ਬ੍ਰਿਸਬੇਨ ''ਚ ਪੋਲੈਂਡ ਨਿਵਾਸੀ ਬੀਬੀ ਨੂੰ ਕੁੱਟਣ ਅਤੇ ਬਲਾਤਕਾਰ ਕਰਨ ਦੇ ਦੋਸ਼ੀ ਵਿਅਕਤੀ ਨੂੰ 12 ਸਾਲ ਕੈਦ
Friday, Sep 03, 2021 - 02:46 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ ਉੱਤਰੀ ਇਲਾਕੇ ਪਿਟਰੀ ਵਿੱਚ ਤਕਰੀਬਨ ਪੰਜ ਸਾਲ ਪਹਿਲਾਂ ਨਵੰਬਰ 2016 ਨੂੰ 32 ਸਾਲਾ ਟ੍ਰੈਵਿਸ ਅਲੈਗਜ਼ੈਂਡਰ ਨਾਮ ਦੇ ਵਿਅਕਤੀ ਵਲੋਂ 24 ਸਾਲਾ ਪੋਲੈਂਡ ਨਿਵਾਸੀ ਬੀਬੀ ਜਦੋਂ ਉਹ ਸ਼ਾਮ ਦੀ ਸੈਰ ਕਰ ਰਹੀ ਸੀ, ਉਸ 'ਤੇ ਬਹੁਤ ਬੇਰਹਿਮੀ ਨਾਲ ਹਮਲਾ ਕਰਕੇ ਉਸ ਦਾ ਬਲਾਤਕਾਰ ਕੀਤਾ ਗਿਆ ਸੀ। ਇਸ ਦੌਰਾਨ ਬੀਬੀ ਦੇ ਚਿਹਰੇ ਅਤੇ ਨੱਕ 'ਤੇ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਸ ਨੂੰ ਸਰਜਰੀ ਕਰਵਾਉਣੀ ਪਈ ਸੀ। ਇਸ ਘਟਨਾ ਦੇ ਤਿੰਨ ਮਹੀਨਿਆਂ ਬਾਅਦ, ਪੀੜਤ ਬੀਬੀ ਦੇ ਪੋਲੈਂਡ ਵਾਪਸ ਪਰਤਣ ਤੋਂ ਬਾਅਦ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ।
ਪੜ੍ਹੋ ਇਹ ਅਹਿਮ ਖਬਰ - ਮੈਲਬੌਰਨ ਸੜਕ ਦੁਰਘਟਨਾ 'ਚ ਸ਼ਾਮਲ ਭਾਰਤੀ ਵਿਦਿਆਰਥੀ ਨੂੰ ਆਸਟ੍ਰੇਲੀਆਈ ਪੁਲਸ ਨੇ ਭਾਰਤ ‘ਚ ਕੀਤਾ ਗ੍ਰਿਫ਼ਤਾਰ
ਬ੍ਰਿਸਬੇਨ ਦੀ ਜਿਲ੍ਹਾ ਅਦਾਲਤ ਨੇ 32 ਸਾਲਾ ਟ੍ਰੈਵਿਸ ਅਲੈਗਜ਼ੈਂਡਰ ਨਾਮ ਦੇ ਵਿਅਕਤੀ ਨੂੰ ਮੁਕੱਦਮੇ ਦੀ ਸੁਣਵਾਈ ਤੋਂ ਬਾਅਦ ਪੋਲੈਂਡ ਨਿਵਾਸੀ ਬੀਬੀ ਦੇ ਬਲਾਤਕਾਰ ਅਤੇ ਜਾਨੀ ਨੁਕਸਾਨ ਪਹੁੰਚਾਉਣ ਦੇ ਗੰਭੀਰ ਦੋਸ਼ਾਂ ਅਧੀਨ ਸਾਢੇ 12 ਸਾਲ ਦੀ ਕੈਦ ਦੀ ਸਜਾ ਸੁਣਾਈ ਹੈ। ਸ਼ੁੱਕਰਵਾਰ ਨੂੰ ਅਦਾਲਤ ਵਲੋਂ ਸੁਣਾਏ ਗਏ ਫ਼ੈਸਲੇ 'ਚ ਦੱਸਿਆ ਗਿਆ ਕਿ ਦੋਸ਼ੀ ਦਾ ਲੰਬਾ ਅਪਰਾਧਿਕ ਇਤਿਹਾਸ ਹੈ, ਜਿਸ ਵਿੱਚ ਹੋਰ ਵੀ ਗੰਭੀਰ ਹਮਲਿਆਂ ਦੇ ਦੋਸ਼ ਸ਼ਾਮਲ ਹਨ। ਉਸ ਦੀ ਮੰਦਭਾਗੀ ਪਰਵਰਿਸ਼ ਹੋਈ ਸੀ ਅਤੇ ਉਸਨੂੰ ਬਚਪਨ ਵਿੱਚ ਸਰੀਰਕ ਅਤੇ ਜਿਨਸੀ ਸ਼ੋਸ਼ਣ ਸਹਿਣਾ ਪਿਆ ਸੀ, ਜਿਸ ਕਾਰਨ ਉਹ ਸਮਾਜ ਵਿਰੋਧੀ ਸ਼ਖਸ ਬਣ ਗਿਆ। ਅਦਾਲਤ 'ਚ ਕਿਹਾ ਗਿਆ ਕਿ ਟ੍ਰੈਵਿਸ ਅਲੈਗਜ਼ੈਂਡਰ ਦਾ ਵਿਵਹਾਰ ਚਿੰਤਾਜਨਕ , ਬੇਕਾਬੂ ਹਿੰਸਾ ਪੂਰਵਕ ਸੀ। ਅਜਿਹਾ ਆਦਮੀ ਸਾਡੇ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।