ਬ੍ਰਿਟੇਨ : ਭਾਰਤੀ ਦੇ ਕਤਲ ਮਾਮਲੇ ''ਚ ਪਾਕਿਸਤਾਨੀ ਵਿਅਕਤੀ ਨੂੰ ਉਮਰਕੈਦ
Thursday, Sep 12, 2019 - 04:21 PM (IST)
 
            
            ਲੰਡਨ— ਬ੍ਰਿਟੇਨ 'ਚ ਇਕ ਪਾਕਿਸਤਾਨੀ ਮੂਲ ਦੇ 27 ਸਾਲਾ ਵਿਅਕਤੀ ਨੂੰ ਭਾਰਤੀ ਮੂਲ ਦੇ ਆਪਣੇ ਇਕ ਸਹਿ-ਕਰਮਚਾਰੀ ਦੇ ਕਤਲ ਮਾਮਲੇ 'ਚ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਨੂੰ ਸ਼ੱਕ ਸੀ ਕਿ ਪੀੜਤ ਦਾ ਉਸ ਦੀ ਪਤਨੀ ਨਾਲ ਸਬੰਧ ਹੈ। ਦੋਸ਼ੀ ਤੇ ਪੀੜਤ ਦੋਵੇਂ ਦੋਸਤ ਸਨ।
ਅਦਾਲਤ ਨੇ ਹੈਦਰਾਬਾਦ ਦੇ 24 ਸਾਲਾ ਨੌਜਵਾਨ ਨਦੀਮ ਉੱਦੀਨ ਹਮੀਦ ਮੁਹੱਮਦ ਦੀ ਹੱਤਿਆ ਦੇ ਮਾਮਲੇ 'ਚ ਆਕਿਬ ਪਰਵੇਜ਼ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਪਰਵੇਜ਼ ਨੂੰ ਸ਼ੱਕ ਹੋਇਆ ਕਿ ਉਸ ਦੀ ਪਤਨੀ ਸਾਇਮਾ ਮੁਨੀਰ ਦੇ ਨਾਲ ਨਦੀਮ ਦੇ ਸਬੰਧ ਹਨ। ਜੱਜ ਹੀਥਰ ਨਾਰਟਨ ਨੇ ਪਰਵੇਜ਼ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਪਰਵੇਜ਼ ਨੂੰ ਬਿਨਾਂ ਕਿਸੇ ਆਧਾਰ 'ਤੇ ਗਲਤ ਸ਼ੱਕ ਸੀ ਕਿ ਉਸ ਦੀ ਪਤਨੀ ਨਾਲ ਨਦੀਮ ਦੇ ਸਬੰਧ ਹਨ। ਹਾਲਾਂਕਿ ਉਸ ਦੀ ਪਤਨੀ ਤੇ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਮਈ 'ਚ ਕਤਲ ਦੇ ਸਮੇਂ ਨਦੀਮ ਦੀ ਪਤਨੀ ਅਕਸ਼ਾ 8 ਮਹੀਨੇ ਦੀ ਗਰਭਵਤੀ ਸੀ। ਅਦਾਲਤ ਨੇ ਕਿਹਾ ਕਿ ਬਾਅਦ 'ਚ ਅਕਸ਼ਾ ਆਪਣੀ ਬੇਟੀ ਨਾਲ ਭਾਰਤ ਪਰਤ ਗਈ ਤੇ ਉਸ ਦਾ ਪਿਤਾ ਕਦੇ ਆਪਣੀ ਬੇਟੀ ਨੂੰ ਨਹੀਂ ਮਿਲ ਸਕਿਆ।
ਅਦਾਲਤ 'ਚ ਉਹ ਸੀਸੀਟੀਵੀ ਫੁਟੇਜ ਵੀ ਦਿਖਾਇਆ ਗਿਆ, ਜਿਸ 'ਚ ਪਰਵੇਜ਼ ਨਦੀਮ 'ਤੇ ਹਮਲਾ ਕਰਦਾ ਦਿਖ ਰਿਹਾ ਹੈ। ਅਦਾਲਤ ਨੇ ਹੁਕਮ ਜਾਰੀ ਕੀਤਾ ਕਿ ਪੈਰੋਲ 'ਤੇ ਰਿਹਾਅ ਹੋਣ ਤੋਂ ਪਹਿਲਾਂ ਉਸ ਨੂੰ ਘੱਟ ਤੋਂ ਘੱਟ 22 ਸਾਲ ਦੀ ਸਜ਼ਾ ਕੱਟਣੀ ਪਵੇਗੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            