ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਲਈ ਪਾਣੀ ਵਾਂਗ ਵਹਾ ਰਹੇ ਹਨ ਡਾਲਰ

12/28/2019 2:15:05 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਮੀਡੀਆ ਮੁਗਲ ਮਾਈਕਲ ਬਲੂਮਬਰਗ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਹਾਸਲ ਕਰਨ ਪਾਣੀ ਵਾਂਗ ਡਾਲਰ ਵਹਾ ਰਹੇ ਹਨ। ਉਨ੍ਹਾਂ ਨੇ ਡਿਜ਼ੀਟਲ ਅਤੇ ਟੀ. ਵੀ. ਵਿਗਿਆਪਨਾਂ 'ਤੇ ਹੁਣ ਤੱਕ ਕਰੀਬ 12 ਕਰੋੜ ਡਾਲਰ (ਕਰੀਬ 855 ਕਰੋੜ ਰੁਪਏ) ਖਰਚ ਕਰ ਦਿੱਤੇ ਹਨ। ਅਮਰੀਕਾ 'ਚ ਅਗਲੇ ਸਾਲ ਨਵੰਬਰ 'ਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਮੀਡੀਆ ਰਿਪੋਰਟ ਮੁਤਾਬਕ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਤੋਂ ਉਮੀਦਵਾਰ ਬਣਨ ਲਈ ਕਰੀਬ ਡੇਢ ਦਰਜਨ ਲੋਕ ਆਪਣੀ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ। ਰਾਸ਼ਟਰਪਤੀ ਉਮੀਦਵਾਰ ਤੈਅ ਕਰਨ ਲਈ ਪਾਰਟੀ 'ਚ ਕਰੀਬ 2 ਮਹੀਨੇ ਬਾਅਦ ਰਾਜ 'ਚ ਪ੍ਰਾਇਮਰੀ ਚੋਣਾਂ ਹੋਣੀਆਂ ਹਨ। ਇਸ ਦੌੜ 'ਚ 77 ਸਾਲਾ ਬਲੂਮਬਰਗ ਨੇ ਬੀਤੇ ਨਵੰਬਰ 'ਚ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ।
 
ਇਸ ਮਾਮਲੇ ਨੂੰ ਲੈ ਕੇ ਪੋਲੀਟਿਕੋ ਮੈਗਜ਼ੀਨ ਤੋਂ ਮਿਲੀ ਜਾਣਕਾਰੀ ਮੁਤਾਬਕ, ਨਿਊਯਾਰਕ ਦੇ ਮੇਅਰ ਰਹਿ ਚੁੱਕੇ ਬਲੂਮਬਰਗ ਅਮਰੀਕਾ ਦੇ ਸਾਰੇ 50 ਰਾਜਾਂ 'ਚ ਵਿਗਿਆਪਨਾਂ 'ਤੇ ਕਾਫੀ ਖਰਚਾ ਕਰ ਰਹੇ ਹਨ ਪਰ ਕੈਲੀਫੋਰਨੀਆ, ਟੈਕਸਾਸ ਅਤੇ ਫਲੋਰੀਡਾ ਵਰਗੇ ਵੱਡੇ ਸੂਬਿਆਂ 'ਤੇ ਉਨ੍ਹਾਂ ਦੀ ਖਾਸ ਨਜ਼ਰ ਹੈ। ਮੇਅਰ ਚੋਣਾਂ 'ਚ ਬਲੂਮਬਰਗ ਲਈ ਕੰਮ ਕਰ ਚੁੱਕੇ ਸਿਆਸੀ ਰਣਨੀਤੀਕਾਰ ਜਿਮ ਮੈਕਲਾਘਲਿਨ ਨੇ ਆਖਿਆ ਕਿ ਸਾਨੂੰ ਪ੍ਰਾਇਮਰੀ ਚੋਣਾਂ 'ਚ ਇੰਨਾ ਜ਼ਿਆਦਾ ਖਰਚ ਦੇਖਣ ਨੂੰ ਕਦੇ ਨਹੀਂ ਮਿਲਿਆ। ਕਵਿਨਨੀਪਿਆਕ ਯੂਨੀਵਰਸਿਟੀ ਵੱਲੋਂ ਪਿਛਲੇ ਹਫਤੇ ਜਾਰੀ ਇਕ ਰਾਸ਼ਟਰ ਵਿਆਪੀ ਸਰਵੇਖਣ ਮੁਤਾਬਕ ਡੈਮੋਕ੍ਰੇਟਿਕ ਪਾਰਟੀ 'ਚ ਰਾਸ਼ਟਰਪਤੀ ਉਮੀਦਵਾਰੀ ਦੀ ਦੌੜ 'ਚ ਸਾਬਕਾ ਰਾਸ਼ਟਰਪਤੀ ਜੋਅ ਬਿਡੇਨ 30 ਫੀਸਦੀ ਵੋਟਾਂ ਹਾਸਲ ਕਰਕੇ ਸਭ ਤੋਂ ਅੱਗੇ ਰਹੇ। ਇਸ ਤੋਂ ਬਾਅਦ 17 ਫੀਸਦੀ ਵੋਟਾਂ ਦੇ ਨਾਲ ਸੰਸਦ ਮੈਂਬਰ ਏਲੀਜ਼ਾਬੇਥ ਵਾਰੇਨ ਹਨ। ਬਲੂਮਬਰਗ ਸਿਰਫ 7 ਫੀਸਦੀ ਵੋਟਾਂ ਦੇ ਨਾਲ 5ਵੇਂ ਨੰਬਰ 'ਤੇ ਹਨ।


Khushdeep Jassi

Content Editor

Related News