ਖਾੜੀ ਦੇਸ਼ਾਂ ''ਚ ਤਣਾਅ, ਸਾਊਦੀ ਦੇ ਬਾਅਦ ਹੁਣ ਕੁਵੈਤ ਅਤੇ ਯੂਏਈ ਨੇ ਵੀ ਲੇਬਨਾਨੀ ਰਾਜਦੂਤਾਂ ਨੂੰ ਕੱਢਿਆ
Sunday, Oct 31, 2021 - 12:21 PM (IST)
ਬੇਰੁੱਤ (ਬਿਊਰੋ): ਸਾਊਦੀ ਅਰਬ ਅਤੇ ਲੇਬਨਾਨ ਵਿਚਾਲੇ ਪੈਦਾ ਹੋਏ ਵਿਵਾਦ ਵਿਚ ਹੁਣ ਕੁਵੈਤ, ਯੂ.ਏ.ਈ. ਅਤੇ ਬਹਿਰੀਨ ਵੀ ਸ਼ਾਮਲ ਹੋ ਗਏ ਹਨ। ਇਹਨਾਂ ਖਾੜੀ ਦੇਸ਼ਾਂ ਨੇ ਸਾਊਦੀ ਅਰਬ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਲੇਬਨਾਨ ਨਾਲ ਡਿਪਲੋਮੈਟਿਕ ਸੰਬੰਧਾਂ ਨੂੰ ਤੋੜ ਦਿੱਤਾ ਹੈ। ਅਸਲ ਵਿਚ ਕੁਝ ਦਿਨ ਪਹਿਲਾਂ ਲੇਬਨਾਨ ਦੇ ਇਕ ਕੈਬਨਿਟ ਮੰਤਰੀ ਨੇ ਯਮਨ ਯੁੱਧ ਨੂੰ ਲੈਕੇ ਸਾਊਦੀ ਅਰਬ 'ਤੇ ਨਿਸ਼ਾਨਾ ਵਿੰਨ੍ਹਿਆ ਸੀ। ਇਸ ਮਗਰੋਂ ਭੜਕੇ ਸਾਊਦੀ ਅਰਬ ਨੇ ਲੇਬਨਾਨ ਦੇ ਰਾਜਦੂਤ ਨੂੰ ਤੁਰੰਤ ਦੇਸ਼ ਛੱਡਣ ਦਾ ਆਦੇਸ਼ ਦਿੱਤਾ, ਜਿਸ ਮਗਰੋਂ ਲੇਬਨਾਨ ਦੇ ਨੇਤਾਵਾਂ ਨੇ ਸਾਊਦੀ ਨਾਲ ਜਾਰੀ ਕੂਟਨੀਤਕ ਤਣਾਅ ਨੂੰ ਘੱਟ ਕਰਨ ਲਈ ਬੈਠਕ ਕੀਤੀ ਹੈ।
ਲੇਬਨਾਨ ਦੀਆਂ ਵਧੀਆਂ ਮੁਸ਼ਕਲਾਂ
ਖਾੜੀ ਦੇਸ਼ਾਂ ਦੇ ਇਕ ਦੇ ਬਾਅਦ ਇਕ ਫ਼ੈਸਲਿਆਂ ਨਾਲ ਪਹਿਲਾਂ ਤੋਂ ਹੀ ਸੰਕਟ ਨਾਲ ਜੂਝ ਰਹੇ ਲੇਬਨਾਨ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਲੇਬਨਾਨ ਨੂੰ ਵਿਦੇਸ਼ੀ ਸਹਾਇਤਾ ਅਤੇ ਅਸਥਿਰ ਆਰਥਿਕ ਅਤੇ ਵਿੱਤੀ ਸੰਕਟ ਵਿਚ ਮਦਦ ਦੀ ਲੋੜ ਹੈ। ਇਹ ਖਾੜੀ ਦੇਸ਼ਾਂ ਅਤੇ ਲੇਬਨਾਨ ਵਿਚਾਲੇ ਹੁਣ ਤੱਕ ਦਾ ਸਭ ਤੋਂ ਗੰਭੀਰ ਵਿਵਾਦ ਹੈ। ਇਸ ਛੋਟੇ ਜਿਹੇ ਦੇਸ਼ ਵਿਚ ਈਰਾਨ ਦੇ ਵੱਧਦੇ ਪ੍ਰਭਾਵ ਨੂੰ ਲੈਕੇ ਰਿਸ਼ਤੇ ਤਣਾਅਪੂਰਨ ਹਨ ਜਦਕਿ ਸਾਊਦੀ ਅਰਬ ਰਵਾਇਤੀ ਤੌਰ 'ਤੇ ਉਸ ਦਾ ਇਕ ਸ਼ਕਤੀਸ਼ਾਲੀ ਸਹਿਯੋਗੀ ਦੇਸ਼ ਰਿਹਾ ਹੈ।
ਸਾਉਦੀ ਤੋਂ ਸਵਦੇਸ਼ ਪਰਤਿਆ ਲੇਬਨਾਨ ਰਾਜਦੂਤ
ਸ਼ਨੀਵਾਰ ਦੁਪਹਿਰ ਨੂੰ ਬੇਰੁੱਤ ਤੋਂ ਸਾਊਦੀ ਅਰਬ ਦੇ ਰਾਜਦੂਤ ਵਲੀਦ ਬੁਖਾਰੀ ਸਵਦੇਸ਼ ਪਰਤ ਆਏ। ਸਾਊਦੀ ਨੇ ਉਹਨਾਂ ਨੂੰ ਵਾਪਸ ਬੁਲਾ ਲਿਆ ਹੈ। ਬੇਰੁੱਤ ਵਿਚ ਹਵਾਈ ਅੱਡੇ 'ਤੇ ਮੌਜੂਦ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬੁਖਾਰੀ ਦੇ ਸਵਦੇਸ਼ ਪਰਤਣ ਤੋਂ ਇਕ ਦਿਨ ਪਹਿਲਾਂ ਸਾਊਦੀ ਨੇ ਰਿਆਦ ਵਿਚ ਲੇਬਨਾਨ ਦੇ ਰਾਜਦੂਤ ਨੂੰ 48 ਘੰਟੇ ਦੇ ਅੰਦਰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਅਤੇ ਲੇਬਨਾਨ ਤੋਂ ਸਾਰੇ ਆਯਾਤ 'ਤੇ ਰੋਕ ਲਗਾ ਦਿੱਤੀ। ਸਾਊਦੀ ਦਹਾਕਿਆਂ ਤੋਂ ਲੇਬਨਾਨੀ ਉਤਪਾਦਾਂ ਦਾ ਵੱਡਾ ਬਾਜ਼ਾਰ ਰਿਹਾ ਹੈ।
ਅਰਬ ਲੀਗ ਨੇ ਜਤਾਈ ਚਿੰਤਾ
ਅਰਬ ਲੀਗ ਦੇ ਪ੍ਰਮੁੱਖ ਨੇ ਲੇਬਨਾਨ ਅਤੇ ਅਮੀਰ ਖਾੜੀ ਦੇਸ਼ਾਂ ਦੇ ਵਿਗੜਦੇ ਰਿਸ਼ਤਿਆਂ 'ਤੇ ਚਿੰਤਾ ਜਤਾਈ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇਕ ਬਿਆਨ ਵਿਚ ਕਿਹਾ,''ਅਸੀਂ ਅਪੀਲ ਕਰਦੇ ਹਾਂ ਕਿ ਲੇਬਨਾਨ ਦੇ ਸਾਹਮਣੇ ਆ ਰਹੇ ਮੁੱਦਿਆਂ 'ਤੇ ਸਾਰਥਕ ਗੱਲਬਾਤ ਯਕੀਨੀ ਕਰਨ ਲਈ ਸਾਰੇ ਪੱਖਾਂ ਵਿਚਕਾਰ ਕੂਟਨੀਤਕ ਰਸਤੇ ਖੁੱਲ੍ਹੇ ਰਹਿਣ।''
ਲੇਬਨਾਨ ਦੇ ਪ੍ਰਧਾਨ ਮੰਤਰੀ ਨੇ ਵਿਦੇਸ਼ ਅਧਿਕਾਰੀਆਂ ਨਾਲ ਕੀਤੀ ਗੱਲ
ਲੇਬਨਾਨ ਦੇ ਵਿਦੇਸ਼ ਮੰਤਰੀ ਅਬਦੁੱਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਜੀਬ ਮਿਕਾਤੀ ਵਿਦੇਸ਼ੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਅਸਤੀਫ਼ਾ ਦੇਣ ਬਾਰੇ ਨਾ ਸੋਚਣ ਲਈ ਕਿਹਾ ਹੈ। ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੰਕਟ ਦੇ ਹੱਲ ਲਈ ਅਮਰੀਕਾ ਦੇ ਸੰਪਰਕ ਵਿੱਚ ਹਨ।
ਪੜ੍ਹੋ ਇਹ ਅਹਿਮ ਖਬਰ- ਸ਼ਖਸ ਦੀ ਚਮਕੀ ਕਿਸਮਤ, ਇਕੱਠੀਆਂ ਜਿੱਤੀਆਂ 20 ਲਾਟਰੀਆਂ
ਇਸ ਕਾਰਨ ਪੈਦਾ ਹੋਇਆ ਵਿਵਾਦ
ਇਹ ਵਿਵਾਦ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਇਕ ਵੀਡੀਓ ਨੂੰ ਲੈ ਕੇ ਪੈਦਾ ਹੋਇਆ ਹੈ, ਜਿਸ ਵਿੱਚ ਲੇਬਨਾਨ ਦੇ ਸੂਚਨਾ ਮੰਤਰੀ ਜਾਰਜ ਕੋਰਦਾਹੀ ਨੇ ਯਮਨ ਵਿੱਚ ਜੰਗ ਨੂੰ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵੱਲੋਂ ਹਮਲਾਵਰ ਦੱਸਿਆ। ਉਹਨਾਂ ਨੇ ਕਿਹਾ ਕਿ ਯਮਨ ਵਿੱਚ ਜੰਗ "ਬੇਤੁਕਾ" ਹੈ ਅਤੇ ਇਸਨੂੰ ਰੋਕਿਆ ਜਾਣਾ ਚਾਹੀਦਾ ਹੈ। ਸ਼ਨੀਵਾਰ ਸ਼ਾਮ, ਕੋਰਦਾਹੀ ਨੇ ਇਸ ਮਾਮਲੇ 'ਤੇ ਚਰਚਾ ਕਰਨ ਲਈ ਲੇਬਨਾਨ ਦੇ ਮੈਰੋਨਾਈਟ ਕੈਥੋਲਿਕ ਚਰਚ ਦੇ ਮੁਖੀ ਨਾਲ ਮੁਲਾਕਾਤ ਕੀਤੀ ਪਰ ਉਸ ਤੋਂ ਬਾਅਦ ਕੋਈ ਟਿੱਪਣੀ ਨਹੀਂ ਕੀਤੀ।
ਕੁਵੈਤ ਅਤੇ ਬਹਿਹੀਨ ਨੇ ਲੇਬਨਾਨ ਦੇ ਰਾਜਦੂਤਾਂ ਨੂੰ ਕੱਢਿਆ
ਇਸ ਤੋਂ ਪਹਿਲਾਂ ਸਾਊਦੀ ਅਰਬ ਦੀ ਰਾਹ 'ਤੇ ਚੱਲਦਿਆਂ ਕੁਵੈਤ ਅਤੇ ਬਹਿਰੀਨ ਨੇ ਲੇਬਨਾਨ ਦੇ ਰਾਜਦੂਤ ਨੂੰ ਦੋ ਦਿਨਾਂ ਦੇ ਅੰਦਰ ਦੇਸ਼ ਛੱਡਣ ਦਾ ਆਦੇਸ਼ ਦਿੱਤਾ।ਸੰਯੁਕਤ ਅਰਬ ਅਮੀਰਾਤ ਦੀ ਸਰਕਾਰੀ ਨਿਊਜ਼ ਏਜੰਸੀ ਨੇ ਬਾਅਦ ਵਿੱਚ ਰਿਪੋਰਟ ਦਿੱਤੀ ਕਿ ਦੇਸ਼ ਸਾਊਦੀ ਅਰਬ ਦੇ ਨਾਲ ਇੱਕਜੁੱਟਤਾ ਦਿਖਾਉਂਦੇ ਹੋਏ ਲੇਬਨਾਨ ਤੋਂ ਆਪਣੇ ਡਿਪਲੋਮੈਟਾਂ ਨੂੰ ਵਾਪਸ ਲੈ ਬੁਲਾਏਗਾ। ਇਹ ਵੀ ਕਿਹਾ ਗਿਆ ਹੈ ਕਿ ਨਾਗਰਿਕਾਂ ਨੂੰ ਲੇਬਨਾਨ ਦੀ ਯਾਤਰਾ ਕਰਨ ਤੋਂ ਵੀ ਰੋਕਿਆ ਜਾਵੇਗਾ।
ਕਤਰ ਨੇ ਕੀਤੀ ਇਹ ਅਪੀਲ
ਕਤਰ ਦੇ ਵਿਦੇਸ਼ ਮੰਤਰਾਲੇ ਨੇ ਲੇਬਨਾਨ ਤੋਂ ਸਥਿਤੀ ਨੂੰ ਸ਼ਾਂਤ ਕਰਨ ਅਤੇ ਜਲਦੀ ਤੋਂ ਜਲਦੀ ਵਿਵਾਦ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ। ਈਰਾਨ ਅਤੇ ਪੱਛਮੀ ਦੇਸ਼ਾਂ ਵਿਚਾਲੇ ਵਾਰਤਾਕਾਰ ਰਹੇ ਓਮਾਨ ਨੇ ਸਾਰਿਆਂ ਨੂੰ ਸੰਜਮ ਵਰਤਣ ਅਤੇ ਤਣਾਅ ਵਧਾਉਣ ਤੋਂ ਬਚਣ ਲਈ ਅਤੇ ਸਮਝ ਜ਼ਰੀਏ ਮਤਭੇਦਾਂ ਨੂੰ ਦੂਰ ਕਰਨ ਦੀ ਅਪੀਲ ਕੀਤੀ। ਬੇਰੁੱਤ ਵਿਚ ਕਈ ਸਰਕਾਰੀ ਅਧਿਕਾਰੀਆਂ ਨੇ ਸੰਕਟ 'ਤੇ ਚਰਚਾ ਲਈ ਸ਼ਨੀਵਾਰ ਨੂੰ ਮੁਲਾਕਾਤ ਕੀਤੀ।