ਮੈਲਬੌਰਨ ਵਿਖੇ ਸਾਲਾਨਾ ਸੱਭਿਆਚਾਰਕ ਅਤੇ ਖੇਡ ਮੇਲਾ 19 ਅਕਤੂਬਰ ਨੂੰ

10/15/2019 4:34:49 PM

ਮੈਲਬੋਰਨ (ਮਨਦੀਪ ਸਿੰਘ ਸੈਣੀ)— ਪੰਜਾਬੀ ਵਿਰਸਾ ਅਤੇ ਹੰਟ ਕਲੱਬ ਪ੍ਰੋਡਕਸ਼ਨਜ਼ ਵਲੋਂ ਸਾਲਾਨਾ ਸੱਭਿਆਚਾਰਕ ਅਤੇ ਖੇਡ ਮੇਲਾ 19 ਅਕਤੂਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ । ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੇਲਾ ਪ੍ਰਬੰਧਕ ਨਵ ਸਰਕਾਰੀਆ, ਕੁਲਦੀਪ ਕੌਰ, ਸਾਬੀ ਸੰਧੂ, ਮਨਦੀਪ ਕੈਲੇ ਤੇ ਇੰਦਰਜੀਤ ਸੰਧੂ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ ਇਹ ਸੱਭਿਆਚਾਰਕ ਤੇ ਖੇਡ ਮੇਲਾ ਕਰੇਨਬਰਨ ਇਲਾਕੇ ਦੇ ਕੇਸੀ ਕੋਮੈਟਸ ਵਿਖੇ ਸਵੇਰੇ 9 ਵਜੇ ਸ਼ੂਰੂ ਹੋਵੇਗਾ ਤੇ ਸ਼ਾਮ ਦੇ ਪੰਜ ਵਜੇ ਤੱਕ ਚੱਲੇਗਾ। 

ਇਸ ਖੇਡ ਮੇਲੇ ਵਿੱਚ ਕਬੱਡੀ, ਪੁਸ਼ਅੱਪ ਮੁਕਾਬਲੇ, ਰੱਸਾਕਸ਼ੀ, ਹਾਕੀ, ਕ੍ਰਿਕੇਟ, ਮਿਊਜ਼ੀਕਲ ਚੇਅਰ, ਬੱਚਿਆਂ ਦੀਆਂ ਦੌੜਾਂ ਹੋਣਗੀਆਂ।ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਵਿੱਚ ਦਰਸ਼ਕਾਂ ਦੇ ਮਨੋਰੰਜਨ ਲਈ ਗਿੱਧਾ, ਭੰਗੜਾ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਇਸ ਮੇਲੇ ਦਾ ਖਾਸ ਆਕਰਸ਼ਣ ਹੋਣਗੀਆਂ ਅਤੇ ਸਮਾਜਿਕ ਵਿਸ਼ੇ 'ਤੇ ਅਧਾਰਿਤ ਨਾਟਕ ਵੀ ਕਰਵਾਇਆ ਜਾਵੇਗਾ। ਇਸ ਮੌਕੇ ਪ੍ਰਸਿੱਧ ਗਾਇਕ ਜਾਰਡਨ ਸੰਧੂ ਤੇ ਦਿਲਪ੍ਰੀਤ ਢਿੱਲੋਂ ਵੀ ਮੇਲੇ ਵਿਚ ਖਿੱਚ ਦਾ ਕੇਂਦਰ ਹੋਣਗੇ ਤੇ ਖੁੱਲੇ ਅਖਾੜੇ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।

ਪ੍ਰਬੰਧਕਾਂ ਨੇ ਦਸਿਆ ਕਿ ਕੇਸੀ ਕੋਮੈਟਸ ਕਰੇਨਬਰਨ ਵਿਖੇ ਮੁੱਖ ਮੁਕਾਬਲੇ ਅਤੇ ਸੱਭਿਆਚਾਰਕ ਸਮਾਗਮ ਹੋਣਗੇ ਤੇ ਜਦੋਂ ਕਿ ਹਾਕੀ ਦਾ ਫਾਈਨਲ ਜੇ.ਸੀ ਮਿਲਜ਼ ਰਿਜ਼ਰਵ ਡੈਂਡੀਨੋਂਗ ਅਤੇ ਕ੍ਰਿਕੇਟ ਦਾ ਫਾਈਨਲ ਮੁਕਾਬਲਾ ਲਾਸਨ ਪੂਲ ਰਿਜ਼ਰਵ ਕਰੇਨਬਰਨ ਵਿਖੇ ਹੋਵੇਗਾ।। ਮੇਲੇ ਵਿੱਚ ਜਿੱਥੇ ਖਾਣ ਪੀਣ ਦੇ ਸਟਾਲਾਂ ਦੇ ਨਾਲ-ਨਾਲ ਖਰੀਦਦਾਰੀ ਲਈ ਵੀ ਦੁਕਾਨਾਂ ਲਗਾਈਆਂ ਜਾਣਗੀਆਂ, ਉੱਥੇ ਬੱਚਿਆਂ ਦੇ ਮਨੋਰੰਜਨ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੇਲੇ ਵਿਚ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਹੋਣਗੇ। ਪ੍ਰਬੰਧਕਾਂ ਨੇ ਮੈਲਬੌਰਨ ਵਾਸੀਆਂ ਨੂੰ ਵਿਸ਼ੇਸ਼ ਸੱਦਾ ਦਿੰਦਿਆਂ ਕਿਹਾ ਹੈ ਕਿ ਉਹ ਪਰਿਵਾਰਾਂ ਸਮੇਤ ਇਸ ਮੇਲੇ ਵਿੱਚ ਪੁੱਜ ਕੇ ਮੇਲੇ ਦੀ ਰੌਣਕ ਨੂੰ ਵਧਾਉਣ। ਦਰਸ਼ਕਾਂ ਲਈ ਦਾਖਲਾ ਮੁਫਤ ਹੈ।


Vandana

Content Editor

Related News