ਗਲਾਸਗੋ ''ਚ ਕੋਪ 26 ਦੌਰਾਨ ਬੰਦ ਰਹਿਣਗੀਆਂ ਪ੍ਰਮੁੱਖ ਸੜਕਾਂ
Friday, Oct 29, 2021 - 11:33 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - ਗਲਾਸਗੋ ਵਿੱਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਪ੍ਰਮੁੱਖ ਵਿਅਸਤ ਸੜਕਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਐਤਵਾਰ (31 ਅਕਤੂਬਰ) ਤੋਂ ਸ਼ੁਰੂ ਹੋਣ ਵਾਲੀ ਦੋ ਹਫ਼ਤਿਆਂ ਦੀ ਇਸ ਜਲਵਾਯੂ ਕਾਨਫਰੰਸ ਲਈ ਐੱਸ.ਈ.ਸੀ. ਅਤੇ ਸਿਟੀ ਸੈਂਟਰ ਦੇ ਆਲੇ ਦੁਆਲੇ ਦੀਆਂ ਕਈ ਸੜਕਾਂ, ਗਲੀਆਂ ਪੂਰੀ ਤਰ੍ਹਾਂ ਬੰਦ ਹੋ ਜਾਣਗੀਆਂ। ਕਲਾਈਡਸਾਈਡ ਐਕਸਪ੍ਰੈਸਵੇਅ ਜੋ ਕਿ ਸ਼ਹਿਰ ਦੇ ਕੇਂਦਰ ਨੂੰ ਪੱਛਮ ਨਾਲ ਜੋੜਨ ਵਾਲਾ ਮੁੱਖ ਰਸਤਾ ਹੈ, ਨੂੰ ਸ਼ਨੀਵਾਰ ਰਾਤ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਇਹ 15 ਨਵੰਬਰ ਤੱਕ ਨਹੀਂ ਖੁੱਲ੍ਹੇਗਾ। ਕੋਪ 26 ਲਈ ਹਜ਼ਾਰਾਂ ਡੈਲੀਗੇਟ, ਕਾਰਕੁੰਨ ਗਲਾਸਗੋ ਵਿੱਚ ਆਉਣਗੇ। ਇਸ ਸੰਮੇਲਨ ਦੌਰਾਨ ਸੜਕਾਂ ਦੇ ਬੰਦ ਹੋਣ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਫਿਨੀਸਟਨ, ਐਂਡਰਸਟਨ ਅਤੇ ਪਾਰਟਿਕ ਪਲੱਸ ਸਿਟੀ ਸੈਂਟਰ ਅਤੇ ਐੱਮ 8 ਸ਼ਾਮਲ ਹਨ। ਹਾਲਾਂਕਿ, ਇਸ ਦੌਰਾਨ ਸਕਾਟਰੇਲ ਦੇ ਰੇਲ ਕਾਮਿਆਂ ਦੁਆਰਾ ਹੜਤਾਲਾਂ ਨੂੰ ਮੁਲਤਵੀ ਕੀਤੇ ਜਾਣ ਦੇ ਬਾਅਦ ਰੇਲ ਸੇਵਾ ਚਾਲੂ ਰਹੇਗੀ। ਕੁੱਝ ਰੂਟ ਜਿਨ੍ਹਾਂ ਦੀ ਲੋਕ ਆਮ ਤੌਰ 'ਤੇ ਵਰਤੋਂ ਕਰਦੇ ਹਨ, ਵੀ ਬੰਦ ਕਰ ਦਿੱਤੇ ਜਾਣਗੇ ਜਾਂ ਉਨ੍ਹਾਂ ਤੱਕ ਪਹੁੰਚ ਨੂੰ ਸੀਮਤ ਕਰ ਦਿੱਤਾ ਜਾਵੇਗਾ। ਕੋਪ 26 ਦੌਰਾਨ ਕੁੱਝ ਪ੍ਰਮੁੱਖ ਸੜਕਾਂ ਬੰਦ ਹੋ ਰਹੀਆਂ ਹਨ ਦੀ ਜਾਣਕਾਰੀ ਇਸ ਪ੍ਰਕਾਰ ਹੈ-
1. ਕਾਂਗਰਸ ਰੋਡ: ਇਹ ਸੜਕ 10 ਅਕਤੂਬਰ ਤੋਂ 17 ਨਵੰਬਰ ਤੱਕ ਬੰਦ ਹੈ।
2. ਕਾਂਗਰਸ ਵੇਅ, ਫਿਨੀਸਟਨ ਕਵੇ, ਟੰਨਲ ਸਟ੍ਰੀਟ, ਸਟੌਬਕ੍ਰਾਸ ਰੋਡ ਅਤੇ ਕੈਸਲਬੈਂਕ ਸਟ੍ਰੀਟ: ਇਹ ਸੜਕਾਂ 24 ਅਕਤੂਬਰ ਤੋਂ 21 ਨਵੰਬਰ ਤੱਕ ਬੰਦ ਹੋਣਗੀਆਂ।
3: ਕਲਾਈਡ ਆਰਕ ਅਤੇ ਲੈਂਸਫੀਲਡ ਕਵੇ: ਇਹ ਸੜਕ 23 ਅਕਤੂਬਰ ਤੋਂ ਸੋਮਵਾਰ 15 ਨਵੰਬਰ ਤੱਕ ਬੰਦ ਹੋਵੇਗੀ।
4. ਫਿਨੀਸਟਨ ਸਟ੍ਰੀਟ - ਹੋਲਡਸਵਰਥ ਸਟ੍ਰੀਟ ਤੋਂ ਲੈਂਸਫੀਲਡ ਕਵੇ: ਇਹ ਵੀ 24 ਅਕਤੂਬਰ ਤੋਂ ਸੋਮਵਾਰ 15 ਨਵੰਬਰ ਤੱਕ ਬੰਦ ਰਹੇਗੀ।
5. ਕਲਾਈਡਸਾਈਡ ਐਕਸਪ੍ਰੈਸਵੇਅ – ਐਂਡਰਸਟਨ ਤੱਕ ਪਾਰਟਿਕ ਇੰਟਰਚੇਂਜ : ਇਹ ਸੜਕ ਵੀ ਸ਼ਨੀਵਾਰ 23 ਅਕਤੂਬਰ ਤੋਂ ਸੋਮਵਾਰ 15 ਨਵੰਬਰ ਤੱਕ ਬੰਦ ਹੈ।
6. ਮਿਨਰਵਾ ਸਟ੍ਰੀਟ - ਵੈਸਟ ਗ੍ਰੀਨਹਿਲ ਸਥਾਨ: ਇਹ ਸੜਕ 28 ਅਕਤੂਬਰ ਤੋਂ 13 ਨਵੰਬਰ ਤੱਕ ਬੰਦ ਹੈ ਪਰ ਨਿੱਜੀ ਕਾਰ ਪਾਰਕਾਂ ਤੱਕ ਸਥਾਨਕ ਪਹੁੰਚ ਰੱਖੀ ਗਈ ਹੈ।
ਸਕਾਟਲੈਂਡ ਪ੍ਰਸ਼ਾਸਨ ਦੁਆਰਾ ਪ੍ਰਮੁੱਖ ਸੜਕਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਬੰਦ ਕੀਤਾ ਗਿਆ ਹੈ, ਜਿਸ ਕਾਰਨ ਟ੍ਰੈਫਿਕ ਪ੍ਰਬੰਧ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।