ਤਣਾਅ ਵੱਧਣਾ ਤੈਅ, ਕਿਮ ਦੀ ਟਰੰਪ ਨੂੰ ਦੋ ਟੂਕ, ਨਹੀਂ ਹੋਵੇਗੀ ਗੱਲਬਾਤ

07/05/2020 6:18:31 PM

ਪਿਓਂਗਯਾਂਗ/ਵਾਸ਼ਿੰਗਟਨ (ਬਿਊਰੋ): ਪਰਮਾਣੂ ਨਿਸ਼ਸਤਰੀਕਰਨ ਮੁੱਦੇ 'ਤੇ ਉੱਤਰੀ ਕੋਰੀਆ ਅਤੇ ਅਮਰੀਕਾ ਵਿਚਾਲੇ ਤਣਾਅ ਹੋਰ ਵੱਧ ਸਕਦਾ ਹੈ। ਦੋਹਾਂ ਦੇਸ਼ਾਂ ਵਿਚਾਲੇ ਵੱਧਦੇ ਤਣਾਅ ਦੇ ਵਿਚ ਕਿਮ ਜੋਂਗ ਉਨ ਦੀ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਾਫ ਸੰਦੇਸ਼ ਦਿੰਦੇ ਹੋਏ ਕਿਹਾ ਹੈ ਕਿ ਉਸ ਨੂੰ ਅਮਰੀਕਾ ਨਾਲ ਗੱਲਬਾਤ ਕਰਨ ਦੀ ਕੋਈ ਲੋੜ ਨਹੀਂ ਹੈ। ਉੱਤਰੀ ਕੋਰੀਆ ਵੱਲੋਂ ਸਾਫ ਸੰਦੇਸ਼ ਦਿੱਤਾ ਗਿਆ ਹੈਕਿ ਅਮਰੀਕਾ ਉਸਨੂੰ ਆਪਣਾ ਰਾਜਨੀਤਕ ਹਥਿਆਰ ਸਮਝ ਰਿਹਾ ਹੈ। ਕੂਟਨੀਤਕ ਪੱਧਰ 'ਤੇ ਇਸ ਨੂੰ ਵਾਸ਼ਿੰਗਟਨ ਦੇ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। 

ਅਮਰੀਕੀ ਪ੍ਰਤੀਨਿਧੀ ਦੀ ਦੱਖਣੀ ਕੋਰੀਆ ਦੀ ਯਾਤਰਾ ਦੇ ਬਾਅਦ ਉੱਤਰੀ ਕੋਰੀਆ ਦੇ ਇਕ ਸੀਨੀਅਰ ਡਿਪਲੋਮੈਟਿਕ ਨੇ ਸ਼ਨੀਵਾਰ ਨੂੰ ਇਹ ਬਿਆਨ ਦਿੱਤਾ। ਉਪ ਵਿਦੇਸ਼ ਮੰਤਰੀ ਚੋਈ ਸੋਨ ਹੁਈ ਨੇ ਕਿਹਾ ਕਿ ਵਾਸ਼ਿੰਗਟਨ ਅਤੇ ਪਿਓਂਗਯਾਂਗ ਵਿਚਾਲੇ ਕੋਈ ਗੱਲ ਨਹੀਂ ਹੋਵੇਗੀ। ਉੱਤਰੀ ਕੋਰੀਆ ਦੀ ਨੀਤੀ ਵਿਚ ਤਬਦੀਲੀ ਨਹੀਂ ਹੋਵੇਗੀ। ਚੋਈ ਨੇ ਉੱਥੋਂ ਦੀ ਸਰਕਾਰ ਵੱਲੋਂ ਸੰਚਾਲਿਤ ਕੇ.ਸੀ.ਐੱਨ.ਏ. ਸਮਾਚਾਰ ਏਜੰਸੀ ਨੂੰ ਦਿੱਤੇ ਬਿਆਨ ਵਿਚ ਕਿਹਾ,''ਸਾਨੂੰ ਅਮਰੀਕਾ ਦੇ ਨਾਲ ਆਹਮੋ-ਸਾਹਮਣੇ ਬੈਠਣ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਡੀ.ਪੀ.ਆਰ.ਕੇ-ਯੂ.ਐੱਸ. ਗੱਲਬਾਤ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਲਈ ਆਪਣੇ ਦੇਸ਼ ਵਿਚ ਰਾਜਨੀਤਕ ਸੰਕਟ ਦੇ ਵਿਚ ਇਕ ਹਥਿਆਰ ਤੋਂ ਵੱਧ ਕੁਝ ਨਹੀਂ ਹੈ।'' ਇੱਥੇ ਦੱਸ ਦਈਏ ਕਿ ਡੈਮੋਕ੍ਰੈਟਿਕ ਪੀਪਲਜ਼ ਰੀਪਬਲਿਕ ਆਫ ਕੋਰੀਆ (ਡੀ.ਪੀ.ਆਰ.ਕੇ.) ਉੱਤਰੀ ਕੋਰੀਆ ਦਾ ਰਸਮੀ ਨਾਮ ਹੈ।

ਪੜ੍ਹੋ ਇਹ ਅਹਿਮ ਖਬਰ- ਨਿਊ ਸਾਊਥ ਵੇਲਜ਼ 'ਚ ਕੋਰੋਨਾਵਾਇਰਸ ਦੇ 14 ਨਵੇਂ ਮਾਮਲੇ

ਉੱਤਰੀ ਕੋਰੀਆ ਦੇ ਨਾਲ ਰੁਕੀ ਹੋਈ ਵਾਰਤਾ 'ਤੇ ਚਰਚਾ ਕਰਨ ਲਈ ਅਮਰੀਕਾ ਰਾਜ ਡਿਪਟੀ ਸਕੱਤਰ ਸਟੀਫਨ ਬੇਗੁਨ ਅਗਲੇ ਹਫਤੇ ਦੱਖਣੀ ਕੋਰੀਆ ਦੀ ਯਾਤਰਾ 'ਤੇ ਜਾਣ ਵਾਲੇ ਹਨ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨੂੰ ਨਵੰਬਰ ਵਿਚ ਹੋਣ ਵਾਲੀਆਂ ਅਮਰੀਕੀ ਚੋਣਾਂ ਤੋਂ ਪਹਿਲਾਂ ਦੁਬਾਰਾ ਮਿਲਣਾ ਚਾਹੀਦਾ ਹੈ, ਜੋ ਰੁਕੀ ਹੋਈ ਪਰਮਾਣੂ ਵਾਰਤਾ ਨੂੰ ਮੁੜ ਸ਼ੁਰੂ ਕਰਨ ਵਿਚ ਮਦਦ ਕਰੇਗਾ। ਟਰੰਪ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਵੀਰਵਾਰ ਨੂੰ ਨਿਊਯਾਰਕ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਕਿਮ ਦੇ ਨਾਲ ਟਰੰਪ ਇਕ ਵਾਰ ਫਿਰ ਗੱਲਬਾਤ ਕਰ ਸਕਦੇ ਹਨ।

ਟਰੰਪ ਅਤੇ ਕਿਮ ਜੋਂਗ ਉਨ ਦੀ ਪਹਿਲੀ ਵਾਰ ਮੁਲਾਕਾਤ 2018 ਵਿਚ ਸਿੰਗਾਪੁਰ ਵਿਚ ਹੋਈ ਸੀ। 2019 ਵਿਚ ਉਹ ਦੁਬਾਰਾ ਵੀਅਤਨਾਮ ਵਿਚ ਮਿਲੇ ਪਰ ਵਾਰਤਾ ਉਦੋਂ ਟੁੱਟ ਗਈ ਜਦੋਂ ਟਰੰਪ ਨੇ ਕਿਹਾ ਕਿ ਕਿਮ ਜੋਂਗ ਉਨ ਅੰਤਰਰਾਸ਼ਟਰੀ ਪਾਬੰਦੀਆਂ ਨੂੰ ਖਤਮ ਕਰਨ ਦੇ ਬਦਲੇ ਵਿਚ ਲੋੜੀਂਦੇ ਪਰਮਾਣੂ ਹਥਿਆਰ ਜਾਂ ਬੈਲਿਸਟਿਕ ਮਿਜ਼ਾਈਲਾਂ ਨੂੰ ਨਸ਼ਟ ਕਰਨ ਲਈ ਤਿਆਰ ਨਹੀਂ ਹੋਏ। ਜੂਨ 2019 ਵਿਚ ਦੋਹਾਂ ਨੇਤਾਵਾਂ ਨੇ ਗੱਲਬਾਤ ਨੂੰ ਦੁਬਾਰਾ ਸ਼ੁਰੂ ਕਰਨ 'ਤੇ ਸਹਿਮਤੀ ਜ਼ਾਹਰ ਕੀਤੀ ਸੀ। ਅਕਤੂਬਰ ਵਿਚ ਸਵੀਡਨ ਵਿਚ ਦੋਹਾਂ ਪੱਖਾਂ ਵਿਚਾਲੇ ਕਾਰਜ ਪੱਧਰ ਦੀ ਗੱਲਬਾਤ ਟੁੱਟ ਗਈ ਸੀ।


Vandana

Content Editor

Related News