2050 ਤੱਕ ਮੰਗਲ ਗ੍ਰਹਿ 'ਤੇ ਵਸਾਏ ਜਾਣਗੇ 10 ਲੱਖ ਲੋਕ!

Saturday, Jan 18, 2020 - 08:44 PM (IST)

2050 ਤੱਕ ਮੰਗਲ ਗ੍ਰਹਿ 'ਤੇ ਵਸਾਏ ਜਾਣਗੇ 10 ਲੱਖ ਲੋਕ!

ਸਾਨ ਫ੍ਰਾਂਸਿਸਕੋ- ਸਪੇਸਐਕਸ ਦੇ ਸੀਈਓ ਐਲਨ ਮਸਕ ਨੇ ਆਪਣੇ ਇਕ ਮੰਗਲ ਗ੍ਰਹਿ ਮਿਸ਼ਨ ਦਾ ਐਲਾਨ ਕੀਤਾ ਹੈ। ਉਹਨਾਂ ਨੇ ਸਾਲ 2050 ਤੱਕ ਇਸ ਲਾਲ ਗ੍ਰਹਿ 'ਤੇ 10 ਲੱਖ ਲੋਕਾਂ ਨੂੰ ਭੇਜਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਉਹਨਾਂ ਨੇ ਇਸ ਗੱਲ ਤੋਂ ਵੀ ਪਰਦਾ ਚੁੱਕਿਆ ਕਿ ਉਹ ਮੰਗਲ ਗ੍ਰਹਿ 'ਤੇ ਬਸਤੀ ਵਸਾਉਣ ਤੇ ਇਨਸਾਨਾਂ ਦੇ ਦੂਜੇ ਗ੍ਰਹਿਆਂ 'ਤੇ ਰਹਿਣ ਲਾਇਕ ਵਾਤਾਵਰਣ ਬਣਾਉਣ ਦੇ ਚੁਣੌਤੀਪੂਰਨ ਟੀਚੇ ਨੂੰ ਕਿਸ ਤਰ੍ਹਾਂ ਹਾਸਲ ਕਰਨ ਜਾ ਰਹੇ ਹਨ।

ਅਮਰੀਕੀ ਨਿੱਜੀ ਸਪੇਸ ਕੰਪਨੀ ਦੇ ਸੀਈਓ ਮਸਕ ਨੇ ਇਕ ਤੋਂ ਬਾਅਦ ਇਕ ਟਵੀਟਸ ਦੇ ਰਾਹੀਂ ਯੋਜਨਾ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਆਪਣੇ ਸਪੇਸਕ੍ਰਾਫਟ ਸਟਾਰਸ਼ਿਪ ਪ੍ਰੋਗਰਾਮ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਕੇਟ ਦੇ ਰਾਹੀਂ ਹਰ ਸਾਲ ਮੇਗਾਟਨ ਕਾਰਗੋ ਮੰਗਲ ਗ੍ਰਹਿ 'ਤੇ ਪਹੁੰਚਾਇਆ ਜਾਵੇਗਾ। ਇਸ ਨਾਲ ਇਸ ਗ੍ਰਹਿ ਨੂੰ 2050 ਤੱਕ ਇਨਸਾਨਾਂ ਦੇ ਰਹਿਣ ਦੇ ਯੋਗ ਬਣਾਇਆ ਜਾਵੇਗਾ।

ਮਸਕ ਨੇ ਇਕ ਟਵੀਟ ਵਿਚ ਆਪਣੇ ਤਿੰਨ ਕਰੋੜ ਤੋਂ ਜ਼ਿਆਦਾ ਫਾਲੋਅਰਸ ਨੂੰ ਕਿਹਾ ਕਿ ਸਟਾਰਸ਼ਿਪ ਦਾ ਡਿਜ਼ਾਇਨ ਇਸ ਤਰ੍ਹਾਂ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ਨਾਲ ਰੋਜ਼ਾਨਾ ਇਸ ਦੀਆਂ ਤਿੰਨ ਉਡਾਣਾਂ ਹੋ ਸਕਣਗੀਆਂ। ਇਸ ਤਰ੍ਹਾਂ ਇਕ ਸਾਲ ਵਿਚ ਇਸ ਦੀ ਇਕ ਹਜ਼ਾਰ ਤੋਂ ਜ਼ਿਆਦਾ ਉਡਾਣਾਂ ਹੋਣਗੀਆਂ। ਹਰ ਉਡਾਣ ਵਿਚ 100 ਟਨ ਸਾਮਾਨ ਭੇਜਿਆ ਜਾਵੇਗਾ। 48 ਸਾਲਾ ਮਸਕ ਨੇ ਦੱਸਿਆ ਕਿ ਸਪੇਸਐਕਸ ਦਾ ਟੀਚਾ 2050 ਤੱਕ 10 ਲੱਖ ਲੋਕਾਂ ਨੂੰ ਮੰਗਲ 'ਤੇ ਭੇਜਣ ਦਾ ਹੈ।

ਲੈਂਡਿੰਗ ਸਾਈਟ 'ਤੇ ਮੰਗੀ ਜਾਣਕਾਰੀ
ਬੀਤੇ ਸਾਲ ਸਤੰਬਰ ਵਿਚ ਸਪੇਸਐਕਸ ਨੇ ਅਮਰੀਕੀ ਸਪੇਸ ਏਜੰਸੀ ਨਾਸਾ ਤੋਂ ਲਾਲ ਗ੍ਰਹਿ 'ਤੇ ਅਜਿਹੀ ਸੰਭਾਵਿਤ ਲੈਂਡਿੰਗ ਸਾਈਟ ਬਾਰੇ ਜਾਣਕਾਰੀ ਮੰਗੀ ਸੀ, ਜਿਥੇ ਸਪੇਸਸ਼ਿਪ ਉਤਾਰੀ ਜਾ ਸਕੇ। ਸਪੇਸਐਕਸ ਅਜਿਹੀ ਸਪੇਸਸ਼ਿਪ ਦਾ ਨਿਰਮਾਣ ਕਰ ਰਿਹਾ ਹੈ, ਜਿਸ ਦੀ ਦੁਬਾਰਾ ਵਰਤੋਂ ਕੀਤੀ ਜਾ ਸਕੇ। ਇਸ ਤਰ੍ਹਾਂ ਦੀ ਸਪੇਸਸ਼ਿਪ ਨਾਲ ਇਨਸਾਨਾਂ ਤੇ ਸਾਮਾਨ ਨੂੰ ਮੰਗਲ ਗ੍ਰਹਿ 'ਤੇ ਪਹੁੰਚਾਇਆ ਜਾ ਸਕਦਾ ਹੈ। ਫਿਲਹਾਲ ਐਸਏਨਾ ਨਾਂ ਦੀ ਸਟਾਰਸ਼ਿਪ ਪ੍ਰੋਟੋਟਾਈਪ ਦਾ ਨਿਰਮਾਣ ਸਪੇਸਐਕਸ ਦੇ ਟੈਕਸਾਸ ਰਿਸਰਚ ਸੈਂਟਰ ਵਿਚ ਚੱਲ ਰਿਹਾ ਹੈ। ਮਸਕ ਨੇ ਲਾਲ ਗ੍ਰਹਿ 'ਤੇ ਰਹਿਣ ਯੋਗ ਮਾਹੌਲ ਬਣਾਉਣ ਦੀ ਲਾਗਤ ਦਾ ਅਨੁਮਾਨ ਲਾਇਆ ਹੈ। ਉਹਨਾਂ ਦਾ ਅਨੁਮਾਨ ਹੈ ਕਿ ਮੰਗਲ ਮਿਸ਼ਨ 'ਤੇ 700 ਲੱਖ ਕਰੋੜ ਦਾ ਖਰਚ ਆ ਸਕਦਾ ਹੈ।


author

Baljit Singh

Content Editor

Related News