ਅਮਰੀਕਾ ਹੁਣ ਈਰਾਨ 'ਤੇ ਸੁੱਟੇਗਾ ਮਹਾਸ਼ਕਤੀਸ਼ਾਲੀ ਬੰਬ 'MOAB'! ਫੌਜ ਕਰ ਰਹੀ ਵਿਚਾਰ

Thursday, Oct 15, 2026 - 04:46 PM (IST)

ਅਮਰੀਕਾ ਹੁਣ ਈਰਾਨ 'ਤੇ ਸੁੱਟੇਗਾ ਮਹਾਸ਼ਕਤੀਸ਼ਾਲੀ ਬੰਬ 'MOAB'! ਫੌਜ ਕਰ ਰਹੀ ਵਿਚਾਰ

ਇੰਟਰਨੈਸ਼ਨਲ ਡੈਸਕ:  ਅਮਰੀਕਾ ਹੁਣ ਈਰਾਨ ਖਿਲਾਫ ਆਪਣੇ ਸਭ ਤੋਂ ਸ਼ਕਤੀਸ਼ਾਲੀ GBU-43/B ਬੰਬ ਦੀ ਵਰਤੋਂ ਕਰ ਸਕਦਾ ਹੈ। ਨਿਊਯਾਰਕ ਪੋਸਟ ਨੇ ਸੀਐਨਐਨ ਨਾਲ ਗੱਲਬਾਤ ਕਰਨ ਵਾਲੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਰਾਸ਼ਟਰਪਤੀ ਡੋਨਾਲਡ ਟਰੰਪ ਫੌਜੀ ਕਾਰਵਾਈ ਦਾ ਆਦੇਸ਼ ਦਿੰਦੇ ਹਨ, ਤਾਂ ਅਮਰੀਕੀ ਫੌਜ ਦੇ ਵਿਕਲਪਾਂ ਵਿਚ GBU-43/B 'ਮੈਸਿਵ ਆਰਡਨੈਂਸ ਏਅਰ ਬਲਾਸਟ ਬੰਬ, ਜਿਸ ਨੂੰ  'ਮਦਰ ਆਫ਼ ਆਲ ਬੰਬ' (MOAB) ਕਿਹਾ ਜਾਂਦਾ ਹੈ, ਸ਼ਾਮਲ ਹੋ ਸਕਦਾ ਹੈ। ਈਰਾਨ ਨੂੰ ਅਮਰੀਕੀ ਸ਼ਰਤਾਂ ਵੱਲ ਮੋੜਨ ਦੀ ਇਹ ਆਖਰੀ ਕੋਸ਼ਿਸ਼ ਹੋ ਸਕਦੀ ਹੈ ਕਿਉਂਕਿ ਇਹ ਬੰਬ ਭਾਰੀ ਤਬਾਹੀ ਮਚਾਉਂਦਾ ਹੈ।

ਰਿਪੋਰਟ ਮੁਤਾਬਕ ਅਮਰੀਕੀ ਫੌਜ ਨੇ ਈਰਾਨ ਦੇ ਊਰਜਾ ਢਾਂਚੇ ਅਤੇ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਇਸ ਬੰਬ ਦੀ ਵਰਤੋਂ ਕਰ ਸਕਦੀ ਹੈ। ਅਮਰੀਕਾ ਵਿੱਚ ਆਗਾਮੀ ਮਿਡਟਰਮ ਚੋਣਾਂ ਦੇ ਮੱਦੇਨਜ਼ਰ ਰਿਪਬਲਿਕਨ ਪਾਰਟੀ ਨੂੰ ਵੋਟਰਾਂ ਦੇ ਸਿਆਸੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਅਮਰੀਕੀ ਬੰਬਾਰੀ ਕਾਰਨ ਇਹ ਜੰਗ ਆਮ ਅਮਰੀਕੀਆਂ ਵਿੱਚ ਬੇਹੱਦ ਅਪ੍ਰਸਿੱਧ ਹੋ ਚੁੱਕੀ ਹੈ। ਦੋਵਾਂ ਦੇਸ਼ਾਂ ਵਿਚਾਲੇ ਕਿਸੇ ਕੂਟਨੀਤਕ ਸਮਝੌਤੇ 'ਤੇ ਪਹੁੰਚਣ ਦੇ ਬਹੁਤ ਘੱਟ ਸੰਕੇਤ ਦਿਖਾਈ ਦੇ ਰਹੇ ਹਨ। ਟਰੰਪ ਅਤੇ ਉਨ੍ਹਾਂ ਦੇ ਸਲਾਹਕਾਰ ਅਜਿਹੇ ਵਿਕਲਪਾਂ 'ਤੇ ਚਰਚਾ ਕਰ ਰਹੇ ਹਨ ਜੋ ਜੰਗ ਦਾ "ਨਿਰਣਾਇਕ" ਅੰਤ ਦਿਖਾ ਸਕਣ। ਹਾਲਾਂਕਿ ਕੁਝ ਅਧਿਕਾਰੀ ਨਿਜੀ ਤੌਰ 'ਤੇ ਸਵਾਲ ਚੁੱਕ ਰਹੇ ਹਨ ਕਿ ਕੀ ਵ੍ਹਾਈਟ ਹਾਊਸ ਕੋਲ ਇਨ੍ਹਾਂ ਹਮਲਿਆਂ ਦੀ ਯੋਜਨਾ ਰਾਹੀਂ ਜੰਗ ਖਤਮ ਕਰਨ ਦੀ ਕੋਈ ਸਪੱਸ਼ਟ ਰਣਨੀਤੀ ਹੈ ਵੀ ਜਾਂ ਨਹੀਂ।

ਅਮਰੀਕੀ ਸਰੋਤਾਂ ਅਨੁਸਾਰ ਟਰੰਪ ਨੇ ਫੌਜ ਨੂੰ ਈਰਾਨੀ ਊਰਜਾ ਢਾਂਚੇ ਨੂੰ ਨਿਸ਼ਾਨਾ ਬਣਾਉਣ ਲਈ ਵਾਧੂ ਹਮਲੇ ਦੇ ਪੈਕੇਜ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿਸ ਵਿੱਚ MOAB ਦੀ ਵਰਤੋਂ ਸ਼ਾਮਲ ਹੈ। ਇਸ ਤੋਂ ਇਲਾਵਾ ਈਰਾਨ ਦੇ ਪ੍ਰਮਾਣੂ ਸਥਾਨ 'ਪਿਕਐਕਸ ਮਾਊਂਟੇਨ' 'ਤੇ ਹਮਲੇ ਦੀਆਂ ਫੌਜੀ ਯੋਜਨਾਵਾਂ ਵਿੱਚ ਵੀ ਸਪੱਸ਼ਟ ਤੌਰ 'ਤੇ MOAB ਦੀ ਵਰਤੋਂ ਦਾ ਜ਼ਿਕਰ ਕੀਤਾ ਗਿਆ ਹੈ। ਟਰੰਪ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਈਰਾਨ ਕਦੇ ਵੀ ਪ੍ਰਮਾਣੂ ਹਥਿਆਰ ਹਾਸਲ ਨਾ ਕਰ ਸਕੇ।

ਪੜ੍ਹੋ ਇਹ ਅਹਿਮ ਖ਼ਬਰ-  "ਕੌਣ ਬਣਨਾ ਚਾਹੇਗਾ ਈਰਾਨ ਦਾ ਰਾਸ਼ਟਰਪਤੀ"!  ਰੈਲੀ 'ਚ ਡੋਨਾਲਡ ਟਰੰਪ ਨੇ ਪੁੱਛ ਲਿਆ ਸਵਾਲ

MOAB ਦੀ ਪ੍ਰਭਾਵਸ਼ੀਲਤਾ 'ਤੇ ਉੱਠੇ ਸਵਾਲ 

ਹਾਲਾਂਕਿ ਅਮਰੀਕੀ ਅਧਿਕਾਰੀਆਂ ਅਤੇ ਫੌਜੀ ਮਾਹਰਾਂ ਨੇ MOAB ਦੀ ਪ੍ਰਭਾਵਸ਼ੀਲਤਾ 'ਤੇ ਸ਼ੰਕਾ ਜਤਾਈ ਹੈ। ਇਹ GPS-ਨਿਰਦੇਸ਼ਿਤ ਬੰਬ 9 ਸਿਟੀ ਬਲਾਕਾਂ ਦੇ ਬਰਾਬਰ ਖੇਤਰ ਨੂੰ ਤਬਾਹ ਕਰ ਸਕਦਾ ਹੈ, ਪਰ ਗ੍ਰੇਨਾਈਟ ਦੀਆਂ ਪਹਾੜੀਆਂ ਹੇਠਾਂ ਡੂੰਘੇ ਬਣੇ ਪਿਕਐਕਸ ਪ੍ਰਮਾਣੂ ਟਿਕਾਣਿਆਂ ਨੂੰ ਤਬਾਹ ਕਰਨ ਲਈ ਇਸ ਵਿੱਚ ਡੂੰਘਾਈ ਤੱਕ ਭੇਦਣ ਦੀ ਸਮਰੱਥਾ ਨਹੀਂ ਹੈ। ਇਸ ਤੋਂ ਇਲਾਵਾ ਇਸ ਦੇ ਵਿਸ਼ਾਲ ਧਮਾਕੇ ਵਾਲੇ ਘੇਰੇ ਕਾਰਨ ਆਮ ਨਾਗਰਿਕਾਂ ਦੇ ਮਾਰੇ ਜਾਣ ਦਾ ਵੀ ਵੱਡਾ ਖ਼ਤਰਾ ਹੈ। ਮਾਹਰਾਂ ਦਾ ਮੰਨਣਾ ਹੈ ਕਿ MOAB ਨੂੰ ਮੁੱਖ ਤੌਰ 'ਤੇ ਇੱਕ ਮਨੋਵਿਗਿਆਨਕ ਹਥਿਆਰ ਵਜੋਂ ਵਰਤਿਆ ਜਾ ਸਕਦਾ ਹੈ।

ਪਹਿਲਾਂ ਅਫ਼ਗਾਨਿਸਤਾਨ 'ਚ ਕੀਤਾ ਗਿਆ ਸੀ ਇਸਤੇਮਾਲ 

ਡੋਨਾਲਡ ਟਰੰਪ ਪਹਿਲੇ ਅਮਰੀਕੀ ਰਾਸ਼ਟਰਪਤੀ ਸਨ ਜਿਨ੍ਹਾਂ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ 2017 ਵਿੱਚ ਅਫ਼ਗਾਨਿਸਤਾਨ ਵਿੱਚ ISIS ਦੇ ਸੁਰੰਗ ਨੈੱਟਵਰਕ ਵਿਰੁੱਧ 21,600 ਪਾਊਂਡ ਵਜ਼ਨੀ MOAB ਬੰਬ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਸੀ। ਉਸ ਹਮਲੇ ਵਿੱਚ ISIS ਦੇ 36 ਅੱਤਵਾਦੀ ਮਾਰੇ ਗਏ ਸਨ।

ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਸੰਵੇਦਨਸ਼ੀਲ ਫੌਜੀ ਯੋਜਨਾਵਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਟਰੰਪ ਇਹ ਯਕੀਨੀ ਬਣਾਉਣ ਲਈ ਸਾਰੇ ਵਿਕਲਪ ਖੁੱਲ੍ਹੇ ਰੱਖਦੇ ਹਨ ਕਿ ਈਰਾਨ ਕਦੇ ਪ੍ਰਮਾਣੂ ਹਥਿਆਰ ਹਾਸਲ ਨਾ ਕਰ ਸਕੇ। ਪੈਂਟਾਗਨ ਦੇ ਅਧਿਕਾਰੀ ਨੇ ਵੀ ਕਿਹਾ ਕਿ ਰੱਖਿਆ ਵਿਭਾਗ ਰਾਸ਼ਟਰਪਤੀ ਦੇ ਨਿਰਦੇਸ਼ਾਂ ਦੀ ਪਾਲਣਾ ਲਈ ਵੱਖ-ਵੱਖ ਫੌਜੀ ਯੋਜਨਾਵਾਂ ਤਿਆਰ ਰੱਖਦਾ ਹੈ।

 ਜਾਣੋ MOAB ਕਿੰਨਾ ਸ਼ਕਤੀਸ਼ਾਲੀ

-MOAB ਜ਼ਮੀਨ ਤੋਂ ਲਗਭਗ 6 ਫੁੱਟ ਉੱਪਰ ਫਟਦਾ ਹੈ ਅਤੇ ਇਸ ਦੀ ਲੰਬਾਈ 9 ਮੀਟਰ ਹੁੰਦੀ ਹੈ।

-ਇਹ ਲਗਭਗ ਇੱਕ ਮੀਟਰ ਚੌੜਾ ਹੈ ਅਤੇ ਇਸਦਾ ਭਾਰ 9,500 ਕਿਲੋਗ੍ਰਾਮ (21,000 ਪੌਂਡ) ਹੈ।

-ਇਹ ਦੂਜੇ ਵਿਸ਼ਵ ਯੁੱਧ ਵਿੱਚ ਹੀਰੋਸ਼ੀਮਾ 'ਤੇ ਸੁੱਟੇ ਗਏ ਲਿਟਲ ਬੁਆਏ ਪਰਮਾਣੂ ਬੰਬ ਤੋਂ ਦੁੱਗਣਾ ਹੈ।

-MOAB 150 ਮੀਟਰ (492 ਫੁੱਟ) ਦੇ ਘੇਰੇ ਵਿੱਚ ਦਰੱਖਤਾਂ ਨੂੰ ਪੂਰੀ ਤਰ੍ਹਾਂ ਸਾਫ਼ ਕਰ ਸਕਦਾ ਹੈ।

-ਇੱਕ MOAB ਦੀ ਕੀਮਤ 16 ਮਿਲੀਅਨ ਡਾਲਰ ਹੈ ਅਤੇ ਹੁਣ ਤੱਕ ਅਜਿਹੇ 20 ਬੰਬ ਬਣਾਏ ਜਾ ਚੁੱਕੇ ਹਨ।

-MOAB ਦਾ ਪਹਿਲਾ ਟੈਸਟ 11 ਮਾਰਚ 2003 ਨੂੰ ਇਗਲਿਨ ਏਅਰ ਫੋਰਸ ਬੇਸ, ਫਲੋਰੀਡਾ ਵਿਖੇ ਹੋਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News