ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਪਤਨੀ ਸਮੇਤ ਲਗਵਾਇਆ ਐਂਟੀ ਕੋਵਿਡ ਟੀਕਾ
Wednesday, Mar 31, 2021 - 10:15 AM (IST)
ਰੋਮਇਟਲੀ (ਕੈਂਥ): ਇਟਲੀ ਦੇ ਮੌਜੂਦਾ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਅਤੇ ਉਹਨਾਂ ਦੀ ਪਤਨੀ ਮਾਰੀਆ ਸੇਰੇਨੇਲਾ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਟੀਕਾ ਲਗਵਾਇਆ।ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਅਤੇ ਉਹਨਾਂ ਦੀ ਪਤਨੀ ਨੇ ਐਸਟਰਾ ਜ਼ੇਨੇਕਾ ਵੈਕਸੀਨ ਟੀਕਾ ਲਗਵਾਇਆ।
ਕੋਰੋਨਾ ਦਾ ਟੀਕਾ ਲਗਾਉਣ ਲਈ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਪਤਨੀ ਨੇ ਆਪਣੀ ਉਮਰ ਦੇ ਮੁਤਾਬਿਕ ਗਰੁੱਪ ਦੀ ਵਾਰੀ ਆਉਣ ਦਾ ਇੰਤਜ਼ਾਰ ਕੀਤਾ। ਉਨ੍ਹਾਂ ਨੂੰ ਪਹਿਲੀ ਖੁਰਾਕ ਰੋਮ ਦੇ ਕੇਂਦਰੀ ਟਰਮਨੀ ਰੇਲਵੇ ਸਟੇਸ਼ਨ ਵਿਖੇ ਬਣਾਏ ਗਏ ਕੋਰੋਨਾ ਵੈਕਸੀਨ ਟੀਕਾਕਰਣ ਕੇਂਦਰ ਵਿਖੇ ਦਿੱਤੀ ਗਈ ਹੈ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਐਸਟਰਾ ਜ਼ੇਨੇਕਾ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਬਣਾਇਆ ਟੀਕਾ (ਵੈਕਸੀਨ) ਇਟਲੀ ਅਤੇ ਦੂਜੇ ਯੂਰਪੀਅਨ ਦੇਸ਼ਾਂ ਵਲੋਂ ਕੁਝ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਸੁਰੱਖਿਆ ਵਧਾਉਣ ਦੇ ਤਹਿਤ ਆਸਟ੍ਰੇਲੀਆ ਕਰੇਗਾ ਨਿਯੰਤਰਿਤ ਮਿਜ਼ਾਈਲਾਂ ਦਾ ਨਿਰਮਾਣ
ਪਰ ਜਦੋਂ ਯੂਰਪੀਅਨ ਮੈਡੀਸਨਜ਼ ਏਜੰਸੀ (ਈ.ਐਮ.ਏ.) ਦੁਆਰਾ ਪੁਸ਼ਟੀ ਕੀਤੀ ਗਈ ਕਿ ਇਹ ਸੁਰੱਖਿਅਤ ਹੈ, ਤਾਂ ਇਟਲੀ ਅਤੇ ਫਰਾਂਸ ਦੇ ਪ੍ਰਧਾਨ ਮੰਤਰੀਆਂ ਵਲੋਂ ਸਾਂਝੇ ਤੌਰ 'ਤੇ ਇਸ ਵੈਕਸੀਨ ਨੂੰ ਮੁੜ ਤੋਂ ਵਰਤਣ ਲਈ ਹਰੀ ਝੰਡੀ ਦੇ ਦਿੱਤੀ ਗਈ ਸੀ। ਉਸ ਤੋਂ ਬਾਅਦ ਇਸ ਵੈਕਸੀਨ ਟੀਕੇ ਦੀ ਵਰਤੋਂ ਇਟਲੀ ਵਿੱਚ ਮੁੜ ਸ਼ੁਰੂ ਕੀਤੀ ਗਈ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।