ਇਮਰਾਨ ਸਰਕਾਰ ਖ਼ਿਲਾਫ਼ ਵਿਰੋਧੀ ਧਿਰ ਦੀ ਦੂਜੀ ਰੈਲੀ , ਕਰਾਚੀ ’ਚ ਲੱਗੀ ਭੀੜ

Monday, Oct 19, 2020 - 08:12 AM (IST)

ਇਮਰਾਨ ਸਰਕਾਰ ਖ਼ਿਲਾਫ਼ ਵਿਰੋਧੀ ਧਿਰ ਦੀ ਦੂਜੀ ਰੈਲੀ , ਕਰਾਚੀ ’ਚ ਲੱਗੀ ਭੀੜ

ਇਸਲਾਮਾਬਾਦ- ਪਾਕਿਸਤਾਨ ਵਿਚ ਇਮਰਾਨ ਸਰਕਾਰ ਖ਼ਿਲਾਫ਼ ਸਾਂਝੀ ਵਿਰੋਧੀ ਧਿਰ (ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ) ਨੇ ਐਤਵਾਰ ਨੂੰ ਕਰਾਚੀ ਵਿਚ ਦੂਜੀ ਰੈਲੀ ਕੀਤੀ। 

ਰੈਲੀ ਵਿਚ ਇਕੱਠੀ ਹੋਈ ਲੋਕਾਂ ਦੀ ਭੀੜ ਨੇ ਇਮਰਾਨ ਖਾਨ ਅਤੇ ਪਾਕਿਸਤਾਨੀ ਫ਼ੌਜ ਦੀ ਨੀਂਦ ਉਡਾ ਦਿੱਤੀ ਹੈ। ਲੱਖਾਂ ਦੀ ਗਿਣਤੀ ਵਿਚ ਪੁੱਜੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਨੇਤਾਵਾਂ ਨੇ ਪਾਕਿਸਤਾਨੀ ਸਰਕਾਰ ’ਤੇ ਤਿੱਖੇ ਹਮਲੇ ਕੀਤੇ। 11 ਪਾਰਟੀਆਂ ਵਾਲੀ ਇਸ ਵਿਰੋਧੀ ਧਿਰ ਨੇ ਪਹਿਲੀ ਰੈਲੀ ਗੁੱਜਰਾਂਵਾਲਾ ’ਚ ਆਯੋਜਿਤ ਕੀਤੀ ਸੀ, ਜਿਸ ਦੀ ਅਗਵਾਈ ਮੌਲਾਨਾ ਫਜ਼ਲੁਰ ਰਹਿਮਾਨ ਕਰ ਰਹੇ ਹਨ। 

ਵਿਰੋਧੀ ਪਾਰਟੀਆਂ ਦੀ ਤੀਜੀ ਰੈਲੀ 25 ਅਕਤੂਬਰ ਨੂੰ ਕਵੇਟਾ ਵਿਚ ਹੋਵੇਗੀ, ਜਦਕਿ ਚੌਥੀ ਰੈਲੀ 22 ਨਵੰਬਰ ਨੂੰ ਪੇਸ਼ਾਵਰ ’ਚ ਅਤੇ ਪੰਜਵੀਂ ਰੈਲੀ 30 ਨਵੰਬਰ ਨੂੰ ਮੁਲਤਾਨ ਵਿਚ ਹੋਵੇਗੀ । ਅੰਤਿਮ ਰੈਲੀ 13 ਦਸੰਬਰ ਨੂੰ ਲਾਹੌਰ ਵਿਚ ਹੋਵੇਗੀ।

ਗਿਲਗਿਤ-ਬਾਲਤਿਸਤਾਨ ’ਚ ਵੀ ਸੜਕਾਂ 'ਤੇ ਉੱਤਰੇ ਲੋਕ-
ਗਿਲਗਿਤ-ਬਾਲਤਿਸਤਾਨ ’ਚ ਪਾਕਿਸਤਾਨ ਸਰਕਾਰ ਦੇ ਖ਼ਿਲਾਫ਼ ਲੋਕ ਫਿਰ ਸੜਕਾਂ ’ਤੇ ਉਤਰ ਆਏ ਤੇ ਜ਼ਬਰਦਸਤ ਪ੍ਰਦਰਸ਼ਨ ਕੀਤਾ।
ਗਿਲਗਿਤ-ਬਾਲਤਿਸਤਾਨ ਦੇ ਲੋਕਾਂ ਦੀ ਮੰਗ ਹੈ ਕਿ ਨਾਜਾਇਜ਼ ਹਿਰਾਸਤ ’ਚ ਰੱਖੇ ਸਰਗਰਮ ਵਰਕਰਾਂ ਅਤੇ ਹੋਰ ਨਿਰਦੋਸ਼ਾਂ ਨੂੰ ਰਿਹਾਅ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਦੇ ਸਥਾਨਕ ਪ੍ਰਸ਼ਾਸਨ ਅਤੇ ਸੰਘੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਗਿਲਗਿਤ-ਬਾਲਤਿਸਤਾਨ ਦੇ ਲੋਕਾਂ ਨੂੰ ਇਸਲਾਮਾਬਾਦ ਵਲੋਂ ਮਾਰਿਆ ਜਾ ਰਿਹਾ ਹੈ। ਕਿਸੇ ਵੀ ਮੰਗ ਜਾਂ ਅਸੰਤੋਸ਼ ਨੂੰ ਬੇਰਹਿਮੀ ਨਾਲ ਦਬਾਇਆ ਜਾ ਰਿਹਾ ਹੈ।

ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਨਵੰਬਰ ਦੀਆਂ ਨਿਰਧਾਰਿਤ ਚੋਣਾਂ ਤੋਂ ਪਹਿਲਾਂ ਸਾਰੇ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਤਾਂ ਉਹ ਪ੍ਰਦਰਸ਼ਨ ਹੋਰ ਤੇਜ਼ ਕਰਨ ਲਈ ਮਜ਼ਬੂਰ ਹੋਣਗੇ। 


author

Lalita Mam

Content Editor

Related News