ਖੇਤੀ ਕਾਨੂੰਨਾਂ ਖ਼ਿਲਾਫ਼ ਮੈਲਬੌਰਨ ਦੀਆਂ ਸੜਕਾਂ 'ਤੇ ਉੱਤਰੇ ਲੋਕ
Tuesday, Dec 08, 2020 - 09:53 AM (IST)
ਮੈਲਬੌਰਨ,(ਮਨਦੀਪ ਸਿੰਘ ਸੈਣੀ)- ਖੇਤੀ ਕਾਨੂੰਨਾਂ ਨੂੰ ਲੈ ਕੇ ਦੁਨੀਆ ਭਰ ਵਿਚ ਵਸਦੇ ਕਿਸਾਨ ਹਮਾਇਤੀਆਂ ਵਲੋਂ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਤੇ ਦੁਨੀਆਂ ਭਰ ਵਿਚ ਹੀ ਧਰਨੇ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਜਾਰੀ ਹੈ। ਭਾਰਤੀ ਹਕੂਮਤ ਵੱਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਆਸਟ੍ਰੇਲੀਆ ਦੇ ਸਿਆਸੀ ਆਗੂਆਂ ਨੇ ਵੀ ਕਿਸਾਨਾਂ ਦੇ ਹੱਕ ਵਿਚ ਨਾਅਰਾ ਬੁਲੰਦ ਕੀਤਾ ਹੈ ।
ਬੀਤੇ ਦਿਨਾਂ ਵਿਚ ਮੈਲਬੌਰਨ ਦੇ ਵੱਖ-ਵੱਖ ਹਿੱਸਿਆਂ ਵਿਚ ਪੰਜਾਬੀ ਭਾਈਚਾਰੇ ਵੱਲੋਂ ਕਿਸਾਨਾਂ ਦੇ ਹੱਕ ਵਿਚ ਰੋਸ ਮੁਜ਼ਾਹਰੇ ਕੀਤੇ ਗਏ । ਮੈਲਬੌਰਨ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਤੋਂ ਕਿਸਾਨੀ ਸੰਘਰਸ਼ ਦੀ ਹਿਮਾਇਤ ਲਈ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ ਤੇ ਇਹ ਰੈਲੀ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਸਮਾਪਤ ਹੋਈ ।
ਸਮੁੱਚੇ ਬੁਲਾਰਿਆਂ ਨੇ ਸਾਂਝੇ ਰੂਪ ਵਿਚ ਭਾਰਤੀ ਹਕੂਮਤ ਦੇ ਤਾਨਾਸ਼ਾਹੀ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਪ੍ਰਵਾਸੀ ਭਾਈਚਾਰਾ ਦਿੱਲੀ ਵਿਚ ਬੈਠੇ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ ਇਸ ਮੋਰਚੇ ਵਿਚ ਸ਼ਾਮਲ ਕਿਸਾਨਾਂ ਦੀ ਮਦਦ ਲਈ ਵਚਨਬੱਧ ਹਨ ।
ਇਸੇ ਤਰ੍ਹਾਂ ਮੈਲਬੌਰਨ ਦੇ ਹੀ ਹੋਰਨਾਂ ਇਲਾਕਿਆਂ ਜਿਵੇਂ ਕਿ ਵਿਕਟੋਰੀਅਨ ਪਾਰਲੀਮੈਂਟ, ਫੈਡਰੇਸ਼ਨ ਸਕੁਅੇਰ,ਗੁਰਦੁਆਰਾ ਸਾਹਿਬ ਟਾਰਨੇਟ , ਮੈਲਟਨ, ਵੁੱਡਲੀ ,ਵਾਲਨ ਪੈਕਨਮ,ਬੈਲਾਰਟ ਅਤੇ ਗੁਰਦੁਆਰਾ ਗੁਰੂ ਨਾਨਕ ਸਿੱਖ ਸੋਸਾਇਟੀ, ਸ਼ੈਪਰਟਨ ( ਵਿਕਟੋਰੀਆ) ਆਦਿ ਵਿਖੇ ਵੀ ਲੋਕਾਂ ਵਲੋਂ ਹੱਥਾਂ ਵਿਚ ਤਖ਼ਤੀਆਂ ਫੜ ਕੇ ਜ਼ਬਰਸਤ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਹਮਾਇਤੀਆਂ ਦਾ ਕਹਿਣਾ ਹੈ ਕਿ ਇੰਨੀ ਠੰਢ ਹੋਣ ਦੇ ਬਾਵਜੂਦ ਵੀ ਕਿਸਾਨ ਸੜਕਾਂ 'ਤੇ ਬੈਠੇ ਹਨ ਅਤੇ ਲੋਕਤੰਤਰ ਦੀ ਦੁਹਾਈ ਦੇਣ ਵਾਲੇ ਸਿਆਸੀ ਆਗੂ ਚੈਨ ਦੀ ਨੀਂਦ ਸੌਂ ਰਹੇ ਹਨ ।
ਉਨ੍ਹਾਂ ਨੇ ਇਹ ਕਿਸਾਨ ਮਾਰੂ ਬਿੱਲਾਂ ਨੂੰ ਜਲਦ ਤੋਂ ਜਲਦ ਰੱਦ ਕਰਨ ਦੀ ਅਪੀਲ ਵੀ ਕੀਤੀ ।ਮੈਲਬੌਰਨ ਸਥਿਤ ਭਾਰਤੀ ਕੌਂਸਲੇਟ ਦੇ ਬਾਹਰ ਵੀ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਗਿਆ ।