ਲਿਸੈਸਟਰ ਹਿੰਸਾ ਦਾ RSS ਨਾਲ ਕੋਈ ਲੈਣਾ-ਦੇਣਾ ਨਹੀਂ, ਬਣਾਈ ਗਈ ਸੀ ਝੂਠੀ ਕਹਾਣੀ
Tuesday, Nov 08, 2022 - 06:18 PM (IST)
ਜਲੰਧਰ (ਇੰਟਰਨੈਸ਼ਨਲ ਡੈਸਕ)- ਬ੍ਰਿਟੇਨ ਦੇ ਲਿਸੈਸਟਰ ਸ਼ਹਿਰ ’ਚ ਮੁਸਲਮਾਨਾਂ ਅਤੇ ਹਿੰਦੂਆਂ ਵਿਚਾਲੇ ਹਿੰਸਕ ਝੜਪਾਂ ਹੋਈਆਂ। ਇਸ ਮਾਮਲੇ ਦੀ ਜਾਂਚ ਤੋਂ ਬਾਅਦ, ਯੂਕੇ ਸਥਿਤ ਇਕ ਥਿੰਕ ਟੈਂਕ ਨੇ ਉਨ੍ਹਾਂ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਹੈ ਕਿ ਹਿੰਸਕ ਝੜਪਾਂ ’ਚ ਆਰ. ਐੱਸ. ਐੱਸ. ਅਤੇ ਹਿੰਦੂਤਵੀ ਸਮੂਹਾਂ ਨੇ ਹਿੱਸਾ ਲਿਆ ਸੀ। ਹੈਨਰੀ ਜੈਕਸਨ ਸੋਸਾਇਟੀ ਦੇ ਰਿਸਰਚ ਫੈਲੋ ਚਾਰਲੋਟ ਲਿਟਲਵੁੱਡ ਨੇ ਮੁਸਲਮਾਨ ਅਤੇ ਹਿੰਦੂ ਨਿਵਾਸੀਆਂ ਨਾਲ ਇੰਟਰਵਿਊ ਆਯੋਜਿਤ ਕਰਨ, ਸੋਸ਼ਲ ਮੀਡੀਆ ਸਬੂਤ, ਵੀਡੀਓ ਸਬੂਤ, ਪੁਲਸ ਰਿਪੋਰਟਾਂ ਅਤੇ ਬਿਆਨਾਂ ਨੂੰ ਇਕੱਠਾ ਕਰਨ ਤੋਂ ਬਾਅਦ ਇਹ ਖੁਲਾਸਾ ਕੀਤਾ ਹੈ।
ਹਿੰਦੂਤਵੀ ਗਰੁੱਪਾਂ ਦੀ ਗੱਲ ਗਲਤ ਤਰੀਕੇ ਨਾਲ ਪੇਸ਼
ਉਸ ਸਮੇਂ ਦੀਆਂ ਪ੍ਰੈੱਸ ਰਿਪੋਰਟਾਂ ਦੇ ਉਲਟ, ਲਿਟਲਵੁੱਡ ਨੇ ਕਿਹਾ ਕਿ ਜਾਂਚ ’ਚ ਲਿਸੈਸਟਰ ’ਚ ਹਿੰਦੂਤਵੀ ਗਰੁੱਪਾਂ ਨੂੰ ਸਰਗਰਮ ਨਹੀਂ ਪਾਇਆ ਗਿਆ, ਸਗੋਂ ਇਕ ਛੋਟੇ ਭਾਈਚਾਰੇ ਦੇ ਮੁੱਦੇ ਨੂੰ ਹਿੰਦੂਤਵੀ ਗਰੁੱਪਾਂ ਦੇ ਮੁੱਦੇ ਵਜੋਂ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਇਸ ’ਚ ਪਾਇਆ ਗਿਆ ਕਿ ਯੂਕੇ ’ਚ ਕੰਮ ਕਰ ਰਹੇ ਆਰ. ਐੱਸ. ਐੱਸ. ਅਤੇ ਹਿੰਦੂਤਵੀ ਸੰਗਠਨਾਂ ਵਲੋਂ ਲਗਾਏ ਗਏ ਝੂਠੇ ਦੋਸ਼ਾਂ ਨੇ ਵਿਆਪਕ ਹਿੰਦੂ ਭਾਈਚਾਰੇ ਨੂੰ ਨਫ਼ਰਤ, ਭੰਨਤੋੜ ਅਤੇ ਹਮਲੇ ਦੇ ਨਾਲ ਖਤਰੇ ’ਚ ਪਾ ਦਿੱਤਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕੁਝ ਗਰੁੱਪਾਂ ਨੇ ਹਿੰਦੂਤਵ, ਆਰ. ਐੱਸ. ਐੱਸ. ਦੇ ਅੱਤਵਾਦ ਦੀ ਝੂਠੀ ਕਹਾਣੀ ਬਣਾਈ ਸੀ। ਸ ਜਾਂਚ ਤੋਂ ਪਤਾ ਲੱਗਾ ਹੈ ਕਿ ਲਿਸੈਸਟਰ ’ਚ ਹਿੰਦੂ ਭਾਈਚਾਰੇ ਦੇ ਕੁਝ ਮੈਂਬਰਾਂ ਨੇ ਸਵੈਇੱਛਤ ਕਰਫਿਊ ਲਗਾਇਆ ਸੀ। ਕੁਝ ਲੋਕ ਪਰਿਵਾਰ ਜਾਂ ਦੋਸਤਾਂ ਨਾਲ ਰਹਿਣ ਲਈ ਉਦੋਂ ਤੱਕ ਚਲੇ ਗਏ ਜਦੋਂ ਤੱਕ ਉਹ ਵਾਪਸ ਆਉਣਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਜਦੋਂ ਕਿ ਦੂਸਰੇ ਆਪਣੀ ਨਿੱਜੀ ਸੁਰੱਖਿਆ ਦੇ ਡਰ ਕਾਰਨ ਕੰਮ ’ਤੇ ਵਾਪਸ ਨਹੀਂ ਜਾ ਸਕੇ।
ਮੈਚ ਤੋਂ ਬਾਅਦ ਸ਼ੁਰੂ ਹੋਈ ਸੀ ਹਿੰਸਾ
ਦਰਅਸਲ, ਭਾਰਤ ਦੇ 28 ਅਗਸਤ ਨੂੰ ਪਾਕਿਸਤਾਨ ਖਿਲਾਫ ਏਸ਼ੀਆ ਕੱਪ ਟੀ-20 ਮੈਚ ਜਿੱਤਣ ਤੋਂ ਬਾਅਦ ਯੂਕੇ ਦੇ ਲਿਸੈਸਟਰ ’ਚ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ ਸਨ। ਇਸੇ ਤਰ੍ਹਾਂ ਦੀ ਇਕ ਘਟਨਾ ’ਚ, 20 ਸਤੰਬਰ ਨੂੰ ਬਰਮਿੰਘਮ ’ਚ ਯੂਨਾਈਟਿਡ ਕਿੰਗਡਮ ’ਚ ਦੁਰਗਾ ਭਵਨ ਮੰਦਰ ਦੇ ਬਾਹਰ ਭੀੜ ਹਿੰਸਕ ਪ੍ਰਦਰਸ਼ਨ ਕੀਤਾ, ਜਿਸ ਨਾਲ ਝੜਪ ਦਾ ਡਰ ਪੈਦਾ ਹੋ ਗਿਆ। ਐੱਚ. ਜੇ. ਐੱਸ. ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਲਿਸੈਸਟਰ ’ਚ ਨਸਲੀ ਘੱਟ ਗਿਣਤੀ ਸਮੂਹਾਂ ਵਿਚਾਲੇ 4-20 ਸਤੰਬਰ ਤੱਕ ਅਸ਼ਾਂਤੀ ਸੀ। ਜਿਨ੍ਹਾਂ ’ਚ ਜਾਇਦਾਦ ਦੀ ਭੰਨਤੋੜ, ਅਟੈਕ ਅਤੇ ਪੂਜਾ ਸਥਾਨਾਂ ’ਤੇ ਹਮਲੇ ਸ਼ਾਮਲ ਸਨ। ਰਿਪੋਰਟ ’ਚ ਕਿਹਾ ਗਿਆ ਹੈ ਕਿ 17 ਸਤੰਬਰ ਨੂੰ ਸ਼ਹਿਰ ’ਚ ਹਿੰਦੂਆਂ ਅਤੇ ਮੁਸਲਮਾਨਾਂ ਨੇ ਮਾਰਚ ਕੱਢਿਆ, ਜਿਸ ’ਚ ਨਾਅਰੇਬਾਜ਼ੀ ਹੋਈ ਸੀ। ਦੋਵਾਂ ਭਾਈਚਾਰਿਆਂ ਦੇ ਕਈ ਲੋਕਾਂ ਨੂੰ ਹਥਿਆਰ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਰਤੀ ਹਾਈ ਕਮਿਸ਼ਨ ਨੇ ਵੀ ਲਿਸੈਸਟਰ ’ਚ ਭਾਰਤੀ ਭਾਈਚਾਰੇ ਖਿਲਾਫ ਹਿੰਸਾ ਦੀ ਵੀ ਨਿੰਦਾ ਕੀਤੀ ਸੀ ਅਤੇ ਹਮਲਿਆਂ ’ਚ ਸ਼ਾਮਲ ਲੋਕਾਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਸੀ।