ਸਕਾਟਲੈਂਡ : MP ਮਾਰਗਰੇਟ ਫੇਰੀਅਰ ਨੂੰ ਕੋਵਿਡ ਨਿਯਮਾਂ ਦੀ ਉਲੰਘਣਾ ਲਈ ਦੋਸ਼ੀ ਮੰਨਿਆ
Friday, Aug 19, 2022 - 04:06 AM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ਦੀ ਸਾਬਕਾ ਐੱਸ.ਐੱਨ.ਪੀ. ਪਾਰਟੀ ਦੀ ਐੱਮ.ਪੀ. ਮਾਰਗਰੇਟ ਫੇਰੀਅਰ ਨੂੰ ਕੋਵਿਡ ਦੌਰ ਦੇ ਦੌਰਾਨ ਸਤੰਬਰ 2020 ਵਿੱਚ ਇਕਾਂਤਵਾਸ ਹੋਣ ਲਈ ਕਹੇ ਜਾਣ ਤੋਂ ਬਾਅਦ ਸਕਾਟਲੈਂਡ ਅਤੇ ਲੰਡਨ ਵਿਚਕਾਰ ਇਕ ਰੇਲ ਗੱਡੀ 'ਚ ਯਾਤਰਾ ਕਰਕੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੀ ਦੋਸ਼ੀ ਮੰਨਿਆ ਗਿਆ ਹੈ। ਵੀਰਵਾਰ ਨੂੰ ਗਲਾਸਗੋ ਸ਼ੈਰਿਫ ਅਦਾਲਤ 'ਚ ਸੁਣਵਾਈ ਦੌਰਾਨ ਫੇਰੀਅਰ ਨੇ ਮੰਨਿਆ ਕਿ ਉਸ ਨੇ ਲਾਪ੍ਰਵਾਹੀ ਕੀਤੀ ਸੀ। ਸਕਾਟਿਸ਼ ਨੈਸ਼ਨਲ ਪਾਰਟੀ ਦੀ ਸਾਬਕਾ ਮੈਂਬਰ ਪਾਰਲੀਮੈਂਟ ਜੋ ਕਿ ਹੁਣ ਰਦਰਗਲੇਨ ਅਤੇ ਹੈਮਿਲਟਨ ਵੈਸਟ ਲਈ ਇਕ ਸੁਤੰਤਰ ਸੰਸਦ ਮੈਂਬਰ ਹੈ, ਨੂੰ ਅਕਤੂਬਰ 2020 ਵਿੱਚ ਨਿਯਮ ਤੋੜਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਦੀ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਖ਼ਬਰ ਇਹ ਵੀ : ...ਤੇ ਹੁਣ ਕੈਪਟਨ ਅਮਰਿੰਦਰ ਰਾਡਾਰ 'ਤੇ, ਉਥੇ ਕਿਸਾਨਾਂ ਨੇ ਮੁੜ ਘੱਤੀਆਂ ਲਖੀਮਪੁਰ ਵੱਲ ਵਹੀਰਾਂ, ਪੜ੍ਹੋ TOP 10
ਉਸ 'ਤੇ ਲੱਗੇ ਦੋਸ਼ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਜਾਣਬੁੱਝ ਕੇ ਗਲਾਸਗੋ ਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਯਾਤਰਾ ਕਰਨ ਦੇ ਨਾਲ-ਨਾਲ ਲੰਡਨ ਦੀ ਯਾਤਰਾ ਕਰਦਿਆਂ ਲੋਕਾਂ ਲਈ ਵਾਇਰਸ ਦੀ ਲਾਗ ਦਾ ਖਤਰਾ ਪੈਦਾ ਕੀਤਾ ਸੀ, ਜਦਕਿ ਇਸ ਯਾਤਰਾ ਦੇ ਪਿਛੋਕੜ ਦੀਆਂ ਰਿਪੋਰਟਾਂ ਇਕੱਠੀਆਂ ਕਰਨ ਲਈ ਸਜ਼ਾ ਅਗਲੇ ਮਹੀਨੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੋਵਿਡ ਟੈਸਟ ਦੇ ਨਤੀਜਿਆਂ ਦੀ ਉਡੀਕ ਕਰ ਰਹੀ ਫੇਰੀਅਰ ਨੇ 28 ਸਤੰਬਰ ਨੂੰ ਕਾਮਨਜ਼ ਵਿੱਚ ਗੱਲਬਾਤ ਕੀਤੀ ਸੀ। ਕੋਵਿਡ ਦੀ ਪਾਜ਼ੇਟਿਵ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਉਸ ਨੇ ਅਗਲੇ ਦਿਨ ਰੇਲ ਗੱਡੀ ਰਾਹੀਂ ਗਲਾਸਗੋ ਵਾਪਸ ਜਾਣ ਦਾ ਫੈਸਲਾ ਕੀਤਾ ਸੀ ਕਿਉਂਕਿ ਉਹ 2 ਹਫ਼ਤਿਆਂ ਲਈ ਲੰਡਨ ਦੇ ਇਕ ਹੋਟਲ ਦੇ ਕਮਰੇ ਵਿੱਚ ਇਕਾਂਤਵਾਸ ਹੋਣ ਬਾਰੇ ਚਿੰਤਤ ਸੀ। ਬਾਅਦ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਫੇਰੀਅਰ ਨੇ ਆਪਣੇ ਟੈਸਟ ਨਤੀਜਿਆਂ ਦੀ ਉਡੀਕ ਕਰਦੇ ਸਮੇਂ ਇਕ ਬਿਊਟੀ ਸੈਲੂਨ ਅਤੇ ਇਕ ਦੁਕਾਨ ਸਮੇਤ ਆਪਣੇ ਹਲਕੇ ਵਿੱਚ ਸਥਾਨਾਂ ਦਾ ਦੌਰਾ ਕੀਤਾ ਸੀ।
ਖ਼ਬਰ ਇਹ ਵੀ : UK: ਕੋਵਿਡ ਬੂਸਟਰ ਰੋਲਆਊਟ ਇੰਗਲੈਂਡ ਵਿੱਚ ਸਤੰਬਰ 'ਚ ਹੋਵੇਗਾ ਸ਼ੁਰੂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।