ਲੋਕਾਂ ਦੇ ਮਿਹਣਿਆਂ ਨੇ ਵੀ ਨਹੀਂ ਟੁੱਟਣ ਦਿੱਤਾ ਹੌਂਸਲਾ, ਹਿਜਾਬ ਪਹਿਨਣ ਵਾਲੀ ਕੁੜੀ ਬਣੀ ਨਿਊਜ਼ ਐਂਕਰ

Wednesday, Feb 28, 2018 - 03:22 PM (IST)

ਨਿਊਯਾਰਕ— ਅਮਰੀਕਾ ਦੀ 27 ਸਾਲਾ ਪੱਤਰਕਾਰ ਤਾਹਿਰਾ ਰਹਿਮਾਨ ਹਿਜਾਬ ਪਾ ਕੇ ਨਿਊਜ਼ ਸ਼ੋਅ ਹੋਸਟ ਕਰਨ ਵਾਲੀ ਇੱਥੋਂ ਦੀ ਪਹਿਲੀ ਨਿਊਜ਼ ਐਂਕਰ ਬਣ ਗਈ ਹੈ। ਹਿਜਾਬ ਪਾਉਣ ਵਾਲਿਆਂ ਨੂੰ ਅਮਰੀਕਾ 'ਚ ਰਹਿ ਰਹੇ ਕੁੱਝ ਕੱਟੜਵਾਦੀ ਲੋਕ ਪਸੰਦ ਨਹੀਂ ਕਰਦੇ ਅਤੇ ਉਨ੍ਹਾਂ ਦੀ ਇਸੇ ਸੋਚ ਨੂੰ ਖਤਮ ਕਰਨ ਲਈ ਤਾਹਿਰਾ ਹਿਜਾਬ ਪਾ ਕੇ ਕੈਮਰੇ ਅੱਗੇ ਖਬਰਾਂ ਪੜ੍ਹਦੀ ਹੈ। ਅਮਰੀਕਾ ਹੀ ਨਹੀਂ ਸਗੋਂ ਸਾਰੇ ਯੂਰਪੀ ਦੇਸ਼ਾਂ 'ਚ ਹਿਜਾਬ ਪਾਉਣ ਵਾਲੀਆਂ ਕੁੜੀਆਂ ਲਈ ਤਾਹਿਰਾ ਇਕ ਮਿਸਾਲ ਬਣ ਕੇ ਸਾਹਮਣੇ ਆਈ ਹੈ। ਸ਼ਿਕਾਗੋ ਦੀ ਲੋਇਲਾ ਯੂਨੀਵਰਸਿਟੀ ਤੋਂ ਜਰਨੇਲਿਜ਼ਮ 'ਚ ਗ੍ਰੈਜੂਏਟ ਤਾਹਿਰਾ ਪੰਜਵੀਂ ਕਲਾਸ ਤੋਂ ਹਿਜਾਬ ਪਾ ਰਹੀ ਹੈ। ਉਸ ਨੇ ਦੱਸਿਆ ਕਿ ਪ੍ਰੋਫੈਸ਼ਨਲ ਲਾਈਫ ਦੀ ਸ਼ੁਰੂਆਤ 'ਚ ਉਸ ਦੇ ਸਾਥੀਆਂ ਨੇ ਸਾਫ ਕਹਿ ਦਿੱਤਾ ਸੀ ਕਿ ਉਹ ਹਿਜਾਬ ਪਾ ਕੇ ਕਦੇ ਕੈਮਰੇ 'ਤੇ ਨਹੀਂ ਆ ਸਕੇਗੀ ਪਰ ਇਸ ਗੱਲ ਨਾਲ ਤਾਹਿਰਾ ਦਾ ਵਿਸ਼ਵਾਸ ਨਾ ਟੁੱਟਿਆ ਅਤੇ 2 ਸਾਲਾਂ ਦੇ ਅੰਦਰ ਹੀ ਤਾਹਿਰਾ ਨੇ ਸਭ ਨੂੰ ਗਲਤ ਸਿੱਧ ਕਰ ਦਿੱਤਾ। 

PunjabKesari
ਉਸ ਨੇ ਦੱਸਿਆ,'' ਮੈਂ ਪੰਜਵੀਂ ਕਲਾਸ 'ਚ ਸੀ ਜਦ ਮੈਂ ਹਿਜਾਬ ਪਾਉਣਾ ਸ਼ੁਰੂ ਕੀਤਾ ਸੀ। ਉਸ ਸਮੇਂ ਮੇਰੇ ਪਰਿਵਾਰ ਵਾਲੇ ਵੀ ਇਸ ਫੈਸਲੇ ਨਾਲ ਹੈਰਾਨ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਅਮਰੀਕਾ ਵਰਗੇ ਦੇਸ਼ 'ਚ ਮੇਰਾ ਇਹ ਫੈਸਲਾ ਭਵਿੱਖ 'ਚ ਮੇਰੇ ਲਈ ਸਮੱਸਿਆ ਪੈਦਾ ਕਰ ਸਕਦਾ ਹੈ। ਮੇਰੀ ਮਾਂ ਵੀ ਮੇਰੇ ਇਸ ਫੈਸਲੇ ਦੇ ਖਿਲਾਫ ਸੀ ਪਰ ਮੈਂ ਆਪਣਾ ਫੈਸਲਾ ਲੈ ਲਿਆ ਸੀ। ਸਕੂਲ ਲਾਈਫ ਤਕ ਤਾਂ ਸਭ ਠੀਕ ਸੀ ਪਰ ਜਿਵੇਂ ਹੀ ਮੈਂ ਕਾਲਜ ਪੁੱਜੀ ਤਾਂ ਮੈਨੂੰ ਬਦਲਾਅ ਮਹਿਸੂਸ ਹੋਏ। ਮੇਰਾ ਕਾਲਜ ਕੈਥੋਲਿਕ ਸੀ, ਜਿੱਥੇ ਵਧੇਰੇ ਈਸਾਈ ਅਤੇ ਗ੍ਰੀਕ ਲੋਕ ਸਨ। ਜਦ ਮੈਂ ਹਿਜਾਬ ਪਾ ਕੇ ਕਾਲਜ ਜਾਂਦੀ ਸੀ ਤਾਂ ਲੋਕ ਮੈਨੂੰ ਘੂਰਦੇ ਸਨ। ਲੋਕ ਮੇਰੇ ਬਾਰੇ ਗੱਲਾਂ ਕਰਦੇ ਸਨ ਪਰ ਫਿਰ ਵੀ ਕਦੇ ਵੀ ਮੇਰਾ ਹੌਂਸਲਾ ਨਾ ਟੁੱਟਿਆ। ਮੈਨੂੰ ਕਈ ਲੋਕ ਚੰਗੇ ਵੀ ਮਿਲੇ, ਜਿਨ੍ਹਾਂ ਨੇ ਹਿਜਾਬ ਨੂੰ ਲੈ ਕੇ ਮੇਰੀਆਂ ਭਾਵਨਾਵਾਂ ਨੂੰ ਸਮਝਿਆ। ਇਸ ਦੇ ਬਾਅਦ ਪ੍ਰੋਫੈਸ਼ਨਲ ਜੀਵਨ 'ਚ ਵੀ ਲੋਕਾਂ ਨੇ ਮੈਨੂੰ ਸਾਫ ਕਹਿ ਦਿੱਤਾ ਸੀ ਕਿ ਅਮਰੀਕਾ ਕਦੇ ਵੀ ਮੇਰੇ ਹਿਜਾਬ ਨੂੰ ਸਵੀਕਾਰ  ਨਹੀਂ ਕਰੇਗਾ, ਖਾਸ ਕਰਕੇ ਕੈਮਰੇ ਦੇ ਸਾਹਮਣੇ ਤਾਂ ਕਦੇ ਵੀ ਨਹੀਂ।  ਹੁਣ ਮੈਂ ਹਿਜਾਬ ਪਾ ਕੇ ਹੀ ਨਿਊਜ਼ ਸ਼ੋਅ ਕਰਦੀ ਹਾਂ ਅਤੇ ਮੈਂ ਉਨ੍ਹਾਂ ਲੋਕਾਂ ਨੂੰ ਇਹ ਪ੍ਰਸ਼ਨ ਹੀ ਪੁੱਛਣਾ ਚਾਹੁੰਦੀ ਹਾਂ ਕਿ ਹੁਣ ਅਮਰੀਕਾ ਨੇ ਮੇਰੇ ਹਿਜਾਬ ਨੂੰ ਕਿਵੇਂ ਸਵੀਕਾਰ ਕੀਤਾ ਹੈ?


Related News