''ਪਾਗਲਪਨ'' ਵੀ ਬਣ ਸਕਦੈ ਵਿਦੇਸ਼ ਨੀਤੀ ਦਾ ਹਥਿਆਰ ! ਜਾਣੋ ਆਖ਼ਿਰ ਕੀ ਹੈ ਟਰੰਪ ਦੀ MadMan ਥਿਊਰੀ
Saturday, Apr 11, 2026 - 10:46 AM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਜਾਰੀ ਤਣਾਅ ਦਰਮਿਆਨ ਡੋਨਾਲਡ ਟਰੰਪ ਦੇ ਬਿਆਨਾਂ ਅਤੇ ਫੈਸਲਿਆਂ ਨੇ ਵਿਸ਼ਵ ਰਾਜਨੀਤੀ ਵਿਚ ਇਕ ਨਵੀਂ ਬਹਿਸ ਛੇੜ ਦਿੱਤੀ ਹੈ। ਇਰਾਨ ਖਿਲਾਫ ਜੰਗ ਵਿਚ 2 ਹਫ਼ਤਿਆਂ ਦੀ ਜੰਗਬੰਦੀ ਦਾ ਐਲਾਨ ਕਰਦੇ ਹੋਏ ਟਰੰਪ ਨੇ ਜਿੱਥੇ ਪਹਿਲਾਂ ‘ਪੂਰੀ ਸੱਭਿਅਤਾ ਖ਼ਤਮ ਕਰਨ’ ਵਰਗੀ ਧਮਕੀ ਤੋਂ ਪਿੱਛੇ ਹਟਣ ਦੇ ਸੰਕੇਤ ਦਿੱਤੇ, ਉੱਥੇ ਉਨ੍ਹਾਂ ਦੇ ਲਗਾਤਾਰ ਬਦਲਦੇ ਰੁਖ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਉਹ ‘ਮੈਡਮੈਨ ਥਿਊਰੀ’ ਨੂੰ ਇਕ ਰਣਨੀਤੀ ਵਜੋਂ ਅਪਣਾ ਰਹੇ ਹਨ ?
ਕੀ ਹੈ ‘ਮੈਡਮੈਨ ਥਿਊਰੀ’ ?
ਮੀਡੀਆ ਰਿਪੋਰਟਾਂ ਅਨੁਸਾਰ ਅੰਤਰਰਾਸ਼ਟਰੀ ਰਾਜਨੀਤੀ ਵਿਚ ‘ਮੈਡਮੈਨ ਥਿਊਰੀ’ ਦੀਆਂ ਜੜ੍ਹਾਂ ਸ਼ੀਤ ਯੁੱਧ ਦੇ ਦੌਰ ਤੋਂ ਮੰਨੀਆਂ ਜਾਂਦੀਆਂ ਹਨ। ਇਸ ਸਿਧਾਂਤ ਅਨੁਸਾਰ ਜੇਕਰ ਕੋਈ ਨੇਤਾ ਖੁਦ ਨੂੰ ਅਣਕਿਆਸੇ ਅਤੇ ਅੱਤ ਦੇ ਕਦਮ ਚੁੱਕਣ ਵਾਲਾ ਦਿਖਾਉਂਦਾ ਹੈ ਤਾਂ ਉਹ ਆਪਣੇ ਵਿਰੋਧੀ ਨੂੰ ਡਰਾ ਕੇ ਆਪਣੀਆਂ ਸ਼ਰਤਾਂ ਮੰਨਵਾ ਸਕਦਾ ਹੈ। ਇਸ ਵਿਚ ਅਣਕਿਆਸਾ ਵਿਵਹਾਰ ਅਤੇ ਸਖ਼ਤ ਰੁਖ ਮੁੱਖ ਤੱਤ ਹੁੰਦੇ ਹਨ।
ਟਰੰਪ ਦਾ ਵਿਵਹਾਰ ਇਕ ਰਣਨੀਤੀ ਜਾਂ ਅਸਥਿਰਤਾ ?
ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ’ਚ ਰਾਜਨੀਤੀ ਵਿਗਿਆਨ ਦੀ ਪ੍ਰੋਫੈਸਰ ਰੋਜ਼ਨ ਮੈਕਮੈਨਿਸ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟਰੰਪ ਦੇ ਹਾਲੀਆ ਬਿਆਨ- ਕਦੇ ਸਖ਼ਤ ਧਮਕੀ ਅਤੇ ਕਦੇ ਗੱਲਬਾਤ ਦੀ ਪੇਸ਼ਕਸ਼ ਉਨ੍ਹਾਂ ਨੂੰ ‘ਅਣਕਿਆਸਾ’ ਬਣਾਉਂਦੇ ਹਨ। ਵੱਡੇ ਪੱਧਰ ਦੀ ਤਬਾਹੀ ਦੀ ਗੱਲ ਕਰਨਾ ਇਹ ਸੰਕੇਤ ਦਿੰਦਾ ਹੈ ਕਿ ਉਹ ਨਤੀਜਿਆਂ ਦੀ ਪ੍ਰਵਾਹ ਕੀਤੇ ਬਿਨਾਂ ਕੋਈ ਵੀ ਸਖ਼ਤ ਕਦਮ ਚੁੱਕਣ ਲਈ ਤਿਆਰ ਹਨ, ਜੋ ਕਿ ਇਸ ਥਿਊਰੀ ਦਾ ਅਹਿਮ ਹਿੱਸਾ ਹੈ।
ਇਹ ਵੀ ਪੜ੍ਹੋ- ਡੈੱਡਲਾਈਨ ਮਗਰੋਂ ਆਖ਼ਿਰ ਰਾਤੋ-ਰਾਤ ਕਿਵੇਂ ਹੋ ਗਿਆ Ceasefire ? ਇਨ੍ਹਾਂ ਸ਼ਰਤਾਂ ਨੇ ਰੋਕੀ 'World War-III'
ਹੋਰ ਨੇਤਾਵਾਂ ਨਾਲੋਂ ਕਿਵੇਂ ਵੱਖਰੇ ਹਨ ਟਰੰਪ ?
ਰੋਜ਼ਨ ਮੈਕਮੈਨਿਸ ਕਹਿੰਦੇ ਹਨ ਕਿ ਇਤਿਹਾਸ ’ਚ ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਵੀ ਖੁਦ ਨੂੰ ‘ਪਾਗਲ’ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇਸ ਵਿਚ ਪੂਰੀ ਤਰ੍ਹਾਂ ਸਫਲ ਨਹੀਂ ਰਹੇ। ਜਾਰਜ ਡਬਲਯੂ ਬੁਸ਼ ਨੂੰ ‘ਹਾਕ’ ਮੰਨਿਆ ਗਿਆ ਪਰ ਉਹ ਅਣਕਿਆਸੇ ਨਹੀਂ ਸਨ। ਉਥੇ ਹੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਜੰਗ ਦੌਰਾਨ ਹਮਲਾਵਰ ਅਕਸ ਬਣਾਇਆ ਪਰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਾ ਕਰਨ ਨਾਲ ਉਨ੍ਹਾਂ ਦਾ ‘ਮੈਡਮੈਨ’ ਅਕਸ ਕਮਜ਼ੋਰ ਪਿਆ ਹੈ। ਹੁਣ ਟਰੰਪ ਦੀ ਸਭ ਤੋਂ ਨੇੜਲੀ ਤੁਲਨਾ ਕਿਮ-ਜੋਂਗ-ਉਨ ਨਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਆਪਣੇ ਅਣਕਿਆਸੇ ਕਦਮਾਂ ਨਾਲ ਅਜਿਹਾ ਅਕਸ ਬਣਾਇਆ ਹੈ।
ਡਿਜੀਟਲ ਯੁੱਗ ਦੀਆਂ ਸੀਮਾਵਾਂ
ਮੈਕਮੈਨਿਸ ਅਨੁਸਾਰ ਅੱਜ ਦੇ ਦੌਰ ਵਿਚ ‘ਮੈਡਮੈਨ ਥਿਊਰੀ’ ਨੂੰ ਬਣਾਈ ਰੱਖਣਾ ਸੌਖਾ ਨਹੀਂ ਹੈ। ਲਗਾਤਾਰ ‘ਪਾਗਲਪਨ’ ਵਾਲਾ ਅਕਸ ਸ਼ਾਂਤੀ ਦੇ ਭਰੋਸੇ ਨੂੰ ਕਮਜ਼ੋਰ ਕਰ ਸਕਦਾ ਹੈ। ਇਸ ਨਾਲ ਵਿਰੋਧੀ ਦੇਸ਼ ਇਹ ਮੰਨ ਸਕਦੇ ਹਨ ਕਿ ਸਮਝੌਤਾ ਕਰਨਾ ਬੇਕਾਰ ਹੈ। ਇਹੀ ਕਾਰਨ ਹੈ ਕਿ ਇਰਾਨ ਨੇ ਅਮਰੀਕਾ ਨਾਲ ਗੱਲਬਾਤ ਵਿਚ ਝਿਜਕ ਦਿਖਾਈ।
ਅਮਰੀਕਾ ਦੇ ਅਕਸ ’ਤੇ ਅਸਰ
ਮਾਹਿਰਾਂ ਦਾ ਮੰਨਣਾ ਹੈ ਕਿ ਸੰਕਟ ਸਮੇਂ ਇਹ ਰਣਨੀਤੀ ਕੁਝ ਹੱਦ ਤੱਕ ਅਸਰਦਾਰ ਹੋ ਸਕਦੀ ਹੈ ਪਰ ਲੰਬੇ ਸਮੇਂ ਵਿੱਚ ਇਸ ਦੇ ਨਕਾਰਾਤਮਕ ਨਤੀਜੇ ਨਿਕਲਦੇ ਹਨ। ਇਸ ਨਾਲ ਅਮਰੀਕਾ ਇਕ ਅਣਭਰੋਸੇਯੋਗ ਭਾਈਵਾਲ ਵਜੋਂ ਦੇਖਿਆ ਜਾ ਸਕਦਾ ਹੈ ਅਤੇ ਅੰਤਰਰਾਸ਼ਟਰੀ ਵਿਵਸਥਾ ਵਿਚ ਉਸ ਦਾ ਪ੍ਰਭਾਵ ਘਟ ਸਕਦਾ ਹੈ।
ਇਹ ਵੀ ਪੜ੍ਹੋ- ''ਅਮਰੀਕਾ ਨਾਲ ਖੇਡਾਂ ਨਾ ਖੇਡੇ ਇਰਾਨ..!'' JD Vance ਨੇ ਗੱਲਬਾਤ ਤੋਂ ਪਹਿਲਾਂ ਦੇ'ਤੀ Warning
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
