ਪੰਜਾਬ ਤੋਂ ਇਟਲੀ ਆਇਆ ਮਨਜੀਤ ਸਿੰਘ ਹੋਇਆ ਲਾਪਤਾ, ਮਾਂ ਨੇ ਲਗਾਈ ਮਦਦ ਦੀ ਗੁਹਾਰ

Saturday, Jun 14, 2025 - 04:19 PM (IST)

ਪੰਜਾਬ ਤੋਂ ਇਟਲੀ ਆਇਆ ਮਨਜੀਤ ਸਿੰਘ ਹੋਇਆ ਲਾਪਤਾ, ਮਾਂ ਨੇ ਲਗਾਈ ਮਦਦ ਦੀ ਗੁਹਾਰ

ਰੋਮ (ਦਲਵੀਰ ਸਿੰਘ ਕੈਂਥ)- ਅੱਜ ਤੋਂ ਕਰੀਬ 5 ਸਾਲ ਪਹਿਲਾਂ ਮਨਜੀਤ ਸਿੰਘ (47) ਵਾਸੀ ਕੋਹਾਰ ਵਾਲਾ (ਫਰੀਦਕੋਟ) ਆਪਣੀ ਬੁੱਢੀ ਵਿਧਵਾ ਮਾਂ ਸੁਖਵਿੰਦਰ ਕੌਰ ਨੂੰ ਇਹ ਦਿਲਾਸਾ ਦੇਕੇ ਵਿਦੇਸ਼ ਗਿਆ ਕਿ ਉਹ ਹੁਣ ਘਰ ਦੀ ਗਰੀਬੀ ਦੂਰ ਕਰਕੇ ਮਾਂ ਦਾ ਬੁਢਾਪਾ ਚੰਗਾ ਕਰ ਦੇਵੇਗਾ। ਇਸ ਲਈ ਉਸ ਨੇ ਕੌੜਾ ਘੁੱਟ ਭਰਦਿਆਂ ਆਪਣੀ ਮਾਵਾਂ ਵਰਗੀ 6 ਕਨਾਲਾਂ ਜਮੀਨ ਵੇਚ ਕੰਮ ਕਰਨ ਵਾਲੇ ਪੇਪਰਾਂ 'ਤੇ ਪੰਜਾਬ ਤੋਂ ਇਟਲੀ ਦੀ ਉਡਾਰੀ ਭਰੀ ਪਰ ਮਾਂ-ਪੁੱਤ ਨੂੰ ਨਹੀਂ ਪਤਾ ਸੀ ਕਿ ਇਟਲੀ ਦੇ ਇਸ ਸਫ਼ਰ ਨੇ ਮਨਜੀਤ ਸਿੰਘ ਦਾ ਜੀਵਨ ਹੀ ਬਦਲ ਦੇਣਾ। ਇਟਲੀ ਆਕੇ ਮਨਜੀਤ ਸਿੰਘ ਨੇ ਖੂਬ ਹੱਡ ਭੰਨਵੀਂ ਮਿਹਨਤ ਮੁਸ਼ਕਤ ਕੀਤੀ। ਇਟਲੀ ਸਰਕਾਰ ਨੇ ਉਸ ਨੂੰ ਰਹਿਣ ਦੀ ਆਗਿਆ ਦਾ ਕਾਰਡ ਪ੍ਰਮੇਸੋ ਦੀ ਸਜੋਰਨੋ ਵੀ ਦੇ ਦਿੱਤਾ, ਜਿਸ ਦੀ ਮਿਆਦ ਉਹ ਵਧਾਉਂਦਾ ਰਿਹਾ। 

PunjabKesari

ਕਾਰਡ ਦੀ ਆਖ਼ਰੀ ਤਾਰੀਕ 30 ਅਕਤੂਬਰ 2024 ਸੀ। ਇਸ ਦੌਰਾਨ ਹੀ ਵਕਤ ਦਾ ਝੰਬਿਆ ਮਨਜੀਤ ਸਿੰਘ ਰੋਮ ਸ਼ਹਿਰ ਗਿਆ। ਬਸ ਇੱਥੇ ਹੀ ਉਸ ਦਾ ਮਾੜਾ ਸਮਾਂ ਸ਼ੁਰੂ ਹੋ ਗਿਆ। ਰੋਮ ਰੇਲਵੇ ਸਟੇਸ਼ਨ ਨੇੜੇ ਉਸ ਦਾ ਸਮਾਨ ਚੋਰੀ ਹੋ ਗਿਆ, ਜਿਸ ਵਿੱਚ ਉਸ ਦੇ ਪੇਪਰਾਂ ਦੇ ਨਾਲ 170 ਯੂਰੋ ਸਨ। ਜਦੋਂ ਮਨਜੀਤ ਸਿੰਘ ਦਾ ਸਮਾਨ ਚੋਰੀ ਹੋ ਗਿਆ, ਉਹ ਬੋਂਦਲ ਗਿਆ। ਕਾਫ਼ੀ ਨੱਠ-ਭੱਜ ਦੇ ਬਾਵਜੂਦ ਸਮਾਨ ਨਹੀਂ ਮਿਲਿਆ ਤਾਂ ਉਸ ਨੇ ਰੋਮ ਥਾਣੇ ਵਿੱਚ ਪੇਪਰ ਤੇ ਸਮਾਨ ਗੁੰਮ ਹੋਣ ਦਾ ਕੇਸ ਦਰਜ ਕਰਵਾ ਦਿੱਤਾ ਪਰ ਅੱਜ ਤੱਕ ਮਨਜੀਤ ਸਿੰਘ ਨੂੰ ਪੇਪਰ ਜਾਂ ਸਮਾਨ ਤਾਂ ਕੀ ਮਿਲਣਾ ਸੀ ਉਹ ਆਪ ਵੀ ਗੁੰਮਨਾਮੀ ਵਿੱਚ ਖੋਅ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-“WAR WILL EXPAND”, ਈਰਾਨ ਵੱਲੋਂ ਇਜ਼ਰਾਈਲ ਸਮੇਤ ਅਮਰੀਕੀ ਟਿਕਾਣਿਆਂ 'ਤੇ ਹਮਲੇ ਦੀ ਚੇਤਾਵਨੀ

ਕੁਝ ਸਮਾਂ ਪਹਿਲਾਂ ਰੋਮ ਰੇਲਵੇ ਸਟੇਸ਼ਨ ਨੇੜੇ ਮਨਜੀਤ ਸਿੰਘ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਦੇ ਆਗੂਆਂ ਨੂੰ ਮਿਲਿਆ ਤਾਂ ਜਿਸ ਦੀ ਹਾਲਤ ਭਿਖਾਰੀਆਂ ਵਰਗੀ ਸੀ। ਉਸ ਦਾ ਦੋਸ਼ ਸੀ ਉਸ ਦੇ ਪੇਪਰ ਭਾਰਤੀ ਲੋਕਾਂ ਨੇ ਖਰਾਬ ਕਰ ਦਿੱਤੇ। ਪ੍ਰੈੱਸ ਕਲੱਬ ਨੇ ਜਦੋਂ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਮਨਜੀਤ ਸਿੰਘ ਜਮੀਨ ਵੇਚ ਘਰ ਦੀ ਗਰੀਬੀ ਦੂਰ ਕਰਨ ਤੇ ਭੱਵਿਖ ਰੁਸ਼ਨਾਉਣ ਲਈ ਸੰਨ 2020 ਵਿੱਚ ਇਟਲੀ ਆਇਆ ਸੀ ਪਰ ਇੱਥੇ ਪੇਪਰ ਗੁੰਮ ਹੋ ਜਾਣ ਕਾਰਨ ਉਹ ਵਕਤ ਦੇ ਧੱਕੇ ਚੜ੍ਹ ਗਿਆ, ਜਿਸ ਕਾਰਨ ਹਾਲਾਤ ਬਦ ਤੋਂ ਬਦਤਰ ਹੋ ਗਏ। ਪੇਟ ਭਰਨ ਲਈ ਮੰਗਣ ਲਈ ਮਜ਼ਬੂਰ ਮਨਜੀਤ ਸਿੰਘ ਦੀ ਘਰਵਾਲੀ ਨੂੰ ਜਦੋਂ ਉਸ ਦੇ ਹਾਲਾਤ ਦਾ ਪਤਾ ਲੱਗਾ ਤਾਂ ਉਸ ਨੇ ਵੀ ਕਿਨਾਰਾ ਕਰ ਲਿਆ। ਹੁਣ ਉਸ ਲਈ ਤੜਫ਼ਣ ਵਾਲੀ ਸਿਰਫ਼ ਬੁੱਢੀ ਮਾਂ ਸੁਖਵਿੰਦਰ ਕੌਰ ਹੈ, ਜਿਸ ਨੇ ਇਟਲੀ ਦੇ ਭਾਰਤੀਆਂ ਤੋਂ ਮਦਦ ਦੀ ਗੁਹਾਰ ਲਗਾਉਂਦਿਆਂ ਮਨਜੀਤ ਸਿੰਘ ਨੂੰ ਘਰ (ਭਾਰਤ) ਭੇਜਣ ਲਈ ਅਪੀਲ ਕੀਤੀ ਹੈ। ਮਾਂ ਸੁਖਵਿੰਦਰ ਕੌਰ ਨੇ ਭਰੇ ਮਨ ਨਾਲ ਕਿਹਾ ਕਿ 10 ਸਾਲ ਪਹਿਲਾਂ ਮਨਜੀਤ ਸਿੰਘ ਦੇ ਪਿਤਾ ਦੀ ਮੌਤ ਹੋ ਗਈ। ਹੁਣ ਮਨਜੀਤ ਸਿੰਘ ਹੀ ਉਸ ਦਾ ਸਹਾਰਾ ਹੈ ਜਿਹੜਾ ਕਿ ਘਰ ਦੇ ਹਾਲਾਤ ਸੁਧਾਰਨ ਲਈ ਇਟਲੀ ਆਇਆ ਪਰ ਉਸ ਦਾ ਪੁੱਤ ਆਪ ਹੀ ਗੁਆਚ ਗਿਆ। ਮਨਜੀਤ ਸਿੰਘ ਦਾ ਪਿਛਲੇ 15 ਮਹੀਨਿਆਂ ਤੋਂ ਕੋਈ ਫੋਨ ਨਹੀਂ ਆਇਆ ਜਿਸ ਦੀ ਚਿੰਤਾ ਉਸ ਨੂੰ ਵੱਢ-ਵੱਢ ਖਾ ਰਹੀ ਹੈ। ਜਦੋਂ ਕਿ ਹੁਣ ਜਦੋਂ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੇ ਮਨਜੀਤ ਸਿੰਘ ਨੂੰ ਰੋਮ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਕੋਈ ਥਾਂ-ਟਿਕਾਣਾ ਨਹੀਂ ਮਿਲ ਸਕਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News