ਵਿਆਹ ਦੇ 3 ਮਿੰਟ ਬਾਅਦ ਹੀ ਲਾੜੀ ਨੇ ਲਿਆ ਤਲਾਕ, ਜਾਣੋ ਮਾਮਲਾ

Friday, Feb 08, 2019 - 12:08 PM (IST)

ਵਿਆਹ ਦੇ 3 ਮਿੰਟ ਬਾਅਦ ਹੀ ਲਾੜੀ ਨੇ ਲਿਆ ਤਲਾਕ, ਜਾਣੋ ਮਾਮਲਾ

ਕੁਵੈਤ ਸਿਟੀ (ਬਿਊਰੋ)— ਅਕਸਰ ਪਤੀ-ਪਤਨੀ ਆਪਸੀ ਝਗੜਿਆਂ ਨੂੰ ਖੁਦ ਹੀ ਹੱਲ ਕਰ ਲੈਂਦੇ ਹਨ। ਕਈ ਵਾਰ ਇਹ ਝਗੜੇ ਗੰਭੀਰ ਰੂਪ ਧਾਰ ਲੈਣ ਤਾਂ ਨੌਬਤ ਤਲਾਕ ਤੱਕ ਪਹੁੰਚ ਜਾਂਦੀ ਹੈ। ਪਰ ਕੁਵੈਤ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਲਾੜੀ ਨੇ ਵਿਆਹ ਦੇ ਸਿਰਫ 3 ਮਿੰਟ ਬਾਅਦ ਹੀ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ। ਇਸ ਨੂੰ ਕੁਵੈਤ ਦੇ ਇਤਿਹਾਸ ਵਿਚ ਸਭ ਤੋਂ ਛੋਟਾ ਵਿਆਹ ਮੰਨਿਆ ਜਾ ਰਿਹਾ ਹੈ। 

ਅਸਲ ਵਿਚ ਕੁਵੈਤ ਸਿਟੀ ਦੀ ਇਕ ਅਦਾਲਤ ਵਿਚ ਵਿਆਹ ਲਈ ਲਾੜਾ-ਲਾੜੀ ਪਹੁੰਚੇ। ਵਿਆਹ ਹੋਣ ਮਗਰੋਂ ਬਾਹਰ ਆਉਂਦੇ ਸਮੇਂ ਲਾੜੀ ਤਿਲਕ ਕੇ ਡਿੱਗ ਗਈ। ਲਾੜੀ ਦੇ ਤਿਲਕਣ ਦੇ ਬਾਅਦ ਲਾੜੇ ਨੇ ਉਸ ਨੂੰ ਬੇਵਕੂਫ (stupid) ਕਹਿ ਦਿੱਤਾ। ਇਹ ਗੱਲ ਲਾੜੀ ਨੂੰ ਪਸੰਦ ਨਹੀਂ ਆਈ। ਇਸ ਗੱਲ ਨਾਲ ਨਾਰਾਜ਼ ਲਾੜੀ ਨੇ ਵਿਆਹ ਦੇ ਤਿੰਨ ਮਿੰਟ ਬਾਅਦ ਹੀ ਤਲਾਕ ਲੈ ਲਿਆ। ਲਾੜਾ-ਲਾੜੀ ਜਿਸ ਅਦਾਲਤ ਵਿਚ ਵਿਆਹ ਲਈ ਗਏ ਸਨ ਉੱਥੋਂ 3 ਮਿੰਟ ਬਾਅਦ ਤਲਾਕ ਲੈ ਕੇ ਬਾਹਰ ਆ ਗਏ। 

ਇਕ ਸਮਾਚਾਰ ਏਜੰਸੀ ਮੁਤਾਬਕ ਦੋਹਾਂ ਨੇ ਉਸੇ ਜੱਜ ਦੇ ਸਾਹਮਣੇ ਹੀ ਵਿਆਹ ਦੇ ਕਾਗਜ਼ਾਂ 'ਤੇ ਦਸਤਖਤ ਕੀਤੇ ਸਨ। ਹਾਲ ਵਿਚੋਂ ਬਾਹਰ ਆਉਂਦੇ ਸਮੇਂ ਲਾੜੀ ਦਾ ਪੈਰ ਤਿਲਕ ਗਿਆ ਅਤੇ ਉਹ ਹੇਠਾਂ ਡਿੱਗ ਪਈ। ਇਸ ਦੌਰਾਨ ਪਤੀ ਦੇ ਕਹੇ ਗਲਤ ਸ਼ਬਦਾਂ ਨਾਲ ਦੁਖੀ ਹੋ ਕੇ ਲਾੜੀ ਨੇ ਵਿਆਹ ਨੂੰ ਉੱਥੇ ਹੀ ਖਤਮ ਕਰਨ ਦਾ ਫੈਸਲਾ ਲਿਆ। ਇਸ ਘਟਨਾ ਦੇ ਬਾਅਦ ਸੋਸ਼ਲ ਮੀਡੀਆ ਵਿਚ ਕੋਈ ਲੋਕਾਂ ਨੇ ਲਾੜੀ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਅਤੇ ਉਸ ਦੇ ਸਮਰਥਨ ਵਿਚ ਕੁਮੈਂਟ ਕੀਤੇ।

ਕਈ ਲੋਕਾਂ ਨੇ ਕਿਹਾ ਕਿ ਲਾੜੀ ਸਹੀ ਸੀ ਅਤੇ ਉਸ ਨੇ ਸਹੀ ਫੈਸਲਾ ਲਿਆ। ਇਕ ਟਵਿੱਟਰ ਯੂਜ਼ਰ ਨੇ ਕਿਹਾ ਕਿ ਵਿਆਹ ਦੀ ਸ਼ੁਰੂਆਤ ਵਿਚ ਹੀ ਜੇਕਰ ਪਤੀ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਤਾਂ ਉਸ ਨੂੰ ਛੱਡ ਦੇਣਾ ਹੀ ਠੀਕ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਜਿਸ ਵਿਆਹ ਵਿਚ ਸਨਮਾਨ ਨਹੀਂ ਹੈ ਉਹ ਸ਼ੁਰੂਆਤ ਵਿਚ ਹੀ ਅਸਫਲ ਹੋ ਜਾਂਦੀ ਹੈ।


author

Vandana

Content Editor

Related News