ਪੰਜਾਬੀ ਮਾਂ-ਬੋਲੀ ਦੀ ਰੱਖਿਆ ਲਈ ਮਾਨ ਸਰਕਾਰ ਦਾ ਵੱਡਾ ਕਦਮ! ਹਰ ਭਾਸ਼ਾ ਦੀ ਕਿਤਾਬ ''ਚ ਹੋਵੇਗਾ ਗੁਰਮੁੱਖੀ ਦਾ ਪੰਨਾ
Thursday, Dec 25, 2025 - 09:21 PM (IST)
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਇੱਕ ਇਨਕਲਾਬੀ ਅਤੇ ਭਾਵਨਾਤਮਕ ਬਦਲਾਅ ਲਿਆਉਣ ਦਾ ਫੈਸਲਾ ਲਿਆ ਹੈ। ਆਪਣੀ ‘ਮਾਂ ਬੋਲੀ’ ਪੰਜਾਬੀ ਤੇ ਗੁਰਮੁੱਖੀ ਲਿਪੀ ਨਾਲ ਨਵੀਂ ਪੀੜ੍ਹੀ ਦੇ ਜੁੜਾਅ ਨੂੰ ਡੂੰਘਾ ਕਰਨ ਲਈ ਸਿੱਖਿਆ ਵਿਭਾਗ ਨੇ ਇਹ ਇਤਿਹਾਸਕ ਫੈਸਲਾ ਲਿਆ ਹੈ ਕਿ ਆਉਣ ਵਾਲੇ ਸਿੱਖਿਆ ਸੈਸ਼ਨ 2026-27 ਤੋਂ ਜਮਾਤ ਪਹਿਲੀ ਤੋਂ ਬਾਰ੍ਹਵੀਂ ਤੱਕ ਦੀਆਂ ਸਾਰੀਆਂ ਭਾਸ਼ਾਵਾਂ ਦੀਆਂ ਕਿਤਾਬਾਂ 'ਭਾਵੇਂ ਉਹ ਅੰਗਰੇਜ਼ੀ ਹੋਵੇ ਜਾਂ ਹਿੰਦੀ'' ਵਿੱਚ ਗੁਰਮੁੱਖੀ ਵਰਣਮਾਲਾ ਦਾ ਇੱਕ ਸਮਰਪਿਤ ਪੰਨਾ ਲਾਜ਼ਮੀ ਤੌਰ ’ਤੇ ਸ਼ਾਮਲ ਕੀਤਾ ਜਾਵੇਗਾ।
ਇਹ ਪਹਿਲ ਸਿਰਫ਼ ਇੱਕ ਸਿੱਖਿਆ ਸੁਧਾਰ ਨਹੀਂ ਹੈ, ਸਗੋਂ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਘਰ-ਘਰ ਪਹੁੰਚਾਉਣ ਦਾ ਇੱਕ ਮਿਸ਼ਨ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੁਆਰਾ ਤਿਆਰ ਕੀਤੀਆਂ ਜਾ ਰਹੀਆਂ ਇਨ੍ਹਾਂ ਨਵੀਆਂ ਕਿਤਾਬਾਂ ਦੇ ਜ਼ਰੀਏ ਸੂਬੇ ਦੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਲਗਭਗ 60 ਲੱਖ ਵਿਦਿਆਰਥੀ ਆਪਣੀਆਂ ਜੜ੍ਹਾਂ ਨਾਲ ਜੁੜਨਗੇ। ਅਕਸਰ ਇਹ ਦੇਖਿਆ ਗਿਆ ਹੈ ਕਿ ਅੰਗਰੇਜ਼ੀ ਮਾਧਿਅਮ ਦੇ ਵਧਦੇ ਪ੍ਰਭਾਵ ਕਾਰਨ ਬੱਚੇ ਆਪਣੀ ਮੂਲ ਲਿਪੀ ਤੋਂ ਦੂਰ ਹੁੰਦੇ ਜਾ ਰਹੇ ਸਨ, ਪਰ ਹੁਣ ਜਦੋਂ ਵੀ ਕੋਈ ਵਿਦਿਆਰਥੀ ਆਪਣੀ ਅੰਗਰੇਜ਼ੀ ਜਾਂ ਹਿੰਦੀ ਦੀ ਕਿਤਾਬ ਖੋਲ੍ਹੇਗਾ, ਤਾਂ ਉਸਨੂੰ ਸਭ ਤੋਂ ਪਹਿਲਾਂ ਗੁਰਮੁੱਖੀ ਦੇ ਅੱਖਰਾਂ ਦੇ ਦਰਸ਼ਨ ਹੋਣਗੇ। ਹਿੰਦੀ ਅਤੇ ਅੰਗਰੇਜ਼ੀ ਦੀ ਵਰਣਮਾਲਾ ਦੇ ਬਿਲਕੁਲ ਹੇਠਾਂ ਗੁਰਮੁੱਖੀ ਅੱਖਰਾਂ ਨੂੰ ਜਗ੍ਹਾ ਦੇ ਕੇ ਸਰਕਾਰ ਨੇ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਪੰਜਾਬ ਦੀ ਧਰਤੀ ’ਤੇ ‘ਊੜਾ-ਐੜਾ’ ਦਾ ਸਥਾਨ ਸਭ ਤੋਂ ਉੱਪਰ ਹੈ।
ਤਾਜ਼ਾ ਸਰਵੇਖਣਾਂ ਅਤੇ ‘ਪ੍ਰਥਮ’ (ASER) ਦੀਆਂ ਰਿਪੋਰਟਾਂ ਵਿੱਚ ਇਹ ਚਿੰਤਾਜਨਕ ਤੱਥ ਸਾਹਮਣੇ ਆਏ ਸਨ ਕਿ ਕਈ ਵਿਦਿਆਰਥੀ ਗੁਰਮੁੱਖੀ ਲਿਪੀ ਨੂੰ ਸਹੀ ਢੰਗ ਨਾਲ ਪੜ੍ਹਨ ਵਿੱਚ ਮੁਸ਼ਕਲ ਮਹਿਸੂਸ ਕਰ ਰਹੇ ਹਨ। ਇਨ੍ਹਾਂ ਅੰਕੜਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਮਾਨ ਨੇ ਸਿੱਖਿਆ ਵਿਭਾਗ ਨੂੰ ਹਿਦਾਇਤਾਂ ਦਿੱਤੀਆਂ ਕਿ ਪੰਜਾਬੀ ਭਾਸ਼ਾ ਦੇ ਗਿਆਨ ਨੂੰ ਸਿਰਫ਼ ਇੱਕ ਵਿਸ਼ੇ ਤੱਕ ਸੀਮਤ ਨਾ ਰੱਖ ਕੇ ਇਸਨੂੰ ਵਿਦਿਆਰਥੀ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਇਆ ਜਾਵੇ। ਪੰਜਾਬੀ ਦੀਆਂ ਪਾਠ-ਪੁਸਤਕਾਂ ਵਿੱਚ ਤਾਂ ਇਹ ਅੱਖਰ ਪ੍ਰਸਤਾਵਨਾ ਤੋਂ ਪਹਿਲਾਂ ਅਤੇ ਕਿਤਾਬ ਦੇ ਅੰਤ ਵਿੱਚ ਹੋਣਗੇ ਹੀ, ਪਰ ਹੋਰ ਭਾਸ਼ਾਵਾਂ ਦੀਆਂ ਕਿਤਾਬਾਂ ਵਿੱਚ ਵੀ ਇਨ੍ਹਾਂ ਦੀ ਮੌਜੂਦਗੀ ਵਿਦਿਆਰਥੀਆਂ ਦੇ ਮਾਨਸ ਪਟਲ ’ਤੇ ਮਾਤ-ਭਾਸ਼ਾ ਦੀ ਛਾਪ ਨੂੰ ਡੂੰਘਾ ਕਰੇਗੀ।
ਪੰਜਾਬ ਸਰਕਾਰ ਦਾ ਇਹ ਕਦਮ ਉਨ੍ਹਾਂ ਮਾਪਿਆਂ ਅਤੇ ਬਜ਼ੁਰਗਾਂ ਲਈ ਇੱਕ ਵੱਡਾ ਤੋਹਫ਼ਾ ਹੈ ਜੋ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀਅਤ ਤੋਂ ਦੂਰ ਹੁੰਦਾ ਦੇਖ ਚਿੰਤਤ ਸਨ। ਆਪਣੀ ਭਾਸ਼ਾ ਪ੍ਰਤੀ ਇਹ ਸਮਰਪਣ ਦਰਸਾਉਂਦਾ ਹੈ ਕਿ ਮੌਜੂਦਾ ਸਰਕਾਰ ਪੰਜਾਬ ਦੇ ਭਵਿੱਖ ਨੂੰ ਨਾ ਸਿਰਫ਼ ਆਧੁਨਿਕ ਸਿੱਖਿਆ ਨਾਲ ਲੈਸ ਕਰ ਰਹੀ ਹੈ, ਸਗੋਂ ਉਨ੍ਹਾਂ ਨੂੰ ਆਪਣੀ ਸ਼ਾਨਦਾਰ ਵਿਰਾਸਤ ’ਤੇ ਮਾਣ ਕਰਨਾ ਵੀ ਸਿਖਾ ਰਹੀ ਹੈ। ਇਹ ਫੈਸਲਾ ਆਉਣ ਵਾਲੇ ਸਮੇਂ ਵਿੱਚ ਸੂਬੇ ਦੀ ਭਾਸ਼ਾਈ ਕੁਸ਼ਲਤਾ ਨੂੰ ਨਵੀਆਂ ਉੱਚਾਈਆਂ ’ਤੇ ਲੈ ਜਾਵੇਗਾ ਅਤੇ ਹਰ ਪੰਜਾਬੀ ਵਿਦਿਆਰਥੀ ਨੂੰ ਆਪਣੀ ਮਾਤ-ਭਾਸ਼ਾ ਦਾ ਸੱਚਾ ਸੰਵਾਹਕ ਬਣਾਵੇਗਾ।
