ਮਰੀਅਮ ਦਾ ਪਾਕਿ ਪ੍ਰਧਾਨ ਮੰਤਰੀ ''ਤੇ ਵਿਅੰਗ, ਕਿਹਾ ''ਕੋਰੋਨਾ ਵਰਗੇ ਨੇ ਇਮਰਾਨ’
Thursday, Nov 12, 2020 - 03:18 PM (IST)
ਪਾਕਿਸਤਾਨ (ਬਿਊਰੋ) - ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਹ ਪਿਛਲੇ 70 ਸਾਲਾਂ ਤੋਂ ਸੰਵਿਧਾਨਕ ਅਧਿਕਾਰਾਂ ਤੋਂ ਵਾਂਝੇ ਰਹਿ ਰਹੇ ਗਿਲਗਿਤ-ਬਾਲਟਿਸਤਾਨ ਦੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਦਿਵਾ ਕੇ ਰਹਿਣਗੇ। 15 ਨਵੰਬਰ ਨੂੰ ਗਿਲਗਿਤ-ਬਾਲਟਿਸਤਾਨ (ਜੀ.ਬੀ.) ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਰਾਜਨੀਤਿਕ ਮੁਹਿੰਮ ਦੇ ਤਹਿਤ ਜਲਦੇ ਨੂੰ ਸੰਬੋਧਨ ਕਰਦਿਆਂ ਜ਼ਰਦਾਰੀ ਨੇ ਕਿਹਾ ਕਿ ਜੇਕਰ ਉਹ ਚੁਣੇ ਜਾਂਦੇ ਹਨ ਤਾਂ ਪੀ.ਪੀ.ਪੀ. ਨਾ ਸਿਰਫ ਜੀ.ਬੀ. ਨੂੰ ਇੱਕ ਸੂਬੇ ਵਿੱਚ ਬਦਲ ਦੇਵੇਗੀ ਸਗੋਂ ਇਹ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਨੂੰ ਵੀ ਬਦਲ ਦੇਵੇਗੀ।
ਉਨ੍ਹਾਂ ਨੇ ਕਿਹਾ ਕਿ ਪੀ.ਪੀ.ਪੀ. ਇਹ ਸੁਨਿਸ਼ਚਿਤ ਕਰੇਗੀ ਕਿ ਚੋਣਾਂ ਤੋਂ ਬਾਅਦ 3 ਮਹੀਨਿਆਂ ਦੇ ਅੰਦਰ-ਅੰਦਰ ਗਿਲਗਿਤ-ਬਾਲਟਿਸਤਾਨ ਨੂੰ ਇਕ ਸੂਬਾਈ ਰੁਤਬਾ ਦਿੱਤਾ ਜਾਵੇ। ਜੀ.ਬੀ ਦੇ ਲੋਕਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੇ ਨਾਲ-ਨਾਲ ਰੁਜ਼ਗਾਰ ਦੇ ਕੇ ਆਰਥਿਕ ਕ੍ਰਾਂਤੀ ਲਿਆਈ ਜਾਵੇਗੀ। ਉਨ੍ਹਾਂ ਨੇ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਵਰ੍ਹਦਿਆਂ ਹੋਇਆ ਕਿਹਾ ਕਿ ਇਮਰਾਨ ਨੇ ਗਿਲਗਿਤ-ਬਾਲਟਿਸਤਾਨ ਨੂੰ ਰਾਜ ਦਾ ਦਰਜਾ ਦੇਣ ਦੇ ਹਰੇਕ ਕਦਮ ਦਾ ਵਿਰੋਧ ਕੀਤਾ ਸੀ। ਇਮਰਾਨ ਨੇ ਪਿਛਲੀ ਜਨਵਰੀ ਦੇ ਮਹੀਨੇ ਵਿੱਚ ਖੇਤਰ ਨੂੰ ਰਾਜ ਦਾ ਦਰਜਾ ਦੇਣ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਸੀ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਕੁੜੀ ਮਰੀਅਮ ਨਵਾਜ਼ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ' ਤੇ ਤਿੱਖੇ ਹਮਲਾ ਕਰਦੇ ਹੋਏ ਕਿਹਾ ਕਿ ਇਮਰਾਨ ਖਾਨ ਅਤੇ ਉਸਦੀ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਕੋਰੋਨਾ ਵਾਇਰਸ ਵਾਂਗ ਖ਼ਤਰਨਾਕ ਹੈ। ਇੱਕ ਚੋਣ ਜਨਤਕ ਮੀਟਿੰਗ ਵਿੱਚ ਮਰਿਯਮ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਨੂੰ ਕੋਰੋਨਾ ਕਹਿੰਦੇ ਹੋਏ ਕਿਹਾ ਕਿ ਕੋਵਿਡ -19 ਬੀਮਾਰੀ ਹਾਲ ਹੀ ਵਿੱਚ ਦੁਨੀਆ ਵਿੱਚ ਆਈ ਪਰ ਇਹ ਸਾਲ 2018 ਵਿੱਚ ਪਾਕਿਸਤਾਨ ਵਿੱਚ ਫੈਲ ਗਈ ਸੀ। ਇਹ ਬੀਮਾਰੀ ਸਿਰਫ਼ ਮਾਸਕ ਪਾ ਕੇ ਨਹੀਂ ਜਾਵੇਗੀ ਸਗੋਂ ਇਸ ਨੂੰ ਜੜੋਂ ਉਖਾੜ ਦੇਣ ਦੀ ਜ਼ਰੂਰਤ ਹੈ।