16 ਵਾਰ ਕੁੱਖ ਉਜੜਨ ਤੋਂ ਬਾਅਦ ਭਰੀ ਸੀ ਝੋਲੀ, ਕੁਝ ਪਲਾਂ ਦੀਆਂ ਖੁਸ਼ੀਆਂ ਦੇ ਕੇ ਉਮਰਾਂ ਦਾ ਰੋਣਾ ਦੇ ਗਈ ਬੱਚੀ (ਤਸਵੀਰਾਂ)

10/27/2016 12:56:43 PM

 ਲੰਡਨ— ਇਕ ਔਰਤ ਲਈ ਦੁਨੀਆ ਦੀ ਸਭ ਤੋਂ ਵੱਡੀ ਸੌਗਾਤ ਉਸ ਦਾ ਮਾਂ ਬਣਨਾ ਹੁੰਦਾ ਹੈ ਪਰ ਜਦੋਂ ਰੱਬ ਵਾਰ-ਵਾਰ ਇਹ ਸੌਗਾਤ ਉਸ ਦੀ ਝੋਲੀ ਵਿਚ ਪਾ ਕੇ ਖੋਹ ਲਵੇ ਤਾਂ ਜੋ ਦੁੱਖ ਉਸ ਔਰਤ ਨੂੰ ਹੁੰਦਾ ਹੈ, ਉਹ ਸ਼ਾਇਦ ਦੁਨੀਆ ਦੀ ਕੋਈ ਸ਼ੈਅ ਦੂਰ ਨਹੀਂ ਕਰ ਸਕਦੀ। ਬ੍ਰਿਟੇਨ ਦੀ ਇਕ ਔਰਤ ਲੀਜੀ ਏਲਨ ਨਾਲ ਕਿਸਮਤ ਨੇ ਕੁਝ ਅਜਿਹਾ ਹੀ ਖੇਡ ਖੇਡਿਆ। 16 ਵਾਰ ਗਰਭਪਾਤ ਹੋਣ ਤੋਂ ਬਾਅਦ ਉਸ ਨੇ ਇਕ ਧੀ ਨੂੰ ਜਨਮ ਦਿੱਤਾ ਸੀ। ਉਸ ਨੂੰ ਲੱਗਿਆ ਸੀ ਕਿ ਜਿਵੇਂ ਉਸ ਨੂੰ ਸਾਰੀ ਦੁਨੀਆ ਦੀ ਦੌਲਤ ਹਾਸਲ ਹੋ ਗਈ ਪਰ ਇਹ ਦੌਲਤ ਉਸ ਕੋਲ ਜ਼ਿਆਦਾ ਦੇਰ ਠਹਿਰ ਨਾ ਸਕੀ। 4 ਜੂਨ ਨੂੰ ਲੀਜੀ ਦੀ 15 ਮਹੀਨਿਆਂ ਦੀ ਧੀ ਦੀ ਮੇਨਿਨਜਾਇਟਿਸ ਬੀਮਾਰੀ ਕਾਰਨ ਮੌਤ ਹੋ ਗਈ। ਬੱਚੀ ਦਾ ਜਨਮ 2014 ਨੂੰ ਨਵੇਂ ਸਾਲ ਵਾਲੇ ਦਿਨ ਹੋਇਆ ਸੀ। ਉਸ ਦਾ ਜਨਮ ਸਮੇਂ ਤੋਂ ਢਾਈ ਮਹੀਨੇ ਪਹਿਲਾਂ ਹੀ ਹੋ ਗਿਆ ਸੀ। 

ਲੀਜੀ ਏਲਨ ਨੇ ਹੁਣ ਆਪਣੇ ਬੱਚਿਆਂ ਨੂੰ ਵਾਰ-ਵਾਰ ਖੋਹਣ ਅਤੇ ਮੇਨਿਨਜਾਇਟਿਸ ਬੀਮਾਰੀ ਦੀ ਗੰਭੀਰਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੀ ਕਹਾਣੀ ਸਾਂਝੀ ਕੀਤੀ ਹੈ। ਲੀਜੀ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਨੂੰ ਬੁਖਾਰ ਹੋ ਗਿਆ ਸੀ। ਜਿਸ ਕਰਕੇ ਉਨ੍ਹਾਂ ਨੇ ਉਸ ਨੂੰ ਪਾਣੀ ਅਤੇ ਕਾਲਪੋਲ ਦੀ ਦਵਾਈ ਦਿੱਤੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਫਲੂ ਕੋਈ ਆਮ ਨਹੀਂ ਸਗੋਂ ਮੇਨਿਨਜਾਇਟਿਸ ਨਾਮੀ ਬੀਮਾਰੀ ਸੀ। ਦਵਾਈ ਦਿੱਤੇ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਬੱਚੀ ਨੂੰ ਦਿਲ ਦੇ ਚਾਰ ਦੌਰੇ ਪਏ। ਬੱਚੀ ਆਪਣੇ ਪਿਤਾ ਦੀ ਗੋਦ ਵਿਚ ਬੇਹੋਸ਼ ਹੁੰਦੀ ਜਾ ਰਹੀ ਸੀ। ਇਹ ਦੇਖ ਕੇ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਰਾਤ 11.04 ਵਜੇ ਦੇ ਕਰੀਬ ਉਸ ਦੀ ਮੌਤ ਹੋ ਗਈ। ਲੀਜੀ ਨੇ ਆਪਣੀ ਬੇਟੀ ਦੇ ਮੌਤ ਦੇ ਦਿਨ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਇਕ ਦਿਨ ਪਹਿਲਾਂ ਉਹ ਖਿੜ-ਖਿੜ ਹੱਸ ਰਹੀ ਸੀ ਅਤੇ ਖੇਡ ਰਹੀ ਸੀ। ਉਸ ਦਾ ਹਾਸਾ ਦੇਖ ਕੇ ਉਨ੍ਹਾਂ ਪਤੀ-ਪਤਨੀ ਦੇ ਸਾਰੇ ਦੁੱਖ ਕੱਟੇ ਗਏ ਸਨ ਪਰ ਉਹ ਬੱਚੀ ਕੁਝ ਪਲਾਂ ਦੀ ਖੁਸ਼ੀ ਦੇ ਕੇ ਉਨ੍ਹਾਂ ਨੂੰ ਉਮਰਾਂ ਦਾ ਰੋਣਾ ਦੇ ਗਈ। ਲੀਜੀ ਲੋਕਾਂ ਨੂੰ ਦੱਸਣਾ ਚਾਹੁੰਦੀ ਹੈ ਕਿ ਮੇਨਿਨਜਾਇਟਿਸ ਇਕ ਜਾਨਲੇਵਾ ਬੀਮਾਰੀ ਹੈ। ਇਸ ਦੇਖਣ ਨੂੰ ਆਮ ਫਲੂ ਵਰਗੀ ਬੀਮਾਰੀ ਲੱਗਦੀ ਹੈ ਪਰ ਇਹ ਮਿੰਟਾਂ ਵਿਚ ਕਿਸੇ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਬ੍ਰਿਟੇਨ ਵਿਚ ਮੇਨਿਨਜਾਇਟਿਸ਼ ਨਾਲ ਹੁਣ ਤੱਕ ਕਈ ਮੌਤਾਂ ਹੋ ਚੁੱਕੀਆਂ ਹਨ।

Kulvinder Mahi

News Editor

Related News