ਕਰਾਚੀ ਤੋਂ ਅਗਵਾਹ ਹੋਈ 20 ਸਾਲਾ ਦੁਆ ਦਾ ਕੋਈ ਸੁਰਾਗ ਨਹੀਂ, ਸੜਕਾਂ ਤੋ ਸੋਸ਼ਲ ਮੀਡੀਆ ਤੱਕ ਰੋਸ

12/04/2019 11:40:08 PM

ਕਰਾਚੀ - ਕਰਾਚੀ ਦੇ ਪਾਸ਼ ਇਲਾਕੇ ਡਿਫੈਂਸ ਤੋਂ 1 ਦਸੰਬਰ ਨੂੰ ਅਗਵਾਹ ਕੀਤੀ ਗਈ ਨੌਜਵਾਨ ਕੁੜੀ ਦੁਆ ਨਿਸਾਰ ਮੰਗੀ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਸ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਦੁਆ ਨੂੰ ਅਗਵਾਹ ਕੀਤਾ ਅਤੇ ਉਸ ਦੇ ਦੋਸਤ ਨੂੰ ਗੋਲੀ ਮਾਰੀ ਸੀ, ਉਨ੍ਹਾਂ ਨੇ ਚੋਰੀ ਦੀ ਕਾਰ ਦਾ ਇਸਤੇਮਾਲ ਕੀਤਾ ਸੀ। ਪੁਲਸ ਨੇ ਆਖਿਆ ਕਿ ਉਹ ਵਿਦੇਸ਼ 'ਚ ਜਿਸ ਮਰਦ ਨੂੰ ਮਿਲੀ ਸੀ, ਉਹ ਇਸ ਘਟਨਾ 'ਚ ਸ਼ਾਮਲ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਉਹ ਆਪਣੇ ਇਕ ਦੋਸਤ ਦੇ ਨਾਲ ਸੜਕ 'ਤੇ ਘੁੰਮ ਰਹੀ ਸੀ, ਜਿਸ ਦੌਰਾਨ ਚੋਰੀ ਦੀ ਇਕ ਕਾਰ 'ਚ ਆਏ 4 ਬਦਮਾਸ਼ਾਂ ਨੇ ਉਸ ਨੂੰ ਅਗਵਾਹ ਕਰ ਲਿਆ।

ਇਸ ਦੌਰਾਨ ਬਚਾਅ ਕਰਨ 'ਤੇ ਬਦਮਾਸ਼ਾਂ ਨੇ ਦੁਆ ਦੇ ਦੋਸਤ ਹੈਰਿਸ ਸੋਮਰੋ 'ਤੇ ਗੋਲੀ ਚਲਾ ਦਿੱਤੀ, ਜੋ ਉਸ ਦੀ ਧੋਣ ਅਤੇ ਛਾਤੀ ਨਾਲ ਹੁੰਦੀ ਹੋਈ ਨਿਕਲ ਗਈ। ਹੈਰਿਸ ਨੂੰ ਸਥਾਨਕ ਹਸਪਤਾਲ 'ਚ ਲਿਜਾਇਆ ਗਿਆ ਸੀ, ਜਿਥੋਂ ਉਸ ਨੂੰ ਆਗਾ ਖਾਨ ਹਸਪਤਾਲ 'ਚ ਭੇਜ ਦਿੱਤਾ ਗਿਆ। ਫਿਲਹਾਲ ਉਹ ਆਪਣੀ ਸੱਟ ਤੋਂ ਉਬਰ ਰਿਹਾ ਹੈ। ਸਿੰਧ ਸੂਬੇ ਦੇ ਮੁੱਖ ਮੰਤਰੀ ਨੇ ਪੁਲਸ ਨੂੰ ਵਿਸ਼ੇਸ਼ ਟੀਮ ਦਾ ਗਠਨ ਕਰ ਦੁਆ ਨੂੰ ਜਲਦ ਤੋਂ ਜਲਦ ਬਰਾਮਦ ਕਰਨ ਦਾ ਨਿਰਦੇਸ਼ ਦਿੱਤਾ ਹੈ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਅਜੇ ਤੱਕ ਦੁਆ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਇਸ ਮਾਮਲੇ 'ਚ ਪੁਲਸ ਨੇ ਦੁਆ ਦੇ ਦੋਸਤਾਂ, ਪਰਿਵਾਰਕ ਮੈਂਬਰ ਅਤੇ ਵਿਰੋਧੀਆਂ ਸਮੇਤ 22 ਲੋਕਾਂ ਦੇ ਬਿਆਨ ਦਰਜ ਕੀਤੇ ਹਨ। ਸਥਾਨਕ ਮੀਡੀਆ ਦੀ ਰਿਪੋਰਟ 'ਚ ਆਖਿਆ ਗਿਆ ਹੈ ਕਿ ਪੁਲਸ ਉਸ ਵਿਅਕਤੀ ਦੀ ਭਾਲ ਕਰ ਰਹੀ ਹੈ, ਜਿਸ ਨਾਲ ਅਮਰੀਕਾ 'ਚ ਪੜ੍ਹਾਈ ਦੌਰਾਨ ਦੁਆ ਦੀ ਮੁਲਾਕਾਤ ਹੋਈ ਸੀ ਅਤੇ ਉਹ ਲਗਾਤਾਰ ਦੁਆ 'ਤੇ ਵਿਆਹ ਕਰਨ ਲਈ ਦਬਾਅ ਬਣਾ ਰਿਹਾ ਸੀ। ਦੁਆ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਹੈ ਕਿ ਕਰੀਬ 10 ਦਿਨ ਪਹਿਲਾਂ ਉਸ ਦੀ ਧੀ ਦਾ ਮੁਜ਼ੱਫਰ ਨਾਂ ਦੇ ਇਕ ਸ਼ਖਸ ਨਾਲ ਝੱਗੜਾ ਗੋਇਆ ਸੀ ਅਤੇ ਇਸ ਤੋਂ ਬਾਅਦ ਉਸ ਨੂੰ ਅਗਵਾਹ ਕਰਨ ਲਿਆ ਗਿਆ।

ਦੁਆ ਦੇ ਅਗਵਾਹ ਹੋਣ ਤੋਂ ਬਾਅਦ ਉਸ ਦੀ ਸੁਰੱਖਿਅਤ ਰਿਹਾਈ ਲਈ ਸੋਸ਼ਲ ਮੀਡੀਆ ਤੋਂ ਲੈ ਕੇ ਸੜਕ ਤੱਕ ਮੁਹਿੰਮ ਚਲਾਈ ਜਾ ਰਹੀ ਹੈ। 'ਜੰਗ' ਦੀ ਰਿਪੋਰਟ ਮੁਤਾਬਕ, 20 ਸਾਲਾ ਦੁਆ ਯੂਨੀਵਰਸਿਟੀ ਆਫ ਲੰਡਨ ਤੋਂ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ। ਉਸ ਦੇ ਫੇਸਬੁੱਕ ਪ੍ਰੋਫਾਈਲ 'ਚ ਲਿੱਖਿਆ ਹੈ ਕਿ ਉਹ ਔਰਤਾਂ ਦੇ ਅਧਿਕਾਰਾਂ ਲਈ ਆਵਾਜ਼ ਚੁੱਕਣ ਵਾਲੇ ਇਕ ਗਲੋਬਲ ਸੰਗਠਨ ਨਾਲ ਵੀ ਜੁੜੀ ਹੋਈ ਹੈ। ਜਿਓ ਟੀ. ਵੀ. ਮੁਤਾਬਕ, ਦੋਸ਼ੀਆਂ ਨੇ ਜਿਸ ਚੋਰੀ ਦੀ ਕਾਰ ਦਾ ਇਸਤੇਮਾਲ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਕੀਤਾ ਸੀ, ਉਸ ਨੂੰ ਕਰਾਚੀ 'ਚ ਪੀ. ਈ. ਸੀ. ਐੱਚ. ਐੱਸ. ਤੋਂ ਲਿਆਂਦਾ ਗਿਆ ਸੀ। ਇਕ ਅਲਗ ਰਿਪੋਰਟ 'ਚ ਜਿਓ ਟੀ. ਵੀ. ਨੇ ਇਹ ਵੀ ਆਖਿਆ ਹੈ ਕਿ ਮਾਮਲੇ 'ਚ 2 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਇਸ ਘਟਨਾ ਨਾਲ ਉਨ੍ਹਾਂ ਦਾ ਕੀ ਸਬੰਧ ਹੈ, ਇਸ ਦੇ ਬਾਰੇ 'ਚ ਕੋਈ ਜਾਣਕਾਰੀ ਫਿਲਹਾਲ ਨਹੀਂ ਮਿਲੀ ਹੈ।


Khushdeep Jassi

Content Editor

Related News