ਲਾਸ ਏਂਜਲਸ ਏਅਰਪੋਰਟ ''ਤੇ ਵਿਅਕਤੀ ਨੇ ਚੱਲਦੇ ਜਹਾਜ਼ ''ਚੋਂ ਮਾਰੀ ਛਾਲ
Monday, Jun 28, 2021 - 11:40 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਲਾਸ ਏਂਜਲਸ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਵਿਅਕਤੀ ਵੱਲੋਂ ਚਲਦੇ ਹੋਏ ਜਹਾਜ਼ ਵਿੱਚੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਲਾਸ ਏਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਚੱਲ ਰਹੇ ਜਹਾਜ਼ ਵਿੱਚੋਂ ਛਾਲ ਮਾਰਨ ਤੋਂ ਬਾਅਦ ਇੱਕ ਯਾਤਰੀ ਨੂੰ ਸ਼ੁੱਕਰਵਾਰ ਰਾਤ ਨੂੰ ਹਸਪਤਾਲ ਲਿਜਾਇਆ ਗਿਆ।
ਹਵਾਈ ਅੱਡੇ 'ਤੇ ਯੂਨਾਈਟਿਡ ਐਕਸਪ੍ਰੈਸ ਦੀ ਉਡਾਣ 5365, ਜੋ ਕਿ ਸਕਾਈਵੈਸਟ ਦੁਆਰਾ ਸਵੇਰੇ 7 ਵਜੇ ਤੋਂ ਥੋੜ੍ਹੀ ਦੇਰ ਬਾਅਦ ਏਅਰਪੋਰਟ ਦੇ ਗੇਟ ਤੋਂ ਚਲਾਈ ਗਈ। ਇਸ ਦੌਰਾਨ ਇੱਕ ਯਾਤਰੀ ਨੇ ਕਾਕਪਿਟ ਨਿਯਮਾਂ ਦੀ ਉਲੰਘਣਾ ਕਰਦਿਆਂ ਦਰਵਾਜ਼ਾ ਖੋਲ੍ਹ ਕੇ ਐਮਰਜੈਂਸੀ ਸਲਾਇਡ 'ਤੇ ਛਾਲ ਮਾਰ ਦਿੱਤੀ। ਇਸ ਵਿਅਕਤੀ ਨੂੰ ਅਧਿਕਾਰੀਆਂ ਦੁਆਰਾ ਟੈਕਸੀਵੇਅ 'ਤੇ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਜ਼ਖਮਾਂ ਕਾਰਨ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਅਤੇ ਕੈਨੇਡਾ 'ਚ ਭਿਆਨਕ ਗਰਮੀ ਨੇ ਤੋੜੇ ਰਿਕਾਰਡ, ਲੋਕਾਂ ਲਈ ਜਾਰੀ ਨਿਰਦੇਸ਼
ਇਸ ਘਟਨਾ ਕਾਰਨ ਐਂਬਰੇਅਰ 175, ਜੋ ਕਿ ਸਾਲਟ ਲੇਕ ਸਿਟੀ ਵੱਲ ਜਾ ਰਿਹਾ ਸੀ, ਆਪਣੇ ਗੇਟ 'ਤੇ ਵਾਪਸ ਪਰਤਿਆ। ਫਲਾਈਟ ਵੇਅਰ ਡਾਟ ਕਾਮ ਦੀ ਵੈੱਬਸਾਈਟ ਅਨੁਸਾਰ ਸਾਲਟ ਲੇਕ ਸਿਟੀ ਲਈ ਇਹ ਫਲਾਈਟ ਸ਼ੁੱਕਰਵਾਰ ਦੇਰ ਸ਼ਾਮ ਰਵਾਨਾ ਹੋਈ ਅਤੇ ਸ਼ਨੀਵਾਰ ਸਵੇਰੇ ਪਹੁੰਚੀ। ਇਸ ਮਾਮਲੇ ਦੀ ਐੱਫ ਬੀ ਆਈ ਵੱਲੋਂ ਜਾਂਚ ਕੀਤੀ ਜਾ ਰਹੀ ਹੈ।