76 ਸਾਲਾ ਤੋਂ ਵਿਆਹੁਤਾ ਜੋੜੇ ਦੀ ਕੋਰੋਨਾ ਨੇ ਲਈ ਜਾਨ

05/19/2020 2:53:35 PM

ਲੰਡਨ : ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿਚ ਮੌਤਾਂ ਹੋ ਰਹੀਆਂ ਹਨ ਪਰ ਕੁੱਝ ਮੌਤਾਂ ਅਜਿਹੀਆਂ ਵੀ ਹਨ, ਜਿਨ੍ਹਾਂ ਦੀ ਕਹਾਣੀ ਸੁਣ ਕੇ ਦਿਲ ਭਰ ਆਉਂਦਾ ਹੈ। ਬ੍ਰਿਟੇਨ ਵਿਚ ਇਕ ਅਜਿਹੇ ਹੀ ਬਜ਼ੁਰਗ ਜੋੜੇ ਦੀ ਮੌਤ ਹੋਈ ਹੈ। ਇਸ ਬਜ਼ੁਰਗ ਜੋੜੇ ਨੇ 76 ਸਾਲ ਦੀ ਆਪਣੀ ਵਿਆਹੁਤਾ ਜ਼ਿੰਦਗੀ ਰਾਜੀਖੁਸ਼ੀ ਬਿਤਾਈ ਪਰ ਕੋਰੋਨਾ ਦੇ ਕਾਲ ਤੋਂ ਨਹੀਂ ਬਚ ਸਕੇ। 15 ਦਿਨ ਦੇ ਅੰਤਰਾਲ ਨਾਲ ਦੋਵਾਂ ਦੀ ਮੌਤ ਹੋ ਗਈ। ਜੇਨ ਅਤੇ ਰਿਚਰਡ ਗੇਸਟ ਨਾਂ ਦੇ ਇਸ ਜੋੜੇ ਦੀ ਉਮਰ 90 ਸਾਲ ਤੋਂ ਜ਼ਿਆਦਾ ਸੀ। ਦੋਵਾਂ ਦੇ ਮਿਲਣ ਤੋਂ ਲੈ ਕੇ ਵਿਆਹ ਅਤੇ ਜੀਵਨ ਬਿਤਾਉਣ ਦੇ ਕਿੱਸੇ ਯਾਦਗਾਰ ਹਨ।

ਡੇਲੀ ਸਟਾਰ ਦੀ ਇਕ ਰਿਪੋਰਟ ਮੁਤਾਬਕ 1942 ਵਿਚ ਇਕ ਹਾਦਸੇ ਦੌਰਾਨ ਪਹਿਲੀ ਵਾਰ ਰਿਚਰਡ ਦੀ ਮੁਲਾਕਾਤ ਜੇਨ ਨਾਲ ਹੋਈ ਸੀ। ਇਹ ਹਾਦਸਾ ਜੇਨ ਦੇ ਘਰ ਦੇ ਸਾਹਮਣੇ ਵਾਪਰਿਆ ਸੀ। ਉਦੋਂ ਦੋਵਾਂ ਦੀ ਇਹ ਪਹਿਲੀ ਮੁਲਾਕਾਤ ਹੋਈ। ਇਸ ਤੋਂ ਬਾਅਦ ਦੋਵਾਂ ਨੇ ਵਿਆਹ ਰਚਾ ਲਿਆ। 95 ਸਾਲ ਦੇ ਰਿਚਰਡ ਦੀ ਪਿਛਲੇ ਦਿਨੀਂ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ 97 ਸਾਲ ਦੀ ਜੇਨ ਵੀ ਨਹੀਂ ਰਹੀ। ਇਸ ਜੋੜੇ ਦਾ ਵੱਡਾ ਪਰਿਵਾਰ ਸੀ। ਉਨ੍ਹਾਂ ਦੀ ਧੀ ਦਾ ਕਹਿਣਾ ਹੈ ਕਿ ਦੋਵੇਂ ਬਹੁਤ ਹੀ ਚੰਗੇ ਪੇਰੈਂਟਸ ਸਨ। 63 ਸਾਲ ਦੀ ਇਨ੍ਹਾਂ ਦੀ ਧੀ ਦਾ ਨਾਂ ਨਿੱਕੀ ਗੇਸਟ ਹੈ। ਆਪਣੀ ਮਾਂ ਦੇ ਬਾਰੇ ਵਿਚ ਉਹ ਦੱਸਦੀ ਹੈ ਕਿ ਉਨ੍ਹਾਂ ਦੀ ਮਾਂ ਇਕ ਪਵਿੱਤਰ ਆਤਮਾ ਸੀ। ਉਹ ਜਾਨਵਰਾਂ ਨਾਲ ਪਿਆਰ ਕਰਦੀ ਸੀ। ਉਨ੍ਹਾਂ ਨੇ ਪੂਰੀ ਜ਼ਿੰਦਗੀ ਕਿਸੇ ਨੂੰ ਇਕ ਗਲਤ ਸ਼ਬਦ ਨਹੀਂ ਕਿਹਾ। ਨਿੱਕੀ ਗੇਸਟ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਭੁੱਲਣ ਦੀ ਬੀਮਾਰੀ ਸੀ ਪਰ ਆਖਰੀ ਸਮੇਂ ਤੱਕ ਉਹ ਉਨ੍ਹਾਂ ਨੂੰ ਪਛਾਣਦੀ ਰਹੀ। ਮੈਂ ਉਨ੍ਹਾਂ ਤੋਂ ਪੁੱਛਦੀ ਕਿ ਤੁਸੀਂ ਕਿਵੇਂ ਹੋ। ਉਹ ਕਹਿੰਦੀ ਸੀ ਤੈਨੂੰ ਦੇਖ ਦੇ ਚੰਗੀ ਹੋ ਗਈ।

ਆਪਣੇ ਪਿਤਾ ਦੇ ਬਾਰੇ ਵਿਚ ਗੱਲ ਕਰਦੇ ਹੋਏ ਨਿੱਕੀ ਨੇ ਕਿਹਾ ਕਿ ਉਨ੍ਹਾਂ ਦੀ ਦਿਮਾਗੀ ਸਮਰਥਾ ਗਜਬ ਦੀ ਸੀ। ਉਹ ਇਕ ਖਿਆਲ ਰੱਖਣ ਵਾਲੇ ਪਿਤਾ ਸਨ। ਉਹ ਦਿਆਲੁ ਸਨ ਅਤੇ ਅਨੁਸ਼ਾਸਨ ਪਸੰਦ ਕਰਦੇ ਸਨ। ਨਿੱਕੀ ਨੇ ਕਿਹਾ ਕਿ ਉਸ ਨੂੰ ਬਿਲਕੁੱਲ ਭਰੋਸਾ ਨਹੀਂ ਸੀ ਕਿ ਉਸ ਦੇ ਮਾਪੇ 15 ਦਿਨ ਦੇ ਅੰਤਰਾਲ ਨਾਲ ਤੋਂ ਦੂਰ ਚਲੇ ਜਾਣਗੇ। ਰਿਚਰਡ ਇਕ ਸਟਰਕਚਰਲ ਇੰਜੀਨੀਅਰਿੰਗ ਫਰਮ ਚਲਾਉਂਦੇ ਸਨ। ਜੇਨ ਹਾਊਸ ਵਾਈਫ ਸੀ।


cherry

Content Editor

Related News