ਜਾਰਜ ਦੀ ਮੌਤ ਪਿੱਛੋਂ USA ਦੇ ਮਿਨੀਪੋਲਿਸ 'ਚ ਪੁਲਸ ਵਿਭਾਗ ਹੋਵੇਗਾ ਖ਼ਤਮ!

06/08/2020 10:26:07 AM

ਵਾਸ਼ਿੰਗਟਨ— ਜਾਰਜ ਫਲਾਇਡ ਦੀ ਮੌਤ ਮਗਰੋਂ ਅਮਰੀਕਾ 'ਚ ਪੁਲਸ ਪ੍ਰਣਾਲੀ ਖਿਲਾਫ ਸ਼ੁਰੂ ਹੋਏ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਮਿਨੀਪੋਲਿਸ ਨਗਰ ਪ੍ਰੀਸ਼ਦ ਆਉਣ ਵਾਲੇ ਮਹੀਨਿਆਂ 'ਚ ਸਿਟੀ ਦੇ ਲੋਕਲ ਪੁਲਸ ਵਿਭਾਗ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਗੱਲ ਪ੍ਰੀਸ਼ਦ ਦੇ ਮੈਂਬਰਾਂ ਨੇ ਸਾਂਝਾ ਬਿਆਨ ਜਾਰੀ ਕਰਕੇ ਕਹੀ ਹੈ। ਮਿਨੀਪੋਲਿਸ ਸਿਟੀ ਕੌਂਸਲ ਨੇ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਲਈ 'ਜਨਤਕ ਸੁਰੱਖਿਆ' ਦਾ ਇਕ ਨਵਾਂ ਮਾਡਲ ਬਣਾਇਆ ਜਾਵੇਗਾ।

ਜਾਰਜ ਫਲਾਇਡ ਦੀ ਮੌਤ 25 ਮਈ ਨੂੰ ਮਿਨੀਪੋਲਿਸ ਦੇ ਇਕ ਪੁਲਸ ਅਧਿਕਾਰੀ ਵੱਲੋਂ ਤਕਰੀਬਨ ਨੌ ਮਿੰਟ ਤੱਕ ਉਸ ਦੀ ਗਰਦਣ ਗੋਡਿਆਂ ਨਾਲ ਦਬਾਈ ਰੱਖਣ ਕਾਰਨ ਹੋ ਗਈ ਸੀ। ਚਾਰ ਅਧਿਕਾਰੀ ਹੁਣ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਮਿਨੀਪੋਲਿਸ ਯੂ. ਐੱਸ. ਏ. ਦੇ ਮਿਨੇਸੋਟਾ ਦਾ ਇਕ ਪ੍ਰਮੁੱਖ ਸ਼ਹਿਰ ਹੈ।

ਪ੍ਰੀਸ਼ਦ ਦੇ ਮੈਂਬਰ ਤੇ ਮਿਨੀਪੋਲਿਸ ਦੇ ਅਟਾਰਨੀ ਜਨਰਲ ਕੈਥ ਐਲੀਸਨ ਦੇ ਪੁੱਤਰ ਜੇਰੇਮਿਆ ਐਲੀਸਨ ਨੇ ਕਿਹਾ, ''ਪ੍ਰੀਸ਼ਦ ਪੁਲਸ ਵਿਭਾਗ ਨੂੰ ਖ਼ਤਮ ਕਰਨ ਜਾ ਰਹੀ ਹੈ।''
ਉਨ੍ਹਾਂ ਕਿਹਾ ਕਿ ਇਸ ਸਿਲਸਿਲੇ 'ਚ ਸਿਟੀ ਪਾਕਰ 'ਚ ਪ੍ਰੀਸ਼ਦ ਮੈਂਬਰਾਂ ਦੀ ਐਤਵਾਰ ਨੂੰ ਬੈਠਕ ਹੋਈ। ਇਸ ਲਈ ਲੋਕਾਂ ਦਾ ਸਮਰਥਨ ਜ਼ਰੂਰੀ ਹੈ। ਇਸ ਦੌਰਾਨ ਪ੍ਰੀਸ਼ਦ ਦੇ 13 ਮੈਂਬਰ ਮੌਜੂਦ ਸਨ। ਪ੍ਰੀਸ਼ਦ ਦੇ ਬਿਆਨ 'ਚ ਕਿਹਾ ਗਿਆ, 'ਪੁਲਸ ਵਿਭਾਗ 'ਚ ਦਹਾਕਿਆਂ ਤੋਂ ਸੁਧਾਰਾਂ ਦੀਆਂ ਕੋਸ਼ਿਸ਼ਾਂ ਨੇ ਸਾਬਤ ਕਰ ਦਿੱਤਾ ਹੈ ਕਿ ਮਿਨੀਪੋਲਿਸ ਵਿਭਾਗ 'ਚ ਸੁਧਾਰ ਨਹੀਂ ਕੀਤਾ ਜਾ ਸਕਦਾ ਹੈ ਅਤੇ ਉਹ ਕਦੇ ਵੀ ਆਪਣੀ ਕਾਰਵਾਈ ਲਈ ਜਵਾਬਦੇਹ ਨਹੀਂ ਹੋਵੇਗਾ। ਅਸੀਂ ਅੱਜ ਮਿਨੀਪੋਲਿਸ ਵਿਭਾਗ ਨੂੰ ਖ਼ਤਮ ਕਰਨ ਅਤੇ ਸ਼ਹਿਰ 'ਚ ਸੁਰੱਖਿਆ ਲਈ ਨਵਾਂ ਪਰਿਵਰਤਨਕਾਰੀ ਮਾਡਲ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।''


Lalita Mam

Content Editor

Related News