ਮਿਆਂਮਾਰ ''ਚ ਤਖਤਾਪਲਟ, ਇੰਟਰਨੈੱਟ ਤੇ ਮੋਬਾਇਲ ਸੇਵਾ ਬੰਦ ਅਤੇ ਐਮਰਜੈਂਸੀ ਘੋਸ਼ਿਤ

Monday, Feb 01, 2021 - 05:54 PM (IST)

ਨੇਪਿਡਾਉ (ਬਿਊਰੋ): ਗੁਆਂਢੀ ਦੇਸ਼ ਮਿਆਂਮਾਰ ਵਿਚ ਤਖਤਾਪਲਟ ਹੋ ਗਿਆ ਹੈ। ਮਿਆਂਮਾਰ ਦੀ ਸੈਨਾ ਨੇ ਵਾਸਤਵਿਕ ਨੇਤਾ ਆਂਗ ਸਾਨ ਸੂ ਕੀ ਅਤੇ ਰਾਸ਼ਟਰਪਤੀ ਯੂ ਵਿਨ ਮਾਇਨਟ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਇਕ ਸਾਲ ਲਈ ਐਮਰਜੈਂਸੀ ਦਾ ਐਲਾਨ ਕੀਤਾ ਹੈ। ਮਿਆਂਮਾਰ ਮਿਲਟਰੀ ਟੀਵੀ ਦਾ ਕਹਿਣਾ ਹੈ ਕਿ ਸੈਨਾ ਨੇ ਇਕ ਸਾਲ ਲਈ ਦੇਸ਼ 'ਤੇ ਕੰਟਰੋਲ ਕਰ ਲਿਆ ਹੈ ਅਤੇ ਸੈਨਾ ਦੇ ਕਮਾਂਡਰ-ਇਨ-ਚੀਫ ਮਿਨ ਆਂਗ ਹਲਾਇੰਗ ਕੋਲ ਸੱਤਾ ਜਾ ਸਕਦੀ ਹੈ। 

ਸੈਨਾ ਨੇ ਕੀਤੀ ਕਾਰਵਾਈ
ਮਿਆਂਮਾਰ ਸੈਨਾ ਦਾ ਕਹਿਣਾ ਹੈ ਕਿ ਚੁਣਾਵੀ ਧੋਖਾਧੜੀ ਦੇ ਜਵਾਬ ਵਿਚ ਤਖਤਾਪਲਟ ਦੀ ਕਾਰਵਾਈ ਕੀਤੀ ਗਈ ਹੈ। ਇਸ ਤਖਤਾਪਲਟ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸੈਨਾ ਦੀ ਟੁਕੜੀਆਂ ਦੀ ਤਾਇਨਾਤੀ ਕੀਤੀ ਗਈ ਹੈ। ਮਿਆਂਮਾਰ ਦੇ ਮੁੱਖ ਸ਼ਹਿਰ ਯਾਂਗੂਨ ਵਿਚ ਸਿਟੀ ਹਾਲ ਦੇ ਬਾਹਰ ਸੈਨਿਕਾਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਕੋਈ ਤਖਤਾਪਲਟ ਦਾ ਵਿਰੋਧ ਨਾ ਕਰ ਸਕੇ। ਇੱਥੇ ਦੱਸ ਦਈਏ ਕਿ ਮਿਆਂਮਾਰ ਵਿਚ ਲੰਬੇ ਸਮੇਂ ਤੱਕ ਸੈਨਾ ਦਾ ਰਾਜ ਰਿਹਾ ਹੈ। ਸਾਲ 1962 ਤੋਂ ਲੈ ਕੇ ਸਾਲ 2011 ਤੱਕ ਦੇਸ਼ ਵਿਚ 'ਮਿਲਟਰੀ ਜਨਤਾ' ਦੀ ਤਾਨਾਸ਼ਾਹੀ ਰਹੀ ਹੈ। ਸਾਲ 2010 ਵਿਚ ਮਿਆਂਮਾਰ ਵਿਚ ਆਮ ਚੋਣਾਂ ਹੋਈਆਂ ਅਤੇ 2011 ਵਿਚ ਮਿਆਂਮਾਰ ਵਿਚ 'ਨਾਗਰਿਕ ਸਰਕਾਰ' ਬਣੀ, ਜਿਸ ਵਿਚ ਜਨਤਾ ਵੱਲੋਂ ਚੁਣੇ ਗਏ ਪ੍ਰਤੀਨਿਧੀਆਂ ਨੂੰ ਰਾਜ ਕਰਨ ਦਾ ਮੌਕਾ ਮਿਲਿਆ। 

ਅਮਰੀਕਾ, ਆਸਟ੍ਰੇਲੀਆ ਨੇ ਜ਼ਾਹਰ ਕੀਤੀ ਚਿੰਤਾ
ਨਾਗਰਿਕ ਸਰਕਾਰ ਬਣਨ ਦੇ ਬਾਅਦ ਵੀ ਅਸਲੀ ਤਾਕਤ ਹਮੇਸ਼ਾ ਆਰਮੀ ਕੋਲ ਹੀ ਰਹੀ। ਅਸਿੱਧੇ ਤੌਰ 'ਤੇ 'ਮਿਲਟਰੀ ਜਨਤਾ' ਮਿਆਂਮਾਰ ਦੀ ਪਹਿਲੀ ਸ਼ਕਤੀ ਬਣੀ ਰਹੀ। ਉਸ ਨੂੰ ਉਹਨਾਂ ਅਰਥਾਂ ਵਿਚ ਨਹੀਂ ਹਟਾਇਆ ਜਾ ਸਕਿਆ ਜਿਵੇਂ ਕਿ ਬਾਹਰੋਂ ਲੱਗ ਰਿਹਾ ਸੀ। ਇਸ ਲਈ ਸੋਮਵਾਰ ਨੂੰ ਜਿਹੜੀ ਘਟਨਾ ਵਾਪਰੀ, ਉਹ ਕੁਝ ਹੋਰ ਨਹੀਂ ਸਗੋਂ ਮਿਆਂਮਾਰ ਦੇ ਰਾਜਨਤੀਕ ਦ੍ਰਿਸ਼ ਦਾ ਅਸਲੀ ਰੂਪ ਹੈ। ਅਮਰੀਕਾ, ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਨੇ ਤਖਤਾਪਲਟ 'ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਮਿਆਂਮਾਰ ਦੀ ਫੌਜ ਨੂੰ ਕਾਨੂੰਨ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ।

ਇੰਟਰਨੈੱਟ ਸੇਵਾ ਬੰਦ
ਮਿਆਂਮਾਰ ਸਟੇਟ ਕੌਂਸਲਰ ਆਂਗ ਸਾਨ ਸੂ ਕੀ ਦੇ ਇਕ ਸਲਾਹਕਾਰ ਨੇ ਕਿਹਾ ਹੈ ਕਿ ਦੇਸ਼ ਵਿਚ ਸੈਨਾ ਵੱਲੋਂ ਤਖਤਾਪਲਟ ਦੇ ਬਾਅਦ ਰਾਜਧਾਨੀ ਨੇਪਿਡਾਉ ਵਿਚ ਇੰਟਰਨੈੱਟ ਅਤੇ ਫੋਨ ਸੇਵਾ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਵਿਚ ਦੱਸਿਆ ਗਿਆ ਸੀ ਕਿ  ਆਂਗ ਸਾਨ ਸੂ ਕੀ ਅਤੇ ਯੂ ਵਿਨ ਮਾਇਨਟ ਦੇ ਨਾਲ-ਨਾਲ ਨੈਸ਼ਨਲ ਲੀਗ ਫੌਰ ਡੈਮੋਕ੍ਰੇਸੀ ਪਾਰਟੀ ਦੇ ਹੋਰ ਮੈਂਬਰਾਂ ਨੂੰ ਅੱਜ ਸਵੇਰੇ ਸੈਨਾ ਨੇ ਤਖਤਾਪਲਟ ਕਰ ਕੇ ਹਿਰਾਸਤ ਵਿਚ ਲੈ ਲਿਆ। ਇਸ ਮਗਰੋਂ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਸਟੇਟ ਕੌਂਸਲਰ ਦੇ ਸਲਾਹਕਾਰ ਅਤੇ ਆਸਟ੍ਰੇਲੀਆਈ ਅਕਾਦਮਿਕ ਸੀਨ ਟਰਨੇਲ ਨੇ ਫਾਈਨੈਂਸ਼ੀਅਲ ਟਾਈਮਜ਼ ਦੀ ਉਹਨਾਂ ਰਿਪੋਰਟਾਂ ਦੀ ਪੁਸ਼ਟੀ ਕੀਤੀ ਹੈ ਜਿਸ ਵਿਚ ਇੰਟਰਨੈੱਟ ਅਤੇ ਮੋਬਾਇਲ ਫੋਨ ਸੇਵਾਵਾਂ ਬੰਦ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਸੈਨਾ ਨੇ ਯਾਂਗੂਨ ਵਿਚ ਸਿਟੀ ਹਾਲ ਨੂੰ ਆਪਣੇ ਘੇਰੇ ਵਿਚ ਲੈ ਲਿਆ ਹੈ।


Vandana

Content Editor

Related News