ਪਾਕਿਸਤਾਨ ''ਚ ਪਹਿਲੀ ਹਿੰਦੂ ਮਹਿਲਾ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

03/12/2018 4:39:02 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀ ਪਹਿਲੀ ਮਹਿਲਾ ਹਿੰਦੂ ਸੰਸਦ ਮੈਂਬਰ ਕ੍ਰਿਸ਼ਣਾ ਕੁਮਾਰੀ ਕੋਹਲੀ ਨੇ ਸੋਮਵਾਰ ਨੂੰ ਉੱਪਰੀ ਸਦਨ ਦੀ ਮੈਂਬਰ ਦੇ ਰੂਪ ਵਿਚ ਸਹੁੰ ਚੁੱਕੀ। ਉਹ ਸਹੁੰ ਲੈਣ ਵਾਲੇ 51 ਸੰਸਦ ਮੈਂਬਰਾਂ ਵਿਚ ਸ਼ਾਮਲ ਸੀ। ਸਿੰਧ ਸੂਬੇ ਵਿਚ ਥਾਰ ਦੇ ਨਗਰਪਾਰਕਰ ਜ਼ਿਲੇ ਦੇ ਇਕ ਦੂਰ-ਦੁਰਾਡੇ ਪਿੰਡ ਦੀ ਰਹਿਣ ਵਾਲੀ 39 ਸਾਲਾ ਕੋਹਲੀ, ਬਿਲਾਵਲ ਭੁੱਟੋ ਜ਼ਰਦਾਰੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੀ ਮੈਂਬਰ ਹੈ। ਸਰਦਾਰ ਯਾਕੂਬ ਖਾਨ ਨਸਾਰ ਨੇ ਸੰਘੀ ਅਤੇ ਸੂਬਾਈ ਅਸੈਂਬਲੀਆਂ ਵਲੋਂ 3 ਮਾਰਚ ਨੂੰ ਚੁਣੇ ਗਏ ਸੰਸਦ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ। 
ਕੋਹਲੀ ਸਿੰਧ ਤੋਂ ਇਕ ਘੱਟ ਗਿਣਤੀ ਸੀਟ ਤੋਂ ਚੁਣੀ ਗਈ ਹੈ। ਉਹ ਆਪਣੇ ਪਰਿਵਾਰ ਨਾਲ ਰਵਾਇਤੀ ਥਾਰ ਲਿਬਾਸ ਵਿਚ ਸੰਸਦ ਭਵਨ ਪਹੁੰਚੀ। ਉਨ੍ਹਾਂ ਨੇ ਮੀਡੀਆ ਨੂੰ ਕਿਹਾ ਕਿ ਉਹ ਸਿਹਤ ਦੇ ਖੇਤਰ ਵਿਚ ਸੁਧਾਰ ਅਤੇ ਪਾਣੀ ਦੀ ਕਮੀ ਦੇ ਮੁੱਦੇ ਸਮੇਤ ਤਮਾਮ ਮਸਲਿਆਂ ਦੇ ਹੱਲ ਲਈ ਕੰਮ ਕਰੇਗੀ। ਉਨ੍ਹਾਂ ਦੀ ਚੋਣ ਪਾਕਿਸਤਾਨ ਵਿਚ ਔਰਤਾਂ ਅਤੇ ਘੱਟ ਗਿਣਤੀ ਦੇ ਅਧਿਕਾਰਾਂ ਲਈ ਇਕ ਮੀਲ ਦਾ ਪੱਥਰ ਹੈ। ਇਸ ਤੋਂ ਪਹਿਲਾਂ ਪੀ. ਪੀ. ਪੀ. ਨੇ ਸੰਸਦ ਮੈਂਬਰ ਦੇ ਰੂਪ ਵਿਚ ਪਹਿਲੀ ਹਿੰਦੂ ਮਹਿਲਾ ਰਤਨ ਭਗਵਾਨਦਾਸ ਨੂੰ ਚੁਣਿਆ ਸੀ। 
ਕ੍ਰਿਸ਼ਣਾ ਕੁਮਾਰੀ ਕੋਹਲੀ ਇਕ ਗਰੀਬ ਕਿਸਾਨ ਜਗਨੂੰ ਕੋਹਲੀ ਦੇ ਘਰ ਸਾਲ 1979 'ਚ ਜਨਮੀ। ਕ੍ਰਿਸ਼ਣਾ ਦਾ 16 ਸਾਲ ਦੀ ਉਮਰ ਵਿਚ ਵਿਆਹ ਹੋ ਗਿਆ ਸੀ। ਉਸ ਸਮੇਂ ਉਹ 9ਵੀਂ ਜਮਾਤ ਦੀ ਵਿਦਿਆਰਥਣ ਸੀ। ਹਾਲਾਂਕਿ ਵਿਆਹ ਤੋਂ ਬਾਅਦ ਕ੍ਰਿਸ਼ਣਾ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਸਾਲ 2013 ਵਿਚ ਉਨ੍ਹਾਂ ਨੇ ਸਿੰਧ ਯੂਨੀਵਰਸਿਟੀ ਤੋਂ ਸਮਾਜਸ਼ਾਸਤਰ ਵਿਚ ਮਾਸਟਰ ਦੀ ਡਿਗਰੀ ਹਾਸਲ ਕੀਤੀ। ਉਹ ਆਪਣੇ ਭਰਾ ਨਾਲ ਇਕ ਸਮਾਜਿਕ ਵਰਕਰ ਦੇ ਰੂਪ ਵਿਚ ਪੀ. ਪੀ. ਪੀ. ਪਾਰਟੀ 'ਚ ਸ਼ਾਮਲ ਹੋਈ ਸੀ।


Related News