ਈਰਾਨ-ਅਮਰੀਕਾ ''ਚ ਵਿਚੋਲਗੀ ਤੇ ਸਾਊਦੀ ਅਰਬ ਦੀ ਰੱਖਿਆ; ਦੋਹਰੀ ਭੂਮਿਕਾ ''ਚ ਪਾਕਿਸਤਾਨ

Monday, Oct 26, 2026 - 12:29 PM (IST)

ਈਰਾਨ-ਅਮਰੀਕਾ ''ਚ ਵਿਚੋਲਗੀ ਤੇ ਸਾਊਦੀ ਅਰਬ ਦੀ ਰੱਖਿਆ; ਦੋਹਰੀ ਭੂਮਿਕਾ ''ਚ ਪਾਕਿਸਤਾਨ

ਇੰਟਰਨੈਸ਼ਨਲ ਡੈਸਕ: ਪਾਕਿਸਤਾਨ ਮੱਧ ਪੂਰਬ ਵਿੱਚ ਇੱਕ ਪਾਸੇ ਈਰਾਨ ਅਤੇ ਅਮਰੀਕਾ ਵਿਚਕਾਰ ਵਿਚੋਲਗੀ ਦੀ ਭੂਮਿਕਾ ਨਿਭਾ ਰਿਹਾ ਹੈ, ਜਦੋਂ ਕਿ ਦੂਜੇ ਪਾਸੇ ਈਰਾਨ ਦੇ ਵਿਰੋਧੀ ਦੇਸ਼ ਸਾਊਦੀ ਅਰਬ ਦੀ ਰੱਖਿਆ ਲਈ ਆਪਣੀ ਫੌਜ ਤਾਇਨਾਤ ਕਰਕੇ ਸ਼ਾਂਤੀ ਦੂਤ ਅਤੇ ਫੌਜੀ ਭਾਈਵਾਲ ਦੀ ਦੋਹਰੀ ਭੂਮਿਕਾ ਨਿਭਾ ਰਿਹਾ ਹੈ। ਇਸੇ ਕੜੀ ਤਹਿਤ ਪਾਕਿਸਤਾਨੀ ਫੌਜ ਦੇ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਨੇ ਮੰਗਲਵਾਰ ਨੂੰ ਤੇਹਰਾਨ ਵਿਖੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ, ਵਿਦੇਸ਼ ਮੰਤਰੀ ਅੱਬਾਸ ਅਰਾਗਚੀ, ਸੰਸਦ ਦੇ ਸਪੀਕਰ ਮੁਹੰਮਦ ਬਾਗ਼ੇਰ ਗਾਲੀਬਾਫ਼ ਅਤੇ ਸੁਰੱਖਿਆ ਮੁਖੀ ਮੋਹਸਿਨ ਰਜ਼ਾਈ ਨਾਲ ਮਹੱਤਵਪੂਰਨ ਮੁਲਾਕਾਤਾਂ ਕੀਤੀਆਂ।

ਫੀਲਡ ਮਾਰਸ਼ਲ ਅਸੀਮ ਮੁਨੀਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਵ੍ਹਾਈਟ ਹਾਊਸ ਵਿੱਚ ਮੁਲਾਕਾਤਾਂ ਸਮੇਤ ਨਜ਼ਦੀਕੀ ਸਬੰਧ ਕਾਇਮ ਕੀਤੇ ਹਨ। ਪਾਕਿਸਤਾਨ ਨੇ ਜੂਨ ਮਹੀਨੇ ਵਿੱਚ ਵਾਸ਼ਿੰਗਟਨ ਅਤੇ ਤੇਹਰਾਨ ਵਿਚਕਾਰ ਹੋਏ ਸਮਝੌਤੇ ਵਿੱਚ ਵਿਚੋਲਗੀ ਕੀਤੀ ਸੀ। ਭਾਵੇਂ ਇਹ ਯੁੱਧਬੰਦੀ ਜ਼ਿਆਦਾ ਸਮਾਂ ਨਹੀਂ ਚੱਲ ਸਕੀ, ਪਰ ਪਾਕਿਸਤਾਨ ਨੇ ਆਪਣੇ ਵਿਚੋਲਗੀ ਦੇ ਰਾਸਤੇ ਖੁੱਲ੍ਹੇ ਰੱਖੇ ਹਨ।

ਪੜ੍ਹੋ ਇਹ ਅਹਿਮ ਖ਼ਬਰ-  5 ਦਹਾਕਿਆਂ ਮਗਰੋਂ ਵਿਦੇਸ਼ 'ਚ ਫੌਜ ਭੇਜੇਗਾ ਇਹ ਦੇਸ਼, ਲੈ ਲਿਆ ਵੱਡਾ ਫ਼ੈਸਲਾ

ਪਾਕਿਸਤਾਨ ਨੇ ਸਾਊਦੀ ਅਰਬ ਦੀ ਰੱਖਿਆ ਲਈ ਸਿੱਧੀ ਫੌਜੀ ਭੂਮਿਕਾ ਨਿਭਾਈ ਹੈ। ਰਾਇਟਰਜ਼ ਦੀ ਰਿਪੋਰਟ ਅਨੁਸਾਰ ਦੋਪੱਖੀ ਸਮਝੌਤੇ ਤਹਿਤ ਪਾਕਿਸਤਾਨ ਨੇ ਸਾਊਦੀ ਅਰਬ ਵਿੱਚ ਲਗਭਗ 8,000 ਫੌਜੀ, ਲੜਾਕੂ ਜੈੱਟਾਂ ਦਾ ਇੱਕ ਸਕਵਾਡਰਨ ਅਤੇ ਏਅਰ-ਡੈਫੈਂਸ ਸਿਸਟਮ ਤਾਇਨਾਤ ਕੀਤੇ ਹਨ, ਜਿਸ ਦਾ ਸਾਰਾ ਖਰਚਾ ਸਾਊਦੀ ਅਰਬ ਚੁੱਕ ਰਿਹਾ ਹੈ। ਇਸ ਤੋਂ ਇਲਾਵਾ ਅਗਸਤ ਮਹੀਨੇ ਵਿੱਚ ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਨੇ 'ਮੱਕਾ ਜੁਆਇੰਟ ਡਿਫੈਂਸ ਐਗਰੀਮੈਂਟ' 'ਤੇ ਦਸਤਖ਼ਤ ਕੀਤੇ ਸਨ, ਜਿਸ ਤਹਿਤ ਕਿਸੇ ਵੀ ਇੱਕ ਮੈਂਬਰ ਦੇਸ਼ 'ਤੇ ਹਮਲੇ ਨੂੰ ਸਾਰਿਆਂ 'ਤੇ ਹਮਲਾ ਮੰਨਿਆ ਜਾਵੇਗਾ। ਪਾਕਿਸਤਾਨ ਅਤੇ ਸਾਊਦੀ ਅਰਬ ਨੇ ਇਸ ਸਮਝੌਤੇ ਦੀ ਪੁਸ਼ਟੀ ਪੂਰੀ ਕਰ ਲਈ ਹੈ। ਸਾਊਦੀ ਖੇਤਰ 'ਚ ਈਰਾਨ ਸਮਰਥਿਤ ਹੂਤੀ ਬਾਗੀਆਂ ਦੁਆਰਾ ਕੀਤੇ ਹਮਲਿਆਂ ਤੋਂ ਬਾਅਦ ਹੋਰ ਫੌਜੀ ਤਾਇਨਾਤੀ 'ਤੇ ਵੀ ਚਰਚਾ ਕੀਤੀ ਗਈ ਹੈ।

ਤੇਹਰਾਨ ਦੌਰੇ ਦੌਰਾਨ ਪਾਕਿਸਤਾਨੀ ਫੌਜ ਮੁਖੀ ਨੇ ਈਰਾਨੀ ਲੀਡਰਸ਼ਿਪ 'ਤੇ ਜ਼ੋਰ ਦਿੱਤਾ ਕਿ ਉਹ ਹੂਤੀ ਬਾਗੀਆਂ 'ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਸਾਊਦੀ ਅਰਬ 'ਤੇ ਹਮਲੇ ਰੋਕਣ। ਪਾਕਿਸਤਾਨੀ ਸਰਕਾਰੀ ਸਰੋਤਾਂ ਅਨੁਸਾਰ ਇਨ੍ਹਾਂ ਬੈਠਕਾਂ ਦਾ ਮੁੱਖ ਕੇਂਦਰ ਅਮਰੀਕਾ-ਈਰਾਨ ਗੱਲਬਾਤ ਨਾਲੋਂ ਸਾਊਦੀ ਅਰਬ 'ਤੇ ਹੂਤੀ ਹਮਲਿਆਂ ਨੂੰ ਰੋਕਣਾ ਸੀ। ਦੋਹਾ ਵਿਖੇ ਪਾਕਿਸਤਾਨ ਨੇ ਤੁਰਕੀ, ਕਤਰ ਅਤੇ ਇੰਡੋਨੇਸ਼ੀਆ ਨਾਲ 'ਬਦਰ ਸਮਝੌਤਾ' ਸਹੀਬੰਦ ਕੀਤਾ ਹੈ, ਜੋ ਰੱਖਿਆ ਉਤਪਾਦਨ ਅਤੇ ਉਦਯੋਗਿਕ ਸਹਿਯੋਗ ਦੇ ਨਵੇਂ ਮੌਕੇ ਪ੍ਰਦਾਨ ਕਰਦਾ ਹੈ। ਸਾਊਦੀ ਅਰਬ ਅਤੇ ਖਾੜੀ ਦੇਸ਼ ਪਾਕਿਸਤਾਨ ਨੂੰ ਊਰਜਾ ਦੀ ਸਪਲਾਈ ਕਰਦੇ ਹਨ ਅਤੇ ਲੱਖਾਂ ਪਾਕਿਸਤਾਨੀ ਉੱਥੇ ਰੋਜ਼ਗਾਰ ਕਰਦੇ ਹਨ। ਹਾਲਾਂਕਿ, ਜੇਕਰ ਖੇਤਰੀ ਤਣਾਅ ਵਧਦਾ ਹੈ, ਤਾਂ ਪਾਕਿਸਤਾਨ ਲਈ ਵੱਖ-ਵੱਖ ਵਿਰੋਧੀ ਧੜਿਆਂ ਨਾਲ ਬਣਾਇਆ ਇਹ ਫੌਜੀ ਤੇ ਡਿਪਲੋਮੈਟਿਕ ਸੰਤੁਲਨ ਬਣਾਏ ਰੱਖਣਾ ਕਾਫ਼ੀ ਚੁਣੌਤੀਪੂਰਨ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News