ਮਲੇਸ਼ੀਆ ਦੇ ਸਾਬਕਾ ਪੀ. ਐੱਮ. ਨਜੀਬ ਰੱਜ਼ਾਕ ਭ੍ਰਿਸ਼ਟਾਚਾਰ ਦੇ 7 ਦੋਸ਼ਾਂ ਵਿਚ ਦੋਸ਼ੀ ਕਰਾਰ

07/28/2020 4:29:12 PM

ਕੁਆਲਾਲੰਪੁਰ- ਮਲੇਸ਼ੀਆ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰੱਜ਼ਾਕ ਨੂੰ ਸਰਕਾਰੀ ਨਿਵੇਸ਼ ਫੰਡ ਵਿਚੋਂ ਅਰਬਾਂ ਡਾਲਰ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਮੰਗਲਵਾਰ ਨੂੰ ਦੋਸ਼ੀ ਕਰਾਰ ਦਿੱਤਾ। ਫੈਸਲੇ ਸੁਣਦੇ ਸਮੇਂ ਰੱਜ਼ਾਕ ਦਾ ਚਿਹਰਾ ਸ਼ਾਂਤ ਸੀ ਅਤੇ ਚਿਹਰੇ 'ਤੇ ਕੋਈ ਭਾਵ ਨਜ਼ਰ ਨਹੀਂ ਆ ਰਿਹਾ ਸੀ। ਉਹ ਮਲੇਸ਼ੀਆ ਦੇ ਪਹਿਲਾਂ ਅਜਿਹੇ ਨੇਤਾ ਹਨ, ਜੋ ਦੋਸ਼ੀ ਕਰਾਰ ਦਿੱਤੇ ਗਏ ਹਨ। ਉਨ੍ਹਾਂ ਨੇ ਇਸ ਫੈਸਲੇ ਨੂੰ ਚੁਣੌਤੀ ਦੇਣ ਦੀ ਗੱਲ ਕਹੀ ਹੈ। ਉਨ੍ਹਾਂ ਨੂੰ ਕਈ ਸਾਲਾਂ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਇਹ ਫੈਸਲਾ ਨਵੀਂ ਸੱਤਾਧਾਰੀ ਗਠਜੋੜ ਸਰਕਾਰ ਵਿਚ ਨਜੀਬ ਦੀ ਮਲਯ ਪਾਰਟੀ ਦੇ ਵੱਡੇ ਸਹਿਯੋਗੀ ਦੇ ਰੂਪ ਵਿਚ ਸ਼ਾਮਲ ਹੋਣ ਦੇ ਪੰਜ ਮਹੀਨੇ ਬਾਅਦ ਆਇਆ ਹੈ। 

ਅਰਬਾਂ ਡਾਲਰ ਦੇ ਘੁਟਾਲੇ ਨੂੰ ਲੈ ਕੇ ਜਨਤਾ ਦੇ ਗੁੱਸੇ ਕਾਰਨ 2018 ਵਿਚ ਨਜੀਬ ਦੀ ਪਾਰਟੀ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ ਸੀ। ਇਹ ਫੈਸਲਾ ਨਜੀਬ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਪੰਜ ਮੁੱਕਦਮਿਆਂ ਵਿਚੋਂ ਇਕ ਵਿਚ ਆਇਆ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਨਜੀਬ ਦੇ ਹੋਰ ਮੁਕੱਦਮਾਂ 'ਤੇ ਅਸਰ ਪਾਵੇਗਾ ਅਤੇ ਕਾਰੋਬਾਰੀ ਭਾਈਚਾਰੇ ਨੂੰ ਵੀ ਇਹ ਸੰਕੇਤ ਜਾਵੇਗਾ ਕਿ ਮਲੇਸ਼ੀਆ ਦੇ ਕਾਨੂੰਨੀ ਤੰਤਰ ਵਿਚ ਕੌਮਾਂਤਰੀ ਵਿੱਤੀ ਅਪਰਾਧਾਂ ਨਾਲ ਨਜਿੱਠਣ ਦੀ ਤਾਕਤ ਹੈ। 

ਜੱਜ ਮੁਹੰਮਦ ਨਜਲਾਨ ਗਜਾਲੀ ਨੇ ਦੋ ਘੰਟੇ ਤੱਕ ਆਪਣੇ ਫੈਸਲੇ ਨੂੰ ਪੜ੍ਹਨ ਮਗਰੋਂ ਕਿਹਾ, ਮੈਂ ਦੋਸ਼ੀ ਨੂੰ ਸਾਰੇ 7 ਦੋਸ਼ਾਂ ਦਾ ਦੋਸ਼ੀ ਕਰਾਰ ਦਿੰਦਾ ਹਾਂ। ਅਦਾਲਤ ਦੇ ਬਾਹਰ ਮੌਜੂਦ ਨਜੀਬ ਦੇ ਸਮਰਥਕ ਇਸ ਫੈਸਲੇ ਨੂੰ ਸੁਣ ਕੇ ਰੋਣ ਲੱਗ ਗਏ। ਨਜੀਬ ਨੂੰ 15-20 ਸਾਲ ਦੀ ਕੈਦ ਤੇ ਭਾਰੀ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ। ਉਨ੍ਹਾਂ ਅੰਤ ਤੱਕ ਲੜਾਈ ਲੜਨ ਦੀ ਗੱਲ ਆਖੀ ਹੈ। ਜ਼ਿਕਰਯੋਗ ਹੈ ਕਿ ਨਜੀਬ ਵੱਖ-ਵੱਖ ਮੁਕੱਦਮਿਆਂ ਵਿਚੋਂ 42 ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਤੇ ਦੋਸ਼ੀ ਪਾਏ ਜਾਣ 'ਤੇ ਉਨ੍ਹਾਂ ਨੂੰ ਸਾਲਾਂ ਦੀ ਜੇਲ੍ਹ ਹੋ ਸਕਦੀ ਹੈ। ਨਜੀਬ ਦੇ ਪਿਤਾ ਤੇ ਚਾਚਾ ਦੇਸ਼ ਦੇ ਦੂਜੇ ਤੇ ਤੀਜੇ ਪ੍ਰਧਾਨ ਮੰਤਰੀ ਸਨ। 


Lalita Mam

Content Editor

Related News