ਕੋਰੋਨਾ ਨੂੰ ਹਰਾਉਣ ਤੋਂ ਬਾਅਦ ਪਹਿਲੀ ਵਾਰ ''ਹਾਊਸ ਆਫ ਕਾਮਨਸ'' ਪਹੁੰਚੇ PM ਜਾਨਸਨ
Thursday, May 07, 2020 - 02:01 AM (IST)
ਲੰਡਨ - ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਏ ਜਾਣ ਤੋਂ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਪਹਿਲੀ ਵਾਰ ਦੇਸ਼ ਦੇ ਹੇਠਲੇ ਸਦਨ 'ਹਾਊਸ ਆਫ ਕਾਮਨਸ' ਵਿਚ ਬੁੱਧਵਾਰ ਨੂੰ ਹਾਜ਼ਰ ਹੋਏ। ਜਾਨਸਨ ਦੀ ਸਿਹਤ ਖਰਾਬ ਹੋ ਜਾਣ ਕਾਰਨ ਉਨ੍ਹਾਂ ਨੂੰ ਪਿਛਲੇ ਮਹੀਨੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਪ੍ਰਧਾਨ ਮੰਤਰੀ ਤੋਂ ਪੁੱਛੇ ਜਾਣ ਦੇ ਸੈਸ਼ਨ ਵਿਚ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਕੀਅਰ ਸਟਾਰਮਰ ਨੇ ਜਾਨਸਨ ਤੋਂ ਗਲੋਬਲ ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰ ਦੀ ਰਣਨੀਤੀ ਦੇ ਸਬੰਧ ਵਿਚ ਇਕ ਸਵਾਲ ਪੁੱਛਿਆ, ਜਿਸ ਦਾ ਜਵਾਬ ਦਿੰਦੇ ਹੋਏ ਬਿ੍ਰਟਿਸ਼ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਦੇਸ਼ ਵਿਚ ਕੋਰੋਨਾਵਾਇਰਸ ਸਬੰਧੀ ਰੁਜ਼ਾਨਾ ਹੋਣ ਵਾਲੀ ਜਾਂਚ ਦੀ ਗਿਣਤੀ ਦੇ ਟੀਕੇ ਨੂੰ ਮਈ ਦੇ ਆਖਿਰ ਤੱਕ ਦੁਗਣਾ ਕਰਕੇ 2 ਲੱਖ ਕਰ ਦਿੱਤੀ ਜਾਵੇਗੀ।
ਉਨ੍ਹਾਂ ਨੇ ਸਟਾਰਮਰ ਦੇ ਸਵਾਲ ਦੇ ਜਵਾਬ ਵਿਚ ਆਖਿਆ ਕਿ ਅਸੀਂ ਹਰ ਰੋਜ਼ ਇਕ ਲੱਖ ਨਮੂਨਿਆਂ (ਬਲੱਡ ਟੈਸਟ) ਦੀ ਜਾਂਚ ਕਰ ਰਹੇ ਹਾਂ ਅਤੇ ਸਾਡਾ ਟੀਚਾ ਇਸ ਮਹੀਨੇ ਦੇ ਆਖਿਰ ਤੱਕ ਹਰ ਰੋਜ਼ 2 ਲੱਖ ਲੋਕਾਂ ਦੀ ਜਾਂਚ ਕਰਨਾ ਹੈ ਅਤੇ ਇਸ ਤੋਂ ਬਾਅਦ ਇਸ ਗਿਣਤੀ ਨੂੰ ਹੋਰ ਵਧਾਉਣਾ ਹੈ। ਜਾਨਸਨ ਨੇ ਸੰਸਦ ਮੈਂਬਰਾਂ ਨੂੰ ਆਖਿਆ ਕਿ ਬਿ੍ਰਟੇਨ ਦੀ ਅਰਥ ਵਿਵਸਥਾ ਨੂੰ ਜਲਦ ਪਟੜੀ 'ਤੇ ਲਿਆਉਣ ਲਈ ਜਾਂਚ ਗਿਣਤੀ ਵਧਾਏ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਵਾਇਰਸ ਨੂੰ ਕਾਬੂ ਕਰਨ ਲਈ ਲਾਗੂ ਕੀਤੇ ਗਏ ਲਾਕਡਾਊਨ ਵਿਚ ਢਿੱਲ ਦੇਣ ਦੇ ਸਬੰਧ ਵਿਚ ਅਗਲੇ ਸੋਮਵਾਰ ਨੂੰ ਸੰਸਦ ਵਿਚ ਬਿਆਨ ਜਾਰੀ ਕੀਤਾ ਜਾਵੇਗਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਾਨਸਨ ਐਤਵਾਰ ਨੂੰ ਟੀ. ਵੀ. ਦੇ ਜ਼ਰੀਏ ਦੇਸ਼ ਨੂੰ ਸੰਬੋਧਿਤ ਕਰਨਗੇ, ਜਿਸ ਵਿਚ ਉਹ ਬਿ੍ਰਟੇਨ ਦੀ ਅਰਥ ਵਿਵਸਥਾ ਨੂੰ ਫਿਰ ਤੋਂ ਅੱਗੇ ਵਧਾਉਣ ਦੇ ਸਬੰਧੀ ਜਾਣਕਾਰੀ ਦੇਣਗੇ। ਜਾਨਸਨ ਦੇ 26 ਮਾਰਚ ਨੂੰ ਕੋਵਿਡ-19 ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਸੀ ਅਤੇ ਉਨ੍ਹਾਂ ਨੂੰ ਇਸ ਤੋਂ 10 ਦਿਨ ਬਾਅਦ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਉਸ ਦੇ ਅਗਲੇ ਹੀ ਦਿਨ ਉਨ੍ਹਾਂ ਨੂੰ ਆਈ. ਸੀ. ਯੂ. ਲਿਜਾਇਆ ਗਿਆ। ਉਨ੍ਹਾਂ ਨੂੰ 12 ਅਪ੍ਰੈਲ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ।