ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ, ਪਾਕਿ ਦੀ ਬਿਆਨਬਾਜ਼ੀ ਬੇਤੁਕੀ : US MP
Thursday, Aug 29, 2019 - 10:31 AM (IST)

ਵਾਸ਼ਿੰਗਟਨ— ਭਾਰਤੀ-ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸ ਮਾਮਲੇ ’ਚ ਸੰਜਮ ਵਰਤਣ ਦੀ ਜ਼ਰੂਰਤ ਹੈ। ਖੰਨਾ ਹਾਲ ਹੀ ’ਚ ਪਾਕਿਸਤਾਨੀ ਕਾਂਗਰੇਸ਼ਨਲ ਕਾਕਸ ’ਚ ਸ਼ਾਮਲ ਹੋਏ ਹਨ। ਉਨ੍ਹਾਂ ਕੈਲੀਫੋਰਨੀਆ ਦੇ ਫਰੀਮਾਟ ’ਚ ਹਾਲ ਹੀ ’ਚ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ’ਚ ਕਿਹਾ,‘ਕਸ਼ਮੀਰ ਭਾਰਤ ਦੇ ਲੋਕਤੰਤਰ ਦਾ ਅੰਦਰੂਨੀ ਮਾਮਲਾ ਹੈ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਧਿਆਨ ਨਾਲ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਯੁੱਧ ਅਤੇ ਸੰਘਰਸ਼ ਤਕ ਨਹੀਂ ਲੈ ਜਾਣਾ ਚਾਹੀਦਾ।’’
ਲੋਕਲ ਇੰਡੀਆ ਪੋਸਟ ਨੇ ਆਪਣੇ ਵੀਕਐਂਡ ਐਡੀਸ਼ਨ ’ਚ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ, ਜਿਸ ’ਚ ਖੰਨਾ ਦੇ ਹਵਾਲੇ ਤੋਂ ਕਿਹਾ ਗਿਆ,‘‘ਭਾਰਤ ਨਾਲ ਯੁੱਧ ਦੀ ਇਮਰਾਨ ਖਾਨ ਦੀ ਬਿਆਨਬਾਜ਼ੀ ਇਕਦਮ ਬੇਤੁਕੀ ਹੈ।’’ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਦੌਰਾਨ ਕਸ਼ਮੀਰੀ ਅਮਰੀਕੀ ਭਾਈਚਾਰੇ ਨੇ ਸੰਘਰਸ਼ ਦੇ ਲੋਕਤੰਤਰੀ ਹੱਲ ਅਤੇ ਭਾਈਚਾਰਿਆਂ ਨੂੰ ਗਰੀਬੀ ’ਚੋਂ ਉਭਾਰਨ ਲਈ ਤੇ ਅੱਤਵਾਦ ਨੂੰ ਖਤਮ ਕਰਨ ’ਚ ਉਨ੍ਹਾਂ ਦੇ ਸਮਰਥਨ ਦੀ ਸਿਫਤ ਕੀਤੀ। ਇਸ ਵਿਚਕਾਰ ਇਸ ਹਫਤੇ ਦੀ ਸ਼ੁਰੂਆਤ ’ਚ ਸੰਸਦ ਮੈਂਬਰ ਇਲਹਾਨ ਅਬਦੁੱਲਾਹੀ ਉਮਰ ਨੇ ਕਸ਼ਮੀਰ ਘਾਟੀ ’ਚ ਸੰਚਾਰ ਬਹਾਲ ਕਰਨ, ਮਨੁੱਖੀ ਅਧਿਕਾਰਾਂ, ਲੋਕਤੰਤਰੀ ਨਿਯਮਾਂ ਦਾ ਸਨਮਾਨ ਕਰਨ, ਧਾਰਮਿਕ ਸੁਤੰਰਤਾ ਬਣਾਏ ਰੱਖਣ ਅਤੇ ਤਣਾਅ ਨੂੰ ਘੱਟ ਕਰਨ ਦੀ ਅਪੀਲ ਕੀਤੀ ਸੀ।