ਗਲਾਸਗੋ ਵਿਖੇ ਮਨਾਏ 550 ਸਾਲਾ ਸਮਾਗਮ ''ਚ 34 ਹਜ਼ਾਰ ਪੌਂਡ ਕੀਤੇ ਗਏ ਇਕੱਠੇ

11/28/2019 2:20:44 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਸਿੱਖ ਕੌਂਸਲ ਆਫ ਸਕਾਟਲੈਂਡ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਫੰਡ ਰੇਜਿੰਗ ਸਮਾਗਮ “ਨੈਸ਼ਨਲ ਸਿੱਖ ਬੈਨਕੁਏਟ 2019'' ਦਾ ਆਯੋਜਨ ਨੌਰਮਨੰਡੀ ਹੋਟਲ ਗਲਾਸਗੋ ਵਿਖੇ ਕੀਤਾ ਗਿਆ। ਜਿਸ ਵਿੱਚ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਸਮੂਹ ਅਹੁਦੇਦਾਰਾਂ, ਮੈਬਰਾਂ, ਸਕਾਟਲੈਂਡ ਵਿੱਚ ਵਸਦੇ ਸਿੱਖ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸੀਅਤਾਂ, ਸਕਾਟਲੈਂਡ ਦੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ, ਸਰਕਾਰੀ ਅਧਿਕਾਰੀਆਂ, ਪਾਕਿਸਤਾਨ ਤੇ ਅਫਗਾਨਿਸਤਾਨ ਨਾਲ ਸਬੰਧਤ ਪ੍ਰਮੁੱਖ ਹਸਤੀਆਂ ਨੇ ਆਪਣੀ ਸ਼ਮੂਲੀਅਤ ਕੀਤੀ। 

ਸਮਾਗਮ ਦੀ ਆਰੰਭਤਾ ਕਰਦਿਆਂ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਪ੍ਰਧਾਨ ਸ਼ ਸੁਲਖਣ ਸਿੰਘ ਸਮਰਾ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਸਮਾਗਮ ਵਿੱਚ ਸ਼ਾਮਿਲ ਸਮੂਹ ਸ਼ਖਸੀਅਤਾਂ ਨੂੰ ਸ੍ਰੀ ਗੁਰੂਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦਿੱਤੀ। ਉਥੇ ਨਾਲ ਹੀ ਸਮੁੱਚੇ ਭਾਈਚਾਰੇ ਨੂੰ ਗੁਰੂ ਸਾਹਿਬ ਵੱਲੋਂ ਬਖਸ਼ੇ ਸਿਧਾਂਤ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੀ ਮਹੱਤਤਾ 'ਤੇ ਖੋਜ ਭਰਪੂਰ ਚਾਨਣਾ ਪਾਇਆ। ਭਾਰਤ ਤੇ ਪਾਕਿਸਤਾਨ ਸਰਕਾਰਾਂ ਦੇ ਪ੍ਰਧਾਨ ਮੰਤਰੀਆਂ, ਪਾਕਿਸਤਾਨ ਪੰਜਾਬ ਦੇ ਗਵਰਨਰ ਸਾਹਿਬ, ਸ. ਨਵਜੋਤ ਸਿੰਘ ਸਿੱਧੂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਇੱਕ ਇਤਿਹਾਸਕ ਕਾਰਜ ਕਰਦਿਆਂ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰੇ ਕਰਵਾਉਣ ਲਈ ਸਾਂਝੇ ਲਾਂਘੇ ਦਾ ਨਿਰਮਾਣ ਕਰਵਾਇਆ। 

ਇਸ ਦੌਰਾਨ ਸਮਾਗਮ ਵਿੱਚ ਸਿੱਖ ਕੌਂਸਲ ਆਫ ਸਕਾਟਲੈਂਡ ਵੱਲੋਂ ਕੀਤੇ ਜਾ ਰਹੇ ਭਲਾਈ ਕਾਰਜਾਂ ਦੇ ਵਿਸ਼ੇ ਉਪਰ ਇੱਕ ਵਿਸ਼ੇਸ਼ ਵਿਚਾਰ ਚਰਚਾ ਵੀ ਕੀਤੀ ਗਈ। ਜਿਸ ਵਿੱਚ ਸਟੇਜ ਸਕੱਤਰ ਗੁਰਮੀਤ ਸਿੰਘ ਸਿੱਧੂ ਨੇ ਕੌਂਸਲ ਦੇ ਪ੍ਰਮੁੱਖ ਅਹੁਦੇਦਾਰਾਂ ਜਿੰਨਾ ਵਿੱਚ ਗੁਰਦੀਪ ਸਿੰਘ ਸਮਰਾ ਜਨ. ਸੈਕਟਰੀ, ਬੀਬੀ ਸੁਰਿੰਦਰ ਕੌਰ, ਬੀਬੀ ਅਰਮਜੀਤ ਕੌਰ, ਸ਼ਰਨਦੀਪ ਸਿੰਘ ਆਦਿ ਸ਼ਾਮਿਲ ਸਨ। ਵਿਚਾਰ ਚਰਚਾ ਦੌਰਾਨ ਕੌਂਸਲ ਦੇ ਜਨ. ਸੈਕਟਰੀ ਗੁਰਦੀਪ ਸਿੰਘ ਸਮਰਾ ਨੇ ਪਿਛਲੇ ਸਾਲ ਦੌਰਾਨ ਸਿਕਲੀਗਰਾਂ ਤੇ ਵਣਜਾਰਿਆਂ ਦੀ ਭਲਾਈ, ਉਹਨਾਂ ਦੇ ਬੱਚਿਆਂ ਨੂੰ ਉਚ ਪੱਧਰੀ ਵਿੱਦਿਆ ਦਿਵਾਉਣ ਸਮੇਤ ਕੀਤੇ ਸਮੂਹ ਸੇਵਾ ਕਾਰਜਾਂ ਤੇ ਭਵਿੱਖ ਵਿੱਚ ਉਹਨਾਂ ਦੀ ਭਲਾਈ ਲਈ ਉਲੀਕੇ ਗਏ ਪ੍ਰੋਜੈਕਟਾਂ ਦੀ ਸਮੁੱਚੀ ਜਾਣਕਾਰੀ ਦਿੱਤੀ। 

ਸਮਾਗਮ ਦੌਰਾਨ ਮਹਿਮਾਨ ਸ਼ਖਸੀਅਤਾਂ ਦੇ ਸਨਮੁੱਖ ਜਿੱਥੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਸਿਕਲੀਗਰਾਂ ਤੇ ਵਣਜਾਰਿਆਂ ਉਪਰ ਚੱਲ ਰਹੇ ਸੇਵਾ ਕਾਰਜਾਂ ਦੀਆਂ ਡਾਕੂਮੈਂਟਰੀਆਂ ਮਹਿਮਾਨ ਸ਼ਖਸੀਅਤਾਂ ਨੂੰ ਦਿਖਾਈਆਂ ਗਈਆਂ। ਉਥੇ ਨਾਲ ਹੀ ਸਕਾਟਿਸ਼ ਪਾਇਪ ਬੈਂਡ ਵਜਾਉਣ ਵਾਲੇ ਕਲਾਕਾਰਾਂ ਵਲੋਂ ਸੰਗੀਤ ਦੀਆਂ ਮਨਮੋਹਕ ਧੁਨਾਂ ਵਜਾ ਕੇ ਮਹਿਮਾਨਾਂ ਨੂੰ ਮੰਤਰ ਮੁੰਗਧ ਵੀ ਕੀਤਾ ਗਿਆ। ਇਸ ਮੌਕੇ 'ਤੇ ਸੰਸਥਾ ਵੱਲੋਂ ਸੇਵਾ ਕਾਰਜਾਂ ਲਈ ਦਾਨ ਇਕੱਤਰ ਕਰਨ ਹਿਤ ਮਹਿਮਾਨਾਂ ਤੋਂ ਫੰਡ ਇੱਕਠਾ ਕੀਤਾ ਗਿਆ ਉਥੇ ਨਾਲ ਹੀ ਲੱਕੀ ਡਰਾਅ ਵੀ ਕੱਢਿਆ ਗਿਆ ਅਤੇ ਜੇਤੂ ਰਹਿਣ ਵਾਲਿਆਂ ਨੂੰ ਮੌਕੇ 'ਤੇ ਦਿਲਕਸ਼ ਇਨਾਮ ਵੀ ਭੇਂਟ ਕੀਤੇ ਗਏ। 

ਇਸ ਸਮੇਂ ਕੁੱਲ 34000 ਪੌਂਡ ਦੀ ਰਾਸ਼ੀ ਇਕੱਤਰ ਕੀਤੀ ਗਈ। ਯਾਦਗਾਰੀ ਸਮਾਗਮ ਦੀ ਸਮਾਪਤੀ ਮੌਕੇ ਪ੍ਰਧਾਨ ਸੁਲੱਖਣ ਸਿੰਘ ਸਮਰਾ, ਜਨ.ਸੈਕਟਰੀ ਗੁਰਦੀਪ ਸਿੰਘ ਸਮਰਾ, ਸਰਦਾਰਾ ਸਿੰਘ, ਡਾ. ਇੰਦਰਜੀਤ ਸਿੰਘ, ਚਰਮਦੀਪ ਸਿੰਘ ਤੇ ਸ਼ਰਨਦੀਪ ਸਿੰਘ ਵੱਲੋਂ ਸਾਂਝੇ ਰੂਪ ਵਿੱਚ ਪ੍ਰਮੁੱਖ ਮਹਿਮਾਨ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਸਮੇਂ ਉਹਨਾਂ ਦੇ ਨਾਲ ਸੰਸਥਾ ਦੇ ਪ੍ਰਮੁੱਖ ਅਹੁਦੇਦਾਰ ਰਵਿੰਦਰ ਸਿੰਘ ਸੋਹਤਾ, ਲੁਭਾਇਆ ਸਿੰਘ ਪ੍ਰਧਾਨ ਗੁ: ਸ੍ਰੀ ਗ੍ਰੰਥ ਸਾਹਿਬ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ । ਇਸ ਦੌਰਾਨ ਕੌਂਸਲ ਆਫ ਸਕਾਟਲੈਂਡ ਦੇ ਪ੍ਰਮੁੱਖ ਅਹੁਦੇਦਾਰ ਵਿਜੈਪਾਲ ਸਿੰਘ ਨੇ ਸਮਾਗਮ ਵਿੱਚ ਸ਼ਾਮਿਲ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਮੁੱਚੇ ਸਮਾਗਮ ਨੂੰ ਸਫਲ ਕਰਨ ਲਈ ਸੰਸਥਾ ਦੇ ਉਦਮੀ ਨੌਜਵਾਨਾਂ ਦੀ ਟੀਮ ਵੱਲੋਂ ਪਾਏ ਗਏ ਯੋਗਦਾਨ ਦੀ  ਸ਼ਲਾਘਾ ਕੀਤੀ ।


Vandana

Content Editor

Related News