36ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ ਸ਼ਾਨਦਾਰ ਆਗਾਜ਼ ਨਾਲ ਹੋਈਆਂ ਸ਼ੁਰੂ (ਤਸਵੀਰਾਂ)
Friday, Mar 29, 2024 - 03:07 PM (IST)
ਬ੍ਰਿਸਬੇਨ, ਮੈਲਬੋਰਨ, ਸਿਡਨੀ (ਸੁਰਿੰਦਰਪਾਲ ਸਿੰਘ ਖੁਰਦ, ਮਨਦੀਪ ਸੈਣੀ, ਸੰਨੀ ਚਾਂਦਪੁਰੀ) :ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵਲੋਂ ਕੌਮੀ ਪੱੱਧਰ 'ਤੇ ਆਯੋਜਿਤ ਕੀਤੀਆਂ ਜਾ ਰਹੀਆਂ 36ਵੀਆਂ ਸਾਲਾਨਾ ਸਿੱੱਖ ਖੇਡਾਂ ਦਾ ਐਡੀਲੇਡ ਦੇ ਐਲਸ ਪਾਰਕ ਵਿਖੇ ਚੱਲ ਰਹੇ ਈਸਟਰ ਵੀਕਐਂਡ ਨੂੰ ਬਹੁਤ ਹੀ ਸ਼ਾਨੋ-ਸ਼ੌਕਤ ਤੇ ਪੂਰੇ ਉਤਸ਼ਾਹ ਨਾਲ ਸ਼ਾਨਦਾਰ ਆਗਾਜ਼ ਹੋਇਆ। ਖੇਡਾਂ ਦਾ ਉਦਘਾਟਨ ਐਲਸ ਪਾਰਕ ਦੇ ਖੇਡ ਮੈਦਾਨ ਵਿੱਖੇ ਸਥਾਨਕ ਕਮੇਟੀ ਤੇ ਪਤਵੰਤਿਆ ਵੱਲੋਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਅਰਦਾਸ ਕਰਨ ਉਪਰੰਤ ਹੋਇਆ। ਇਸ ਮੌਕੇ ਕੌਮੀ ਖੇਡ ਪ੍ਰਬੰਧਕ ਕਮੇਟੀ ਤੇ ਸਥਾਨਕ ਖੇਡ ਕਮੇਟੀ, ਸੰਸਦ ਮੈਂਬਰਾਂ, ਆਸਟ੍ਰੇਲੀਆਈ ਸਰਕਾਰ ਦੇ ਨੁੰਮਾਇੰਦਿਆਂ ਨੇ ਵੀ ਦਰਸ਼ਕਾਂ ਨੂੰ ਸੰਬੋਧਨ ਕੀਤਾ ਅਤੇ ਪ੍ਰਬੰਧਕਾਂ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ।
ਇਨ੍ਹਾਂ ਖੇਡਾਂ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ ਤੇ ਭਾਰਤ ਆਦਿ ਦੇਸ਼ਾਂ ਤੋ ਹਜ਼ਾਰਾਂ ਦੀ ਗਿਣਤੀ ਵਿੱਚ ਖਿਡਾਰੀ ਕਬੱਡੀ, ਫੁੱਟਬਾਲ, ਵਾਲੀਬਾਲ, ਕ੍ਰਿਕਟ, ਗੋਲਫ, ਬੈਡਮਿੰਟਨ, ਰੱਸਾ-ਕੱਸੀ, ਨੈੱਟਬਾਲ, ਪਾਵਰਲਿਫਟਿੰਗ, ਟੱਚ ਫੁੱਟਬਾਲ, ਬਾਸਕਟਬਾਲ, ਦੌੜਾਂ ਤੇ ਹਾਕੀ ਆਦਿ ਖੇਡਾ 'ਚ ਭਾਗ ਲੈਂਦਿਆ ਆਪਣੀ ਖੇਡ ਨਾਲ ਤਿੰਨ ਦਿਨ ਹਜ਼ਾਰਾਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਖੇਡ ਮਹਾਂਕੁੰਭ ਦੌਰਾਨ ਗਿੱਧਾ, ਭੰਗੜਾਂ, ਦਸਤਾਰ ਸਜਾਉਣ ਦੇ ਮੁਕਾਬਲੇ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਬੱਚਿਆਂ ਦੀਆ ਖੇਡਾਂ ਤੇ ਸੱਭਿਆਚਾਰਕ ਵੰਨਗੀਆ ਵਿਸ਼ੇਸ਼ ਤੌਰ 'ਤੇ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦਾ ਆਨੰਦ ਮਾਨਣ ਲਈ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਵੱਖ-ਵੱਖ ਦੇਸ਼ਾਂ ਤੋਂ ਖੇਡ ਪ੍ਰੇਮੀ ਅਤੇ ਦਰਸ਼ਕ ਪਹੁੰਚ ਰਹੇ ਹਨ।
ਐਡੀਲੇਡ ਵਸਦੇ ਕਰਨ ਬਰਾੜ ਵੱਲੋਂ ਲਗਾਈ ਪੁਰਾਤਨ ਪੰਜਾਬ ਅਤੇ ਪੇਂਡੂ ਸੱਭਿਆਚਾਰ ਦੀ ਤਰਜ਼ਮਾਨੀ ਕਰਦੀ ਪ੍ਰਦਰਸ਼ਨੀ ਬੇਹੱਦ ਸਲਾਹੁਣ ਯੋਗ ਰਹੀ ਅਤੇ ਇਨ੍ਹਾਂ ਖੇਡਾਂ ਵਿੱਚ ਵਿਸ਼ੇਸ਼ ਤੌਰ 'ਤੇ ਪੰਜਾਬੀ ਸਟਾਲ ਵੀ ਖਾਸ ਖਿੱਚ ਦੇ ਕੇਂਦਰ ਬਣੇ ਹੋਏ ਹਨ। ਮੇਲੇ ਵਿੱਚ ਪਹੁੰਚੀਆਂ ਸੰਗਤਾਂ ਲਈ ਗੁਰੂ ਘਰਾਂ ਤੇ ਸੰਗਤਾ ਵੱਲੋ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਜਾ ਰਹੇ ਹਨ। ਇਨ੍ਹਾਂ ਖੇਡਾਂ ਦੇ ਐਨਸੈਕ ਕਮੇਟੀ ਦੇ ਕੌਮੀ ਪ੍ਰਧਾਨ ਸਰਬਜੋਤ ਸਿੰਘ ਢਿੱਲੋ, ਨੈਸ਼ਨਲ ਕਮੇਟੀ ਦੇ ਕਲਚਰਲ ਡਾਇਰੈਕਟਰ ਮਨਜੀਤ ਬੋਪਰਾਏ, ਸੂਬਾਈ ਐਨਸੈਕ ਕਮੇਟੀ ਦੇ ਪ੍ਰਧਾਨ ਬਲਵੰਤ ਸਿੰਘ, ਉਪ ਪ੍ਰਧਾਨ ਸੁਖਵਿੰਦਰ ਪਾਲ ਸਿੰਘ ਬੱਲ, ਸਕੱਤਰ ਮਹਾਂਬੀਰ ਸਿੰਘ ਗਰੇਵਾਲ, ਖ਼ਜ਼ਾਨਚੀ ਪਰਮਿੰਦਰ ਸਿੰਘ, ਖੇਡ ਪ੍ਰਬੰਧਾਂ ਲਈ ਹਰਜਿੰਦਰ ਸਿੰਘ ਲਸਾੜਾ, ਸੱਭਿਆਚਾਰ ਲਈ ਰਾਜਵੰਤ ਸਿੰਘ ਅਤੇ ਈਸ਼ਾਰੀਤ ਕੌਰ ਨਾਗਰਾ ਤੇ ਜੈਸਮੀਨ ਕੌਰ ਪਾਂਗਲੀ ਅਤੇ ਵੱਖ-ਵੱਖ ਕੋਆਰਡੀਨੇਟਰਾਂ ਸਮੂਹ ਕਮੇਟੀ ਮੈਂਬਰਾਨ ਤੇ ਮਿੰਟੂ ਬਰਾੜ ਮੀਡੀਆ ਕੋਆਰਡੀਨੇਟਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆਂ ਕਿ ਸਿੱਖ ਖੇਡਾਂ ਜੋ ਕਿ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਤਰਜਮਾਨੀ ਕਰਦਿਆਂ ਵਿਦੇਸ਼ ਵਿੱਚ ਰਹਿੰਦਿਆਂ ਆਪਣਿਆਂ ਪੁਰਖਿਆਂ ਦੇ ਸ਼ਾਨਾਮੱਤੇ ਇਤਿਹਾਸ, ਰਹੁ-ਰੀਤਾਂ ਤੇ ਵਿਰਾਸਤ ਨਾਲ ਜੋੜਦਿਆਂ ਭਾਈਚਾਰਕ ਸਾਂਝ ਤੇ ਖੇਡ ਭਾਵਨਾ ਨੂੰ ਵਧਾਉਦੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਜਲਦ ਸ਼ੁਰੂ ਹੋਵੇਗਾ H-1B ਵੀਜ਼ਾ ਲਈ ਲਾਟਰੀ ਸਿਸਟਮ, ਭਾਰਤੀਆਂ ਨੂੰ ਮਿਲੇਗਾ ਫ਼ਾਇਦਾ
ਉਨ੍ਹਾਂ ਦੱਸਿਆ ਕੀ ਐਨਸੈਕ ਐਡੀਲੇਡ ਖੇਡ ਕਮੇਟੀ ਵੱਲੋਂ ਪਿਛਲੇ ਕਈ ਮਹੀਨਿਆਂ ਦੀ ਹੋ ਰਹੀ ਸਖ਼ਤ ਮਿਹਨਤ ਤੇ ਵਿਉਂਤਬੰਦੀ ਅਨੁਸਾਰ ਖੇਡਾਂ ਨੂੰ ਸਫਲ ਬਣਾਉਣ ਲਈ ਕੀਤੇ ਗਏ ਜ਼ਰੂਰੀ ਇੰਤਜ਼ਾਮਾਂ ਨੂੰ ਇਨ੍ਹਾਂ ਖੇਡਾਂ ਨੂੰ ਯਾਦਗਾਰੀ ਬਣਾਉਣ ਵਿੱਚ ਕੋਈ ਕਸਰ ਨਹੀ ਛੱਡੀ ਗਈ। ਖੇਡਾਂ ਨੂੰ ਸੰਪੂਰਨ ਰੂਪ ਵਿੱਚ ਨੇਪਰੇ ਚਾੜਨ ਲਈ ਆਸਟ੍ਰੇਲੀਆਈ ਸਰਕਾਰ, ਸਥਾਨਕ ਕੌਂਸਲ,ਪ੍ਰਸ਼ਾਸਨ, ਗੁਰੂ ਘਰਾਂ,ਖੇਡ ਕਲੱਬਾਂ ਅਤੇ ਸਿੱਖ ਭਾਈਚਾਰੇ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਇਨ੍ਹਾਂ ਖੇਡਾਂ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।