ਭਾਰਤੀਆਂ ਨੂੰ ਚੜ੍ਹਿਆ ਕਮਲਾ ਹੈਰਿਸ ਦੀ ਰਾਸ਼ਟਰਪਤੀ ਉਮੀਦਵਾਰੀ ਦਾ ਚਾਅ

01/22/2019 1:50:54 PM

ਵਾਸ਼ਿੰਗਟਨ(ਭਾਸ਼ਾ)— ਭਾਰਤੀ ਮੂਲ ਦੀ ਪਹਿਲੀ ਸੈਨੇਟਰ ਕਮਲਾ ਹੈਰਿਸ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਦਾਅਵੇਦਾਰੀ ਪੇਸ਼ ਕੀਤੀ ਹੈ, ਜਿਸ ਕਾਰਨ ਭਾਰਤੀ-ਅਮਰੀਕੀ ਭਾਈਚਾਰਾ ਬਹੁਤ ਉਤਸ਼ਾਹਿਤ ਹੈ। ਭਾਰਤੀ-ਅਮਰੀਕੀ ਭਾਈਚਾਰੇ ਨੇ ਕਮਲਾ ਦੀ ਦਾਅਵੇਦਾਰੀ ਦੀ ਘੋਸ਼ਣਾ ਦਾ ਸਵਾਗਤ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 2020 ਦੀਆਂ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਵਲੋਂ ਚੁਣੌਤੀ ਦੇਣ ਲਈ 54 ਸਾਲਾ ਕਮਲਾ ਹੈਰਿਸ ਨੇ ਸੋਮਵਾਰ ਨੂੰ ਅਧਿਕਾਰਕ ਤੌਰ 'ਤੇ ਆਪਣੀ ਮੁਹਿੰਮ ਸ਼ੁਰੂ ਕੀਤੀ।
ਉਨ੍ਹਾਂ ਕਿਹਾ ਕਿ ਉਹ ਅਜਿਹੇ ਦਿਨ ਆਪਣੀ ਦਾਅਵੇਦਾਰੀ ਦੀ ਘੋਸ਼ਣਾ ਕਰ ਰਹੀ ਹੈ ਜਿਸ ਦਿਨ ਅਮਰੀਕੀ ਲੋਕ ਮਹਾਤਮਾ ਗਾਂਧੀ ਨੂੰ ਪ੍ਰੇਰਣਾਸਰੋਤ ਮੰਨਣ ਵਾਲੇ ਮਾਰਟਿਨ ਲੂਥਰ ਕਿੰਗ ਜੂਨੀਅਰ ਦਾ ਜਸ਼ਨ ਮਨਾ ਰਹੇ ਹਨ।
ਡੈਮੋਕ੍ਰੇਟਿਕ ਪਾਰਟੀ ਦੀ ਉੱਭਰਦੀ ਹੋਈ ਨੇਤਾ ਅਤੇ ਰਾਸ਼ਟਰਪਤੀ ਟਰੰਪ ਦੀ ਮੁਖ ਆਲੋਚਕ ਕਮਲਾ ਹੈਰਿਸ ਅਗਲੇ ਸਾਲ ਹੋਣ ਵਾਲੀਆਂ ਚੋਣਾਂ 'ਚ ਪਾਰਟੀ ਵਲੋਂ ਚੁਣੀ ਗਈ ਚੌਥੀ ਦਾਅਵੇਦਾਰ ਹੈ। ਇੰਡੀਆਸਪੋਰਾ ਦੇ ਸੰਸਥਾਪਕ ਅਤੇ ਮੁਖੀ ਸਮਾਜ ਸੇਵਕ ਐੱਮ. ਆਰ ਰੰਗਾਸਵਾਮੀ ਨੇ ਦੱਸਿਆ,''ਆਪਣੇ ਕਿਸੇ ਵਿਅਕਤੀ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣੇ ਦੇਖਣਾ ਭਾਰਤੀ-ਅਮਰੀਕੀ ਭਾਈਚਾਰੇ ਲਈ ਮਾਣ ਵਾਲਾ ਪਲ ਹੈ।'' ਇੰਡੀਅਨ ਅਮਰੀਕਨ ਈਫੈਕਟ ਫੰਡ ਨੇ ਕਿਹਾ ਕਿ ਉਹ ਸੈਨੇਟਰ ਕਮਲਾ ਹੈਰਿਸ ਦੀ ਘੋਸ਼ਣਾ ਕਾਰਨ ਬਹੁਤ ਉਤਸ਼ਾਹਿਤ ਹਨ।


Related News