ਮੁਸ਼ੱਰਫ ਕੋਲ ਮੋਟੀ ਜਾਇਦਾਦ, ਦੇਸ਼ ਤੋਂ ਵਿਦੇਸ਼ ਤੱਕ ਹਨ ਕਈ ਬੰਗਲੇ-ਬੈਂਕ ਅਕਾਊਂਟ

12/18/2019 8:41:32 AM

ਇਸਲਾਮਾਬਾਦ, (ਏਜੰਸੀਆਂ)– ਲਾਹੌਰ ਹਾਈ ਕੋਰਟ ਦੀ ਵਿਸ਼ੇਸ਼ ਬੈਂਚ ਤੋਂ ਮੌਤ ਦੀ ਸਜ਼ਾ ਪ੍ਰਾਪਤ ਪ੍ਰਵੇਜ਼ ਮੁਸ਼ੱਰਫ ਮੋਟੀ ਜਾਇਦਾਦ ਦੇ ਮਾਲਕ ਹਨ। ਇਹ ਜਾਇਦਾਦ ਪਾਕਿਸਤਾਨ ਤੋਂ ਲੈ ਕੇ ਦੁਨੀਆ ਦੇ ਕਈ ਦੇਸ਼ਾਂ ਤੱਕ ਫੈਲੀ ਹੋਈ ਹੈ। ਕਈ ਬੈਂਕਾਂ ਵਿਚ ਉਨ੍ਹਾਂ ਦੇ ਅਕਾਊਂਟ ਹਨ। ਪਾਕਿਸਤਾਨ ਦੀ ਅਦਾਲਤ ਨੇ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਸਾਰੀ ਜਾਇਦਾਦ ਨੂੰ ਜ਼ਬਤ ਕਰਨ ਅਤੇ ਬੈਂਕ ਖਾਤੇ ਫਰੀਜ਼ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਬਾਅਦ ਵਿਚ ਉਨ੍ਹਾਂ ਦੀ ਬੇਗਮ ਸਾਹਿਬਾ ਦੀ ਅਦਾਲਤ ਵਿਚ ਦਾਇਰ ਹੋਈ ਅਪੀਲ ਪਿੱਛੋਂ ਬੈਂਕ ਖਾਤਿਆਂ ’ਤੇ ਲੱਗੀ ਰੋਕ ਹਟਾ ਲਈ ਗਈ ਸੀ।

ਪਾਕਿਸਤਾਨ ਦੀ ਸਪੈਸ਼ਲ ਐਂਟੀ-ਟੈਰੇਰਿਜ਼ਮ ਅਦਾਲਤ ਨੇ ਪਿਛਲੇ ਦਿਨੀਂ ਫੈਡਰਲ ਇਨਵੈਸਟੀਗੇੇਟਿਵ ਏਜੰਸੀ ਨੂੰ ਮੁਸ਼ੱਰਫ ਦੀ ਜਾਇਦਾਦ ਦਾ ਪਤਾ ਲਾ ਕੇ ਸਾਰੀ ਸੂਚੀ ਦੇਣ ਲਈ ਕਿਹਾ ਸੀ। ਏਜੰਸੀ ਨੇ ਇਸ ਦਾ ਪਤਾ ਲਾਇਆ ਅਤੇ ਪੂਰੀ ਰਿਪੋਰਟ ਅਦਾਲਤ ਨੂੰ ਸੌਂਪੀ। ਇਸ ਵਿਚ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਮੁਸ਼ੱਰਫ ਕਿੰਨੀ ਜਾਇਦਾਦ ਦੇ ਮਾਲਕ ਹਨ। ਏਜੰਸੀ ਨੇ ਜੋ ਸੂਚੀ ਅਦਾਲਤ ਵਿਚ ਦਿੱਤੀ, ਉਸ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਮੁਸ਼ੱਰਫ ਕੋਲ ਬੇਹਿਸਾਬੀ ਜਾਇਦਾਦ ਹੈ।

ਪਾਕਿ ’ਚ 8 ਜਾਇਦਾਦਾਂ

ਮੁਸ਼ੱਰਫ ਕੋਲ ਪਾਕਿਸਤਾਨ ਵਿਚ 8 ਜਾਇਦਾਦਾਂ ਹਨ। ਇਨ੍ਹਾਂ ਵਿਚੋਂ ਕਰਾਚੀ ਦਾ 50 ਲੱਖ ਰੁਪਏ ਦੀ ਕੀਮਤ ਵਾਲਾ ਮਕਾਨ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਖਾਏਬਾਨ-ਏ-ਫੈਜ਼ਲ ਫੇਸ-8 ਵਿਖੇ 15 ਲੱਖ ਰੁਪਏ ਦਾ ਪਲਾਟ, ਕਰਾਚੀ ਦੀ ਡਿਫੈਂਸ ਹਾਊਸਿੰਗ ਅਥਾਰਟੀ ਵਿਚ 15 ਲੱਖ ਰੁਪਏ ਦੀ ਕੀਮਤ ਦਾ ਪਲਾਟ, ਡਿਫੈਂਸ ਹਾਊਸਿੰਗ ਅਥਾਰਟੀ ਫੇਸ-2 ਇਸਲਾਮਾਬਾਦ ਵਿਖੇ 7.5 ਕਰੋੜ ਦਾ ਪਲਾਟ, ਲਾਹੌਰ ਵਿਚ 60 ਲੱਖ ਰੁਪਏ ਦਾ ਪਲਾਟ ਅਤੇ ਇਸਲਾਮਾਬਾਦ ਦੇ ਚੱਕ ਸ਼ਹਿਜ਼ਾਦ ਵਿਖੇ 60 ਲੱਖ ਰੁਪਏ ਦੀ ਕੀਮਤ ਦਾ ਫਾਰਮ ਹਾਊਸ ਹੈ।

ਲੰਡਨ ਤੇ ਦੁਬਈ ’ਚ ਵੀ ਘਰ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਕੋਲ ਲੰਡਨ ਵਿਚ ਵੀ ਫਲੈਟ ਹੈ। ਇਸ ਫਲੈਟ ਦੀ ਕੀਮਤ 30 ਕਰੋੜ ਰੁਪਏ ਦੱਸੀ ਜਾਂਦੀ ਹੈ। ਮੁਸ਼ੱਰਫ ਪਿਛਲੇ ਦਿਨੀਂ ਇਸ ਫਲੈਟ ਨੂੰ ਵੇਚਣਾ ਚਾਹੁੰਦੇ ਸਨ। ਇਸ ਫਲੈਟ ਨੂੰ ਉਨ੍ਹਾਂ 10 ਸਾਲ ਪਹਿਲਾਂ 13 ਲੱਖ ਪੌਂਡ ਨਕਦ ਦੇ ਕੇ ਖਰੀਦਿਆ ਸੀ। ਦੁਬਈ ਵਿਚ ਵੀ ਉਨ੍ਹਾਂ ਕੋਲ ਇਕ ਬੰਗਲਾ ਹੈ। ਪਿਛਲੀ ਦਿਨੀਂ ਉਨ੍ਹਾਂ ਦੀ ਪਤਨੀ ਨੇ ਅਦਾਲਤ ਨੂੰ ਇਸਲਾਮਾਬਾਦ ’ਚ ਇਕ ਵੱਡਾ ਬੰਗਲਾ ਹੋਣ ਬਾਰੇ ਦੱਸਿਆ ਸੀ। ਪਤਨੀ ਨੇ ਕਿਹਾ ਸੀ ਕਿ ਇਹ ਬੰਗਲਾ ਮੇਰੇ ਨਾਂ ’ਤੇ ਹੈ। ਇਸ ਨੂੰ ਮੇਰੇ ਪਤੀ ਮੁਸ਼ੱਰਫ ਨੇ ਮੈਨੂੰ ਤੋਹਫੇ ਵਜੋਂ ਦਿੱਤਾ ਸੀ। ਪਤਨੀ ਨੇ ਇਹ ਵੀ ਦੱਸਿਆ ਸੀ ਕਿ ਮੁਸ਼ੱਰਫ ਪਰਿਵਾਰ 1-2 ਟਰੱਸਟ ਵੀ ਚਲਾਉਂਦਾ ਹੈ ਜੋ ਮੂਲ ਰੂਪ ਵਿਚ ਹੜ੍ਹ ਪੀੜਤਾਂ ਲਈ ਹਨ। ਮੁਸ਼ੱਰਫ ਦੀ ਸਭ ਤੋਂ ਵੱਧ ਰਕਮ ਲੰਡਨ ਦੇ ਬੈਂਕ ਖਾਤੇ ਵਿਚ ਹੈ।


Related News