ਐਬਸਫੋਰਡ ਦੇ ਪਹਾੜਾਂ ਦੀ ਗੋਦ ''ਚ ਧੂਮ ਧੜੱਕੇ ਨਾਲ ''ਮੇਲਾ ਵਿਰਸੇ ਦਾ'' ਸੰਪੰਨ (ਤਸਵੀਰਾਂ)
Sunday, Aug 10, 2025 - 04:46 PM (IST)

ਵੈਨਕੂਵਰ (ਮਲਕੀਤ ਸਿੰਘ)- ਪੰਜਾਬ ਦੇ ਪੁਰਾਤਨ ਵਿਰਸੇ ਨੂੰ ਵਿਦੇਸ਼ਾਂ 'ਚ ਪ੍ਰਫੁੱਲਤ ਰੱਖਣ ਲਈ ਯਤਨਸ਼ੀਲ 'ਵਿਰਸਾ ਫਾਊਂਡੇਸ਼ਨ' ਵੱਲੋਂ ਪੰਜਾਬੀ ਭਾਈਚਾਰੇ ਦੇ ਸਾਂਝੇ ਉੱਦਮ ਸਦਕਾ ਨੌਵਾਂ ਸਲਾਨਾ 'ਮੇਲਾ ਵਿਰਸੇ ਦਾ' ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਐਬਸਫੋਰਡ ਸ਼ਹਿਰ ਦੇ ਬਾਹਰਵਾਰ ਕੁਦਰਤੀ ਸੁਹਪਣ ਨਾਲ ਭਰਪੂਰ ਰਮਣੀਕ ਪਹਾੜਾਂ ਦੀ ਗੋਦ 'ਚ ਮੌਜੂਦ ਹਰਿਆਵਲੇ ਖੇਤਾਂ 'ਚ ਮਨਾਏ ਇਸ ਮੇਲੇ 'ਚ ਵੱਡੀ ਗਿਣਤੀ 'ਚ ਔਰਤਾਂ ਪੁੱਜੀਆਂ। ਇਨ੍ਹਾਂ ਔਰਤਾਂ ਵੱਲੋਂ ਜਿੱਥੇ ਮੇਲੇ 'ਚ ਪੁੱਜੇ ਵੱਖ-ਵੱਖ ਗਾਇਕਾਂ, ਗਾਇਕਾਵਾਂ ਅਤੇ ਹੋਰਨਾਂ ਕਲਾਕਾਰਾਂ ਦੀਆਂ ਸੱਭਿਆਚਾਰਕ ਵੰਨਗੀਆਂ ਦਾ ਆਨੰਦ ਮਾਣਿਆ ਗਿਆ, ਉੱਥੇ ਉਹਨਾਂ ਨੂੰ ਪੰਜਾਬ ਦੇ ਪੁਰਾਤਨ ਵਿਰਸੇ ਨਾਲ ਜੁੜੀਆਂ ਅਤੇ ਹੁਣ ਅਲੋਪ ਹੋ ਰਹੀਆਂ ਚੀਜ਼ਾਂ ਨੂੰ ਅੱਖੀ ਵੇਖਣ ਦਾ ਮੌਕਾ ਵੀ ਮਿਲਿਆ।
ਦੁਪਹਿਰ 1 ਵਜੇ ਤੋਂ ਸ਼ਾਮੀ 6 ਵਜੇ ਤੱਕ ਨਿਰੰਤਰ ਚੱਲੇ ਇਸ ਮੇਲੇ ਦੀ ਆਰੰਭਤਾ ਦਸ਼ਮੇਸ਼ ਸਕੂਲ ਦੇ ਬੱਚਿਆਂ ਵੱਲੋਂ ਧਾਰਮਿਕ ਸ਼ਬਦ ਗਾ ਕੇ ਕੀਤੀ ਗਈ। ਉਪਰੰਤ ਇਸ ਸਕੂਲ ਦੀ ਬੱਚੀ ਜਪਜੀ ਵੱਲੋਂ 'ਮਾਂ ਬੋਲੀ ਮੇਰੀ ਪੰਜਾਬੀ' ਕਵਿਤਾ ਸੁਣਾ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ ਗਈ। ਇਸ ਮਗਰੋਂ ਪੰਜਾਬੀ ਮੁਟਿਆਰ ਗੁਰਦੇਵ ਕੌਰ ਵੱਲੋਂ ਪੰਜਾਬ ਦੇ ਪੁਰਾਤਨ ਲੋਕ ਸਾਜ 'ਅਲਗੋਜੇ' ਅਤੇ ‘ਵੰਜਲੀ’ ਦੀ ਪੇਸ ਕੀਤੀ ਸੁਰੀਲੀ ਆਵਾਜ਼ ਹਾਜ਼ਰ ਸਰੋਤਿਆਂ ਦੀ ਰੂਹ ਨੂੰ ਧੁਰ ਤੱਕ ਮੰਤਰ ਮੁਗਧ ਕਰਦੀ ਮਹਿਸੂਸ ਹੋਈ। ਇਸ ਉਪਰੰਤ ਮੇਲੇ ਦਾ ਰੰਗਾਰੰਗ ਮਾਹੌਲ ਜਾਰੀ ਰੱਖਦਿਆਂ ਨੌਜਵਾਨ ਗਾਇਕਾ ਸੁਰਲੀਨਾ ਅਤੇ ਉਸਦੀਆਂ ਸਾਥਣਾ ਵੱਲੋਂ ਪੁਰਾਤਨ ਗੀਤ 'ਚੰਨ ਵੇ ਕਿ ਸ਼ੌਂਕਣ ਮੇਲੇ ਦੀ' ਅਤੇ 'ਗਲੀ ਗਲੀ ਵਣਜਾਰਾ ਫਿਰਦਾ' ਪੇਸ਼ ਕਰਕੇ ਪੰਜਾਬ ਦੇ ਪੁਰਾਤਨ ਸੰਗੀਤਕ ਮਾਹੌਲ ਨੂੰ ਤਾਜ਼ਾ ਕਰਵਾ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-'ਰੂਸ-ਯੂਕ੍ਰੇਨ ਜੰਗ ਖ਼ਤਮ ਕਰਨ 'ਚ ਟਰੰਪ ਦੀ ਮਦਦ ਕਰੇ ਭਾਰਤ', ਅਮਰੀਕੀ ਸੈਨੇਟਰ ਦਾ ਵੱਡਾ ਬਿਆਨ (ਵੀਡੀਓ)
ਇਸ ਮਗਰੋਂ ਕੈਸ਼ ਅਤੇ ਪੈਨ ਚਾਹਲ, ਸ਼ਾਂਤੀ ਥੰਮਣ ਅਤੇ ਮਨਜੀਤ ਉੱਪਲ, ਜਸ ਗਰੇਵਾਲ ਅਤੇ ਰਜਿੰਦਰ ਕੌਰ ਦੀਆਂ ਜੋੜੀਆਂ ਵੱਲੋਂ ਪੁਰਾਤਨ ਗੀਤਾਂ 'ਤੇ ਕੀਤੀ ਗਈ ਪੇਸ਼ਕਾਰੀ ਬਾ ਕਮਾਲ ਸੀ। ਆਰ ਹੱਦ ਡਾਂਸ ਅਕੈਡਮੀ ਦੀਆਂ ਮੁਟਿਆਰਾਂ ਵੱਲੋਂ ਪੇਸ਼ ਕੀਤੇ ਗਏ ਗਿੱਧੇ ਅਤੇ ਅਨਮੋਲ ਰਤਨ ਦੀ ਟੀਮ ਵੱਲੋਂ ਪੇਸ਼ ਕੀਤੇ ਭੰਗੜੇ ਦੀ ਤਾਲ 'ਤੇ ਉੱਥੇ ਹਾਜ਼ਰ ਮੁਟਿਆਰਾਂ ਅਤੇ ਔਰਤਾਂ ਦੇ ਪੈਰ ਥਿਰਕਦੇ ਨਜ਼ਰੀਂ ਆਏ। ਮੇਲੇ ਦੌਰਾਨ ਉਭਰਦੇ ਗਾਇਕ ਸਿਮਰ ਦਿਓਲ, ਏਕ ਨੂਰ ਧਾਲੀਵਾਲ ਅਤੇ ਉੱਘੀ ਗਾਇਕਾ ਦੀਪ ਕੌਰ ਵੱਲੋਂ ਵੀ ਆਪਣੇ ਸੁਰੀਲੀਆ ਆਵਾਜ਼ਾਂ ਨਾਲ ਪੜਾਵਾਰ ਹਾਜ਼ਰੀ ਲਗਾਈ ਗਈ। ਅਖੀਰ 'ਚ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਕਮਲਜੀਤ ਨੀਰੂ ਵੱਲੋਂ ਆਪਣੇ ਹੋਰਨਾਂ ਗੀਤਾਂ ਤੋਂ ਇਲਾਵਾ ਚਰਚਿਤ ਗੀਤ 'ਰੂੜਾ ਮੰਡੀ ਜਾਵੇ' ਅਤੇ 'ਸੀਟੀ 'ਤੇ ਸੀਟੀ ਵੱਜੇ' ਪੇਸ਼ ਕੀਤਾ ਗਿਆ ਤਾਂ ਮੇਲੇ ਚ ਮੌਜੂਦ ਸੈਂਕੜੇ ਮੁਟਿਆਰਾਂ ਸਟੇਜ ਮੂਹਰੇ ਆਪ ਮੁਹਾਰੇ ਨੱਚਦੀਆਂ ਨਜ਼ਰੀ ਆਈਆਂ|
ਮੇਲੇ ਦੌਰਾਨ ਪ੍ਰਬੰਧਕਾਂ ਵੱਲੋਂ ਪੁਰਾਤਨ ਦਿੱਖ ਪੇਸ਼ ਕਰਨ ਲਈ ਬੜੀ ਹੀ ਸਿਆਣਪ ਨਾਲ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪੁਰਾਤਨ ਵਸਤਾਂ ਚਰਖਾ, ਖੂਹ ,ਰਿਕਸ਼ਾ ,ਪੁਰਾਣਾ ਚੁਲਾ ਚੌਂਕਾ, ਪੀਂਘ,ਪੁਰਾਤਨ ਬਰਤਨ ,ਚਾਟੀ ਮਧਾਣੀ, ਸੰਦੂਕ ਲਲਾਰੀ ਦੀ ਦੁਕਾਨ, ਮਛਰਦਾਨੀ,ਭੰਗੂੜਾ ਆਦਿ ਨੂੰ ਬੜੇ ਯੋਜਨਾਬਧ ਤਰੀਕੇ ਨਾਲ ਸਜਾਇਆ ਗਿਆ ਸੀ। ਜਿਸ ਨਾਲ ਮੇਲੇ 'ਚ ਮੌਜੂਦ ਬਹੁਗਿਣਤੀ ਮੁਟਿਆਰਾਂ 'ਸੈਲਫੀਆਂ' ਲੈਣ 'ਚ ਮਸ਼ਰੂਫ ਨਜ਼ਰੀ ਆਈਆਂ। ਇਸ ਮੇਲੇ ਵਿਚ ਇੱਕ ਕੋਨੇ 'ਚ ਆਰਜੀ ਤੌਰ 'ਤੇ ਬਣਾਏ ਬਾਜ਼ਾਰ ਵਿੱਚੋਂ ਜਿੱਥੇ ਕੇ ਮੇਲੇ 'ਚ ਆਈਆਂ ਮੁਟਿਆਰਾਂ ਵੱਲੋਂ ਖੂਬ ਖਰੀਦਦਾਰੀ ਕੀਤੀ ਗਈ, ਉੱਥੇ ਇੱਕ ਕੋਨੇ 'ਚ ਨਿਊ ਐਬੀ ਕੁਜੀਨ ਦੀ ਟੀਮ ਵੱਲੋਂ ਪਰੋਸੇ ਗਏ ਸਵਾਦਲੇ ਭੋਜਨ ਦਾ ਵੀ ਸਾਰਿਆਂ ਨੇ ਆਨੰਦ ਮਾਣਿਆ| ਇਸ ਮੇਲੇ 'ਚ ਪੁੱਜੀਆਂ ਪ੍ਰਮੁੱਖ ਹਸਤੀਆਂ ਚ ਨੌਜਵਾਨ ਸਾਂਸਦ ਸੁਖਮਨ ਗਿੱਲ, ਲਿਸਬਰਨ ਮੈਨ ,ਲੰਡਾ ਐਨਸ, ਤ੍ਰਿਪਤ ਅਟਵਾਲ, ਦੇਵ ਸਿੱਧੂ ,ਜੈਸ ਗਿੱਲ ,ਸਮਾਜ ਸੇਵੀ ਨੌਜਵਾਨ ਅਰਸ਼ ਕਲੇਰ, ਉੱਘੇ ਟੀਵੀ ਹੋਸਟ ਕੁਲਦੀਪ ਸਿੰਘ ,ਪ੍ਰਭਜੋਤ ਕੌਰ ,ਗੁਰਮੀਤ ਬੈਨੀਪਾਲ, ਭੰਗੜਾ ਕੋਚ ਜਸਵੀਰ ਸਿੰਘ ,ਮਨਜੀਤ ਥਿੰਦ ,ਦਵਿੰਦਰ ਬਚਰਾ ,ਹਰਨੀਤ, ਮੋਹਨ ਬਚਰਾ, ਜਤਿੰਦਰ ਅਤੇ ਸੁਖੀ ਆਦਿ ਦੇ ਨਾਮ ਜ਼ਿਕਰਯੋਗ ਹਨ| ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਲਜਿੰਦਰ ਗਿੱਲ ਅਤੇ ਹਰਸ਼ਰਨ ਧਾਲੀਵਾਲ ਵੱਲੋਂ ਸਾਂਝੇ ਤੌਰ 'ਤੇ ਬਾਖੂਬੀ ਨਿਭਾਈ ਗਈ। ਅਖੀਰ 'ਚ ਉਕਤ ਫਾਊਡੇਸ਼ਨ ਦੀ ਪ੍ਰਧਾਨ ਧਰਮਵੀਰ ਧਾਲੀਵਾਲ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ|
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।