ਮਾਊਂਟ ਲੇਵੋਟੋਬੀ ਜਵਾਲਾਮੁਖੀ ਸਰਗਰਮ, ਸੁਰੱਖਿਅਤ ਥਾਂਵਾਂ 'ਤੇ ਪਹੁੰਚਾਏ ਗਏ 6,500 ਲੋਕ (ਤਸਵੀਰਾਂ)
Monday, Jan 15, 2024 - 03:39 PM (IST)
ਫਲੋਰਸ ਤੈਮੂਰ (ਏਜੰਸੀ): ਇੰਡੋਨੇਸ਼ੀਆ ਦੇ ਮਾਊਂਟ ਲੇਵੋਟੋਬੀ ਲਾਕੀ-ਲਾਕੀ ਜਵਾਲਾਮੁਖੀ ਦੇ ਪਿਛਲੇ ਕਈ ਦਿਨਾਂ ਤੋਂ ਸਰਗਰਮ ਹੋਣ ਕਾਰਨ ਆਸਮਾਨ ਨੂੰ ਸੰਘਣੇ ਧੂੰਏਂ ਨੇ ਢੱਕ ਲਿਆ ਹੈ ਅਤੇ ਆਸਪਾਸ ਦੇ ਇਲਾਕਿਆਂ ਵਿਚ ਸੁਆਹ ਦੀ ਪਰਤ ਦਿਖਾਈ ਦੇ ਰਹੀ ਹੈ। ਫਲੋਰਸ ਟਾਪੂ ਤੋਂ ਲਗਭਗ 6,500 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ ਕੋਈ ਜਾਨੀ ਜਾਂ ਵੱਡਾ ਨੁਕਸਾਨ ਨਹੀਂ ਹੋਇਆ ਹੈ।
ਪੂਰਬੀ ਨੁਸਾ ਤੇਂਗਾਰਾ ਸੂਬੇ ਵਿੱਚ ਜਵਾਲਾਮੁਖੀ ਫਟਣ ਦੀਆਂ ਘਟਨਾਵਾਂ ਲਗਾਤਾਰ ਦਰਜ ਕੀਤੀਆਂ ਜਾ ਰਹੀਆਂ ਹਨ, ਜੋ ਕਿ ਗਰਮ ਗੈਸ ਦੇ ਲੀਕ ਹੋਣ ਕਾਰਨ ਹਾਲ ਹੀ ਦੇ ਦਿਨਾਂ ਵਿੱਚ ਵਧੀਆਂ ਹਨ। ਫਲੋਰਸ ਤੈਮੂਰ ਜ਼ਿਲੇ ਵਿੱਚ 1,584 ਮੀਟਰ ਉੱਚਾ ਇਹ ਇਕਲੌਤਾ ਅਜਿਹਾ ਪਹਾੜ ਹੈ ਜਿੱਥੇ "ਜੁੜਵਾਂ ਜੁਆਲਾਮੁਖੀ" - ਲੇਵੋਟੋਬੀ ਲਾਕੀ-ਲਾਕੀ ਅਤੇ ਲੇਵੋਟੋਬੀ ਪੇਰੇਮਪੁਆਨ ਹੈ। ਇਸ ਜਵਾਲਾਮੁਖੀ 'ਚ ਐਤਵਾਰ ਤੋਂ ਹੁਣ ਤੱਕ 40 ਵਿਸਫੋਟ ਰਿਕਾਰਡ ਕੀਤੇ ਜਾ ਚੁੱਕੇ ਹਨ ਅਤੇ ਇਸ ਦੌਰਾਨ ਸੁਆਹ ਨੂੰ 500-1500 ਮੀਟਰ ਦੀ ਉਚਾਈ ਤੱਕ ਉੱਡਦਾ ਦੇਖਿਆ ਗਿਆ।
ਅਧਿਕਾਰੀਆਂ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਜਵਾਲਾਮੁਖੀ ਮੰਗਲਵਾਰ ਨੂੰ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਚੜ੍ਹ ਸਕਦਾ ਹੈ, ਜਿਸ ਤੋਂ ਬਾਅਦ ਨੇੜਲੇ ਪਿੰਡਾਂ ਦੇ ਲੋਕ ਜਾਂ ਤਾਂ ਆਪਣੇ ਰਿਸ਼ਤੇਦਾਰਾਂ ਦੇ ਸਥਾਨਾਂ 'ਤੇ ਚਲੇ ਗਏ ਹਨ ਜਾਂ ਆਸਰਾ ਕੇਂਦਰਾਂ 'ਚ ਸ਼ਰਨ ਲਈ ਹਨ। ਅਧਿਕਾਰੀਆਂ ਨੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਵਿਸਫੋਟ ਵਾਲੇ ਖੇਤਰ ਦੇ ਚਾਰ ਕਿਲੋਮੀਟਰ ਦੇ ਘੇਰੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਅਤੇ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਠੰਡਾ ਲਾਵਾ ਭਾਰੀ ਬਾਰਸ਼ ਦੌਰਾਨ ਨਦੀਆਂ ਵਿੱਚ ਵਹਿ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਈਸਲੈਂਡ 'ਚ ਫੁਟਿਆ ਜਵਾਲਾਮੁਖੀ, ਫਿਸ਼ਿੰਗ ਟਾਊਨ ਤੱਕ ਫੈਲਿਆ 'ਲਾਵਾ' (ਤਸਵੀਰਾਂ)
ਲੇਵੋਟੋਬੀ ਲਾਕੀ-ਲਾਕੀ ਜਵਾਲਾਮੁਖੀ 27 ਕਰੋੜ ਦੀ ਆਬਾਦੀ ਵਾਲੇ ਇੰਡੋਨੇਸ਼ੀਆ ਵਿੱਚ 120 ਸਰਗਰਮ ਜੁਆਲਾਮੁਖੀ ਵਿੱਚੋਂ ਇੱਕ ਹੈ। ਇਸ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਇੰਡੋਨੇਸ਼ੀਆ ਦੇ ਸੁਮਾਤਰਾ ਸੂਬੇ 'ਚ ਮਾਊਂਟ ਮਾਰਾਪੀ ਜਵਾਲਾਮੁਖੀ ਫਟ ਗਿਆ ਸੀ, ਜੋ ਦਸੰਬਰ ਤੋਂ ਬਾਅਦ ਦੂਜੀ ਵਾਰ ਫਟਿਆ ਹੈ। ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਚਿਤਾਵਨੀ ਦੇ ਮੱਦੇਨਜ਼ਰ ਸ਼ੁੱਕਰਵਾਰ ਅਤੇ ਐਤਵਾਰ ਦਰਮਿਆਨ ਆਸ-ਪਾਸ ਦੇ ਇਲਾਕਿਆਂ ਤੋਂ ਘੱਟੋ-ਘੱਟ 100 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।