੰ ਕੀਤਾ ਰਿਹਾਅ

Thursday, Nov 17, 2022 - 11:52 AM (IST)

ਨੇਪੀਡੌ (ਭਾਸ਼ਾ) ਮਿਆਂਮਾਰ ਦੀ ਫ਼ੌਜ ਨੇ ਇੱਕ ਆਸਟ੍ਰੇਲੀਆਈ ਅਰਥ ਸ਼ਾਸਤਰੀ ਸਮੇਤ ਕਈ ਵਿਦੇਸ਼ੀਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਹੈ। ਮਿਆਂਮਾਰ ਦੇ ਫ਼ੌਜੀ ਨੇਤਾਵਾਂ ਨੇ ਆਂਗ ਸਾਨ ਸੂ ਕੀ ਦੇ ਸਾਬਕਾ ਸਲਾਹਕਾਰ ਅਤੇ ਆਸਟ੍ਰੇਲੀਆਈ ਅਰਥ ਸ਼ਾਸਤਰੀ ਸੀਨ ਟਰਨੇਲ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ। ਇਸ ਤੋਂ ਇਲਾਵਾ ਹੋਰ 6,000 ਲੋਕਾਂ ਨੂੰ ਵੀ ਮੁਆਫ਼ੀ ਦੇ ਨਾਲ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਮਿਆਂਮਾਰ ਦੇ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਜਾਪਾਨੀ ਪੱਤਰਕਾਰ ਅਤੇ ਫਿਲਮ ਨਿਰਮਾਤਾ ਟੋਰੂ ਵੀ ਰਿਹਾਅ

ਇਰਾਵਦੀ ਨਿਊਜ਼ ਅਤੇ ਬੀਬੀਸੀ ਬਰਮੀਜ਼ ਨੇ ਰਿਪੋਰਟ ਦਿੱਤੀ ਕਿ ਇਕ ਸਾਬਕਾ ਬ੍ਰਿਟਿਸ਼ ਰਾਜਦੂਤ ਵਿੱਕੀ ਬੋਮਨ, ਇੱਕ ਜਾਪਾਨੀ ਪੱਤਰਕਾਰ ਅਤੇ ਫਿਲਮ ਨਿਰਮਾਤਾ ਟੋਰੂ ਕੁਬੋਟਾ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਇੱਕ ਅਣਪਛਾਤੇ ਅਮਰੀਕੀ ਨਾਗਰਿਕ ਨੂੰ ਰਿਹਾਅ ਕਰਕੇ ਉਸਦੇ ਦੇਸ਼ ਵਾਪਸ ਭੇਜ ਦਿੱਤਾ ਗਿਆ।ਸੁਰੱਖਿਆ ਬਲਾਂ ਨੇ ਸਿਡਨੀ ਦੀ ਮੈਕਵੇਰੀ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਦੇ ਸਹਾਇਕ ਪ੍ਰੋਫੈਸਰ ਟਰਨੇਲ (58) ਨੂੰ ਯੰਗੂਨ ਦੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਸਤੰਬਰ ਵਿੱਚ ਦੇਸ਼ ਦੇ ਅਧਿਕਾਰਤ ਭੇਦ ਕਾਨੂੰਨ ਅਤੇ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਨ ਲਈ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਚੀਨੀ ਜਾਸੂਸ ਨੂੰ ਸੁਣਾਈ ਗਈ 20 ਸਾਲ ਦੀ ਸਜ਼ਾ 

ਜਾਪਾਨ ਦੇ ਰਹਿਣ ਵਾਲੇ 26 ਸਾਲਾ ਕੁਬੋਟਾ ਨੂੰ 30 ਜੁਲਾਈ ਨੂੰ ਯਾਂਗੂਨ 'ਚ ਫ਼ੌਜ ਵੱਲੋਂ ਸੱਤਾ 'ਤੇ ਕਾਬਜ਼ ਹੋਣ ਖ਼ਿਲਾਫ਼ ਆਯੋਜਿਤ ਪ੍ਰਦਰਸ਼ਨ ਦੀਆਂ ਤਸਵੀਰਾਂ ਅਤੇ ਵੀਡੀਓ ਲੈਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਪਿਛਲੇ ਮਹੀਨੇ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਦੇ ਨਾਲ ਹੀ ਮਿਆਂਮਾਰ 'ਚ ਸਾਬਕਾ ਬ੍ਰਿਟਿਸ਼ ਰਾਜਦੂਤ ਬੋਮਨ (56) ਨੂੰ ਅਗਸਤ 'ਚ ਯਾਂਗੂਨ 'ਚ ਉਸ ਦੇ ਪਤੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦਾ ਪਤੀ ਮਿਆਂਮਾਰ ਦਾ ਨਾਗਰਿਕ ਹੈ। ਉਸ ਨੂੰ ਆਪਣੀ ਰਿਹਾਇਸ਼ ਨੂੰ ਰਜਿਸਟਰ ਨਾ ਕਰਨ ਲਈ ਸਤੰਬਰ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਸੀ।

ਮਿਆਂਮਾਰ ਦੇ ਰਾਸ਼ਟਰੀ ਦਿਵਸ 'ਤੇ ਮਿਲਟਰੀ ਕੌਂਸਲ ਨੇ ਕੀਤਾ ਐਲਾਨ 

ਇਸ ਦੇ ਨਾਲ ਹੀ ਮਿਆਂਮਾਰ ਨਾਓ ਮੀਡੀਆ ਆਉਟਲੇਟ ਨੇ ਮਿਲਟਰੀ ਕੌਂਸਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਿਆਂਮਾਰ ਦੇ ਰਾਸ਼ਟਰੀ ਦਿਵਸ ਦੇ ਮੌਕੇ  ਜੇਲ੍ਹ ਤੋਂ ਰਿਹਾਅ ਹੋਏ ਲੋਕਾਂ ਨੂੰ ਮੁਆਫ਼ੀ ਦਿੱਤੀ ਗਈ ਹੈ। ਰਾਸ਼ਟਰੀ ਦਿਵਸ 'ਤੇ ਮਿਲਟਰੀ ਕੌਂਸਲ ਨੇ ਘੋਸ਼ਣਾ ਕੀਤੀ ਕਿ ਲਗਭਗ 6,000 ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਚਾਰ ਵਿਦੇਸ਼ੀ ਸਨ ਅਤੇ 11 ਮਸ਼ਹੂਰ ਹਸਤੀਆਂ ਸਨ।ਦੱਸ ਦੇਈਏ ਕਿ 1 ਫਰਵਰੀ 2021 ਨੂੰ ਹੋਈ ਛਾਪੇਮਾਰੀ ਵਿੱਚ ਆਂਗ ਸਾਨ ਸੂ ਕੀ ਸਮੇਤ ਕਈ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮਿਆਂਮਾਰ 'ਚ ਪਿਛਲੇ ਸਾਲ ਦੇ ਫ਼ੌਜੀ ਤਖਤਾਪਲਟ ਤੋਂ ਬਾਅਦ ਸਿਆਸੀ ਉਥਲ-ਪੁਥਲ ਚੱਲ ਰਹੀ ਹੈ।

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News