ਲਾਪਤਾ ਲੜਕੀ ਨੇ ਮਾਂ ਨੂੰ ਫੋਨ ਉੱਤੇ ਰੋਂਦੇ ਹੋਏ ਕਿਹਾ— ''ਮੈਨੂੰ ਇੱਥੋਂ ਲੈ ਜਾਓ''

07/13/2017 3:02:41 PM

ਮੈਲਬੌਰਨ— ਆਸਟਰੇਲੀਆ ਦੇ ਉੱਤਰੀ ਮੈਲਬੌਰਨ ਵਿਚ ਬੀਤੇ 3 ਦਿਨਾਂ ਤੋਂ 12 ਸਾਲਾ ਲੜਕੀ ਲਾਪਤਾ ਹੈ ਅਤੇ ਪੁਲਸ ਨੇ ਉਸ ਦੀ ਭਾਲ ਲਈ ਜਨਤਾ ਨੂੰ ਅਪੀਲ ਕੀਤੀ ਹੈ। ਪੁਲਸ ਨੇ ਦੱਸਿਆ ਕਿ ਐਂਜਲ ਨਾਂ ਦੀ ਇਸ 12 ਸਾਲਾ ਲੜਕੀ ਨੂੰ ਆਖਰੀ ਵਾਰ ਸੋਮਵਾਰ ਨੂੰ ਰੋਕਸਬਰਗ ਪਾਰਕ ਵਿਚ ਸਥਿਤ ਘਰ ਵਿਚ ਦੇਖਿਆ ਗਿਆ ਸੀ। ਜਾਂਚਕਰਤਾਵਾਂ ਦਾ ਕਹਿਣਾ ਸੀ ਕਿ ਐਂਜਲ ਨੇ ਮੰਗਲਵਾਰ ਦੀ ਸਵੇਰ ਨੂੰ ਬਰੋਡਮੇਆਡੋਜ਼ ਸਥਿਤ ਸ਼ਾਪਿੰਗ ਸੈਂਟਰ ਨੇੜਿਓਂ ਆਪਣੀ ਮਾਂ ਨਾਲ ਸੰਪਰਕ ਕਾਇਮ ਕੀਤਾ ਸੀ। ਉਨ੍ਹਾਂ ਦੱਸਿਆ ਕਿ ਐਂਜਲ ਰੋ ਰਹੀ ਸੀ ਅਤੇ ਕਹਿ ਰਹੀ ਸੀ ਕਿ ਮਾਂ ਮੈਨੂੰ ਇੱਥੋਂ ਲੈ ਜਾਓ, ਮਾਂ ਨੇ ਪੁੱਛਿਆ ਕੀ ਤੂੰ ਕਿੱਥੇ ਹੈ? ਪਰ ਬਾਅਦ ਵਿਚ ਫੋਨ ਕੱਟਿਆ ਗਿਆ।
ਕੱਲ ਉਸ ਨੇ ਮੁੜ ਆਪਣੀ ਮਾਂ ਨਾਲ ਸੰਪਰਕ ਕੀਤਾ ਪਰ ਉਸ ਨੇ ਆਪਣਾ ਟਿਕਾਣਾ ਨਹੀਂ ਦੱਸਿਆ। ਪੁਲਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰ ਲਾਪਤਾ ਹੋਈ ਐਂਜਲ ਨੂੰ ਲੈ ਕੇ ਚਿੰਤਾ ਵਿਚ ਹਨ। ਜਿਸ ਕਾਰਨ ਪੁਲਸ ਨੇ ਲੜਕੀ ਦੀ ਭਾਲ ਲਈ ਜਨਤਾ ਨੂੰ ਅਪੀਲ ਕੀਤੀ ਹੈ, ਜਿਸ ਕਿਸੇ ਨੂੰ ਵੀ ਲੜਕੀ ਬਾਰੇ ਪਤਾ ਲੱਗੇ, ਉਹ ਸਾਡੇ ਨਾਲ ਸੰਪਰਕ ਕਾਇਮ ਕਰੇ।


Related News