ਜੰਗਬੰਦੀ ਬਾਰੇ ਇਰਾਨ ਦਾ ਵੱਡਾ ਬਿਆਨ ; ਕਿਹਾ- ''ਗੱਲਬਾਤ ਦੇ ਰਸਤੇ ਹਾਲੇ ਵੀ ਖੁੱਲ੍ਹੇ''
Tuesday, Oct 27, 2026 - 05:03 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਇਜ਼ਰਾਈਲ ਵਿਚ ਅਹਿਮ ਚੋਣਾਂ ਤੋਂ ਪਹਿਲਾਂ ਈਰਾਨ ਨਾਲ ਵਿਆਪਕ ਜੰਗ ਮੁੜ ਸ਼ੁਰੂ ਹੋਣ ਦੇ ਖਦਸ਼ਿਆਂ ਵਿਚਕਾਰ ਤਹਿਰਾਨ ਨੇ ਕਿਹਾ ਹੈ ਕਿ ਵਿਚੋਲਿਆਂ ਰਾਹੀਂ ਅਮਰੀਕਾ ਤੱਕ ਸੰਦੇਸ਼ ਪਹੁੰਚਾਏ ਜਾ ਰਹੇ ਹਨ ਅਤੇ ਉਹ ਕੂਟਨੀਤੀ ਲਈ ਹੁਣ ਵੀ ਤਿਆਰ ਹੈ।
ਉਥੇ ਹੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਜੇ ਇਸਲਾਮਿਕ ਗਣਰਾਜ ਈਰਾਨ ’ਤੇ ਹਮਲਾ ਨਹੀਂ ਕੀਤਾ ਜਾਵੇਗਾ। ਇਸ ਦੌਰਾਨ, ਇਜ਼ਰਾਈਲ ਦੇ ਸੁਪਰੀਮ ਕੋਰਟ ਦੇ ਸਰਕਾਰ ਨੂੰ ਸੂਚੀਆਂ ਸਾਂਝੀਆਂ ਕਰਨ ਦੀ ਪ੍ਰਕਿਰਿਆ ਬਹਾਲ ਕਰਨ ਦੇ ਹੁਕਮ ਤੋਂ ਬਾਅਦ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ (ਆਈ.ਸੀ.ਆਰ.ਸੀ.) ਨੂੰ ਕਬਜ਼ੇ ਵਾਲੇ ਵੈਸਟ ਬੈਂਕ ਅਤੇ ਗਾਜ਼ਾ ਵਿਚ ਹਿਰਾਸਤ ਵਿਚ ਲਏ ਗਏ ਫਿਲਸਤੀਨੀਆਂ ਦੀਆਂ ਸੂਚੀਆਂ ਫਿਰ ਤੋਂ ਮਿਲਣ ਲੱਗੀਆਂ ਹਨ।
ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਕਿਹਾ ਕਿ ਤਹਿਰਾਨ ਨੇ ਕੂਟਨੀਤੀ ਦੇ ਰਸਤੇ ਬੰਦ ਨਹੀਂ ਕੀਤੇ ਹਨ ਅਤੇ ਵਿਚੋਲਿਆਂ ਰਾਹੀਂ ਅਮਰੀਕਾ ਤੱਕ ਸੰਦੇਸ਼ ਪਹੁੰਚਾਏ ਜਾ ਰਹੇ ਹਨ। ਜੰਗ ਨੂੰ ਲੈ ਕੇ ਗੱਲਬਾਤ ਕਈ ਹਫ਼ਤਿਆਂ ਤੋਂ ਠੱਪ ਹੋਈ ਪ੍ਰਤੀਤ ਹੋ ਰਹੀ ਹੈ। ਸਰਕਾਰੀ ਮੀਡੀਆ ਅਨੁਸਾਰ, ਬਘਾਈ ਨੇ ਇਕ ਜਰਮਨ ਪ੍ਰਸਾਰਕ ਨਾਲ ਇਕ ਇੰਟਰਵਿਊ ਵਿਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਅਮਰੀਕਾ ਇਕਤਰਫ਼ਾ ਮੰਗਾਂ ’ਤੇ ਅੜਿਆ ਹੋਇਆ ਦਿਖਾਈ ਦਿੰਦਾ ਹੈ, ਟਰੰਪ ਅਤੇ ਅਮਰੀਕੀ ਅਧਿਕਾਰੀ ਵਾਰ-ਵਾਰ ‘ਪੂਰਨ ਆਤਮਸਮਰਪਣ’ ਸ਼ਬਦ ਦੀ ਵਰਤੋਂ ਕਰਦੇ ਹਨ, ਜਿਸ ਨੂੰ ਕੋਈ ਵੀ ਈਰਾਨੀ ਸਵੀਕਾਰ ਨਹੀਂ ਕਰਦਾ।
