ਕੈਲੀਫੋਰਨੀਆ ਸੈਨੇਟ ਚੋਣਾਂ : ਪੰਜਾਬੀ ਮੂਲ ਦਾ ਨੌਜਵਾਨ ਵੀ ਉੱਤਰਿਆ ਮੈਦਾਨ ’ਚ

02/27/2020 2:45:05 PM

ਕੈਲੀਫੋਰਨੀਆ, (ਏਜੰਸੀ)— ਅਮਰੀਕਾ ’ਚ ਰਹਿ ਰਹੇ ਪੰਜਾਬੀ ਵਪਾਰ ਜਾਂ ਕਾਰੋਬਾਰ ’ਚ ਹੀ ਨਹੀਂ ਸਿਆਸਤ ’ਚ ਵੀ ਹਿੱਸਾ ਲੈਂਦੇ ਹਨ। 3 ਮਾਰਚ ਨੂੰ ਕੈਲੀਫੋਰਨੀਆ ਸੈਨੇਟ ਚੋਣਾਂ ਹੋਣ ਜਾ ਰਹੀਆਂ ਹਨ। ਕੈਲੀਫੋਰਨੀਆ ਸੂਬਾ ਸੈਨੇਟ ਦੀ ਸੀਟ ਲਈ ਪੰਜਾਬੀ ਮੂਲ ਦੇ ਅਮਰੀਕੀ ਕੌਂਸਲਰ ਅਤੇ ਕਿਸਾਨ ਮਨੀ ਗਰੇਵਾਲ ਕਿਸਮਤ ਅਜਮਾਉਣ ਜਾ ਰਹੇ ਹਨ। ਡਿਸਟਿ੍ਰਕਟ 5 ’ਚ ਮਨੀ ਨਾਲ ਡੈਮੋਕ੍ਰੇਟ ਸੂਜ਼ੇਨ ਟਾਲਾਮੇਨਟਸ ਐੱਗਮੈਨ ਅਤੇ ਰੀਪਬਲਿਕਨਜ਼ ਵਲੋਂ ਜੀਸਜ਼ ਐਨਡਰੇਡ, ਕੈਥਲੀਨ ਗਾਰਸ਼ੀਆ ਅਤੇ ਜਿਮ ਰਾਇਡਨੌਰ ਵੀ ਚੋਣ ਮੈਦਾਨ ’ਚ ਹਨ। 

ਜ਼ਿਕਰਯੋਗ ਹੈ ਕਿ ਅਗਸਤ 2019 ’ਚ ਗਰੇਵਾਲ ਨੇ ਆਪਣੀ ਫੇਸਬੁੱਕ ’ਤੇ ਐੱਲ. ਜੀ. ਬੀ. ਟੀ. ਭਾਈਚਾਰੇ ਨਾਲ ਸਬੰਧੀ ਕਿਸੇ ਐਡ ਨੂੰ ਸਾਂਝਾ ਕੀਤਾ ਸੀ ਪਰ ਵਿਰੋਧ ਕਾਰਨ ਉਨ੍ਹਾਂ ਨੂੰ ਇਹ ਪੋਸਟ ਹਟਾਉਣੀ ਪਈ ਸੀ। ਗਰੇਵਾਲ ਦੀ ਕੌਂਸਲ ਟਰਮ ਅਗਲੇ ਸਾਲ ਦੇ ਅਖੀਰ ’ਚ ਖਤਮ ਹੋਣ ਜਾ ਰਹੀ ਹੈ। ਇਸ ਚੋਣ ਮੁਹਿੰਮ ਲਈ ਉਹ ਪਾਣੀ ਦੇ ਅਧਿਕਾਰ, ਖੇਤੀ, ਵਪਾਰ, ਵਿੱਤੀ ਵਾਧੇ ਅਤੇ ਡੈੱਥ ਪਨੈਲਟੀ ਵਰਗੇ ਮੁੱਦਿਆਂ ਨੂੰ ਮੁੱਖ ਰੱਖ ਕੇ ਮੁਹਿੰਮ ਚਲਾਉਣ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਮਨੀ ਦਾ ਜਨਮ ਮੋਡੈਸਟੋ ’ਚ ਹੋਇਆ ਅਤੇ ਉਹ ਆਪਣੀ ਪਤਨੀ ਅਤੇ 4 ਬੱਚਿਆਂ ਸਣੇ ਮੋਡੈਸਟੋ ’ਚ ਰਹਿ ਰਹੇ ਹਨ। ਉਹ ਮੋਡੈਸਟੋ ਪਲੈਨਿੰਗ ਕਮਿਸ਼ਨ ਦੇ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਨੂੰ ਆਸ ਹੈ ਕਿ ਇੱਥੇ ਰਹਿ ਰਿਹਾ ਪੰਜਾਬੀ ਭਾਈਚਾਰਾ ਉਨ੍ਹਾਂ ਨੂੰ ਜਿੱਤ ਦਾ ਮੂੰਹ ਜ਼ਰੂਰ ਦਿਖਾਵੇਗਾ।
 


Related News