ਝੋਨੇ ਦੀ ਖਰੀਦ ਬਾਰੇ ਕੇਂਦਰ ਨੇ ਦਿੱਤਾ ਜਵਾਬ
Saturday, Sep 28, 2024 - 03:30 PM (IST)
ਚੰਡੀਗੜ੍ਹ : ਕੇਂਦਰ ਨੇ ਪੰਜਾਬ ਦੇ ਉਸ ਪੱਤਰ ਦਾ ਜਵਾਬ ਦਿੱਤਾ ਹੈ, ਜਿਸ ਵਿਚ ਪੰਜਾਬ ਨੇ ਝੋਨੇ ਦੀ ਲਿਫਟਿੰਗ ਜਲਦੀ ਕਰਨ ਦੀ ਮੰਗ ਕੀਤੀ ਸੀ। ਪੰਜਾਬ ਨੇ ਆਖਿਆ ਸੀ ਕਿ ਇਕ ਪਾਸੇ ਜਿੱਥੇ ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ, ਉਥੇ ਹੀ ਐੱਫ. ਸੀ. ਆਈ. ਵੱਲੋਂ ਲਿਫਟਿੰਗ ਨਾ ਕਰਨ ਦੇ ਚੱਲਦੇ ਪੰਜਾਬ ਦੇ ਮਿਲਰਸ ਵੀ ਨਾਰਾਜ਼ ਹਨ, ਜਿਸ ਕਾਰਣ ਉਨ੍ਹਾਂ ਵੱਲੋਂ ਮੰਡੀਆਂ ਵਿਚੋਂ ਫਸਲ ਚੁੱਕਣ ਲਈ ਆਨਾਕਾਨੀ ਕੀਤੀ ਜਾ ਰਹੀ ਹੈ, ਜਦਕਿ ਮੰਡੀਆਂ ਵਿਚ ਝੋਨੇ ਦੇ ਅੰਬਾਰ ਲੱਗ ਰਹੇ ਹਨ, ਲਿਹਾਜ਼ਾ ਲੋੜ ਹੈ ਕਿ ਜਲਦੀ ਤੋਂ ਜਲਦੀ 20 ਲੱਖ ਮੀਟ੍ਰਕ ਟਨ ਫਸਲ ਪੰਜਾਬ ਤੋਂ ਲਿਫਟਿੰਗ ਕੀਤੀ ਜਾਵੇ ਜਦਕਿ 1-9-2024 ਤੋਂ 22-9-2024 ਤੱਕ ਸਿਰਫ 6 ਲੱਖ ਮੀਟਰਕ ਟਨ ਝੋਨੇ ਦੀ ਲਿਫਟਿੰਗ ਹੋਈ ਹੈ।
ਦੂਜੇ ਪਾਸੇ ਕੇਂਦਰ ਨੇ ਇਸ ਦਾ ਜਵਾਬ ਦਿੰਦਿਆਂ ਆਖਿਆ ਕਿ ਐੱਫ. ਸੀ. ਆਈ. ਕੋਲ ਇਸ ਸਮੇਂ 132 ਲੱਖ ਮੀਟ੍ਰਕ ਟਨ ਕਣਕ ਅਤੇ ਚੌਲ ਪਏ ਹਨ ਜਦਕਿ ਐੱਫ. ਸੀ. ਆਈ. ਦੇ ਅਕਤੂਬਰ ਅਖੀਰ ਤਕ 15 ਲੱਖ ਮੀਟ੍ਰਕ ਅਨਾਜ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਦਸੰਬਰ 2024 ਤਕ ਸੂਬੇ ਦੀਆਂ ਏਜੰਸੀਆਂ ਵਿਚ 40 ਲੱਖ ਮੀਟ੍ਰਕ ਟਨ ਦੀ ਜਗ੍ਹਾ ਬਣਾਈ ਜਾਵੇਗੀ ਤਾਂ ਜੋ 2024-25 ਵਿਚ ਚੌਲਾਂ ਦੀ ਪੂਰਤੀ ਦੀ ਆਸਾਨੀ ਹੋ ਸਕੇ। ਨਾਲ ਹੀ ਵਿਚ 9 ਲੱਖ ਮੀਟ੍ਰਕ ਟਨ ਭੰਡਾਰਨ ਦੀ ਸਮਰੱਥ ਦੀ ਸੰਭਾਵਨਾ ਵੀ ਹੈ ਜਿਸ ਦੇ ਵੱਖੋ-ਵੱਖ ਪੱਧਰ 'ਤੇ ਕੰਮ ਚਲ ਰਿਹਾ ਹੈ।