ਆਇਰਲੈਂਡ ਦੀ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਪਾਕਿਸਤਾਨ ਨੂੰ ਹਰਾ ਕੇ ਦਰਜ ਕੀਤੀ ਪਹਿਲੀ ਟੀ-20 ਜਿੱਤ
Saturday, May 11, 2024 - 03:06 AM (IST)
ਸਪੋਰਟਸ ਡੈਸਕ- ਆਇਰਲੈਂਡ ਦੇ ਡਬਲਿਨ ਸਥਿਤ ਕਲੋਨਟਰਫ਼ ਕ੍ਰਿਕਟ ਸਟੇਡੀਅਮ 'ਚ ਪਾਕਿਸਤਾਨ ਤੇ ਆਇਰਲੈਂਡ ਵਿਚਾਲੇ ਚੱਲ ਰਹੀ 3 ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਖੇਡਿਆ ਗਿਆ, ਜਿੱਥੇ ਆਇਰਲੈਂਡ ਨੇ ਇਤਿਹਾਸ ਰਚਦੇ ਹੋਏ ਪਾਕਿਸਤਾਨ ਖ਼ਿਲਾਫ਼ ਪਹਿਲੀ ਜਿੱਤ ਦਰਜ ਕਰ ਲਈ ਹੈ ਤੇ ਲੜੀ 'ਚ 1-0 ਦੀ ਬੜ੍ਹਤ ਵੀ ਹਾਸਲ ਕਰ ਲਈ ਹੈ।
ਇਹ ਆਇਰਲੈਂਡ ਦੀ ਪਾਕਿਸਤਾਨ ਖ਼ਿਲਾਫ਼ ਪਹਿਲੀ ਜਿੱਤ ਹੈ, ਜੋ ਕਿ ਪਾਕਿਸਤਾਨ ਲਈ ਆਗਾਮੀ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਇਕ ਜ਼ੋਰਦਾਰ ਝਟਕਾ ਹੈ।
ਇਸ ਤੋਂ ਪਹਿਲਾਂ ਆਇਰਲੈਂਡ ਦੇ ਕਪਤਾਨ ਪਾਲ ਸਟਰਲਿੰਗ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ ਕਪਤਾਨ ਬਾਬਰ ਆਜ਼ਮ ਦੀ 43 ਗੇਂਦਾਂ 'ਚ 57 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ, ਸਾਇਮ ਅਯੂਬ ਦੀ ਦੀਆਂ 29 ਗੇਂਦਾਂ 'ਚ 45 ਦੌੜਾਂ ਤੇ ਅੰਤ 'ਚ ਇਫ਼ਤਿਖਾਰ ਅਹਿਮਦ (37) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 182 ਦੌੜਾਂ ਬਣਾਈਆਂ ਸਨ।
ਇਸ ਟੀਚੇ ਦਾ ਪਿੱਛਾ ਕਰਨ ਉਤਰੀ ਆਇਰਲੈਂਡ ਦੀ ਟੀਮ ਨੇ ਓਪਨਰ ਐਂਡ੍ਰਿਊ ਬਲਬਿਰਿਨ ਦੀ 55 ਗੇਂਦਾਂ 'ਚ 77 ਦੌੜਾਂ ਦੀ ਧਮਾਕੇਦਾਰ ਪਾਰੀ ਤੋਂ ਬਾਅਦ ਹੈਰੀ ਟੈਕਟਰ (36) ਤੇ ਜਾਰਜ ਡੌਕ੍ਰੇਲ (24) ਦੀਆਂ ਪਾਰੀਆਂ ਦੀ ਬਦੌਲਤ ਇਹ ਮੁਸ਼ਕਲ ਟੀਚਾ 19.5 ਓਵਰਾਂ 'ਚ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਆਪਣੀ ਸ਼ਾਨਦਾਰ ਪਾਰੀ ਲਈ ਐਂਡ੍ਰਿਊ ਬਲਬਰਿਨ ਨੂੰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੂੰ ਆਇਰਲੈਂਡ ਹੱਥੋਂ ਪਹਿਲੀ ਵਾਰ ਟੀ-20 ਫਾਰਮੈੱਟ 'ਚ ਹਾਰ ਝੱਲਣੀ ਪਈ ਹੈ। ਇਸ ਜਿੱਤ ਨਾਲ ਆਇਰਲੈਂਡ 3 ਮੈਚਾਂ ਦੀ ਲੜੀ 'ਚ 1-0 ਨਾਲ ਅੱਗੇ ਹੋ ਗਈ ਹੈ ਤੇ ਲੜੀ ਦਾ ਅਗਲਾ ਮੁਕਾਬਲਾ 12 ਮਈ ਨੂੰ ਖੇਡਿਆ ਜਾਵੇਗਾ, ਜਿੱਥੇ ਪਾਕਿਸਤਾਨ ਜਿੱਤ ਨਾਲ ਵਾਪਸੀ ਕਰਨ ਅਤੇ ਲੜੀ 'ਚ 1-1 ਦੀ ਬਰਾਬਰੀ ਕਰਨ ਦੇ ਇਰਾਦੇ ਨਾਲ ਉਤਰੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e