ਲਾਹੌਰ ਹਾਈ ਕੋਰਟ ਨੇ ਨਵਾਜ਼, ਮਰੀਅਮ ਨੂੰ ਭੇਜਿਆ ਨੋਟਿਸ

01/11/2018 5:45:56 PM

ਲਾਹੌਰ (ਵਾਰਤਾ)— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼ ਨੂੰ ਨਿਆਪਾਲਿਕਾ ਵਿਰੋਧੀ ਭਾਸ਼ਣਾਂ ਦੇ ਮਾਮਲੇ ਵਿਚ ਲਾਹੌਰ ਹਾਈ ਕੋਰਟ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਜੱਜ ਸ਼ਾਹਿਦ ਕਰੀਮ ਨੇ ਸ਼ਰੀਫ ਪਰਿਵਾਰ ਵਿਰੁੱਧ ਆਮਨਾ ਮਲਿਕ ਵਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਇਹ ਨੋਟਿਸ ਜਾਰੀ ਕੀਤਾ। 
ਪਟੀਸ਼ਨਕਰਤਾ ਨੇ ਕਿਹਾ ਕਿ ਨਵਾਜ਼ ਅਤੇ ਮਰੀਅਮ ਨੇ ਕੋਟ ਮੋਮੀਨਾਹਬਾਦ ਦੀ ਰੈਲੀ ਵਿਚ ਫਿਰ ਤੋਂ ਅਦਾਲਤਾਂ ਦੀ ਆਲੋਚਨਾ ਕੀਤੀ। ਪਟੀਸ਼ਨਕਰਤਾ ਦੇ ਵਕੀਲ ਨੇ ਇਸ ਨੂੰ ਅਦਾਲਤ ਦੀ ਉਲੰਘਣਾ ਦੱਸਦੇ ਹੋਏ ਨਵਾਜ਼ ਅਤੇ ਮਰੀਅਮ ਦੇ ਭਾਸ਼ਣਾਂ ਦੇ ਪ੍ਰਸਾਰਣ 'ਤੇ ਰੋਕ ਲਾਉਣ ਦੀ ਵੀ ਗੁਹਾਰ ਲਾਈ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਮੁਤਾਬਕ ਕਿਸੇ ਨੂੰ ਵੀ ਨਿਆਪਾਲਿਕਾ ਅਤੇ ਫੌਜ ਦੀ ਆਲੋਚਨਾ ਕਰਨ ਦਾ ਅਧਿਕਾਰ ਨਹੀਂ ਹੈ। ਜੱਜ ਨੇ ਵਕੀਲ ਅਜ਼ਹਾਰ ਤੋਂ ਪੁੱਛਿਆ ਕਿ ਉਹ ਕਿਉਂ ਨਹੀਂ ਇਸ ਮਾਮਲੇ ਨੂੰ ਸੁਪਰੀਮ ਕੋਰਟ ਲੈ ਜਾਂਦੇ, ਤਾਂ ਉਨ੍ਹਾਂ ਨੇ ਕਿਹਾ ਕਿ ਅਦਾਲਤ ਵੀ ਇਸ ਮਾਮਲੇ ਦੀ ਕਾਰਵਾਈ 'ਤੇ ਰੋਕ ਲਗਾ ਸਕਦੀ ਹੈ। ਇੱਥੇ ਦੱਸ ਦੇਈਏ ਕਿ ਬੀਤੀ 10 ਅਗਸਤ ਨੂੰ ਨਵਾਜ਼ ਇਸਲਾਮਾਬਾਦ ਤੋਂ ਗ੍ਰੈਂਡ ਟਰੰਕ ਰੋਡ ਜ਼ਰੀਏ ਲਾਹੌਰ ਲਈ ਰਵਾਨਾ ਹੋਏ ਸਨ ਅਤੇ 13 ਅਗਸਤ ਨੂੰ ਇੱਥੇ ਪਹੁੰਚੇ ਸਨ। ਉਸ ਦੌਰਾਨ ਵੱਡੀ ਗਿਣਤੀ ਵਿਚ ਨਵਾਜ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸਮਰਥਕ ਵੀ ਉਨ੍ਹਾਂ ਨਾਲ ਸਨ।


Related News